ਗਰੀਬੀ: ਹੈਰਾਨੀਕੁਨ ਹੈ ਪੀਲ ਰੀਜਨ ਦੀ 2% ਤੋਂ 52% ਤੱਕ ਦੀ ਯਾਤਰਾ

1980 ਵਿੱਚ ਪੀਲ ਰੀਜਨ (ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਾਨ) ਦੀ ਜਨਸੰਖਿਆ ਵਿੱਚੋਂ ਸਿਰਫ਼ 2% ਲੋਕ ਸਨ ਜਿਹਨਾਂ ਬਾਰੇ ਸਮਝਿਆ ਜਾਂਦਾ ਸੀ ਕਿ ਉਹ ਗਰੀਬੀ ਵਾਲਾ ਜੀਵਨ ਬਤੀਤ ਕਰਦੇ ਹਨ। ਬੀਤੇ ਦਿਨੀਂ ਯੂਨਾਈਟਡ ਵੇਅ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ 2015 ਵਿੱਚ ਇਹ ਗਿਣਤੀ ਵੱਧ ਕੇ 52% ਤੱਕ ਪੁੱਜ ਚੁੱਕੀ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਜੋ ਆਮਦਨ ਕਿਸੇ ਵਿਅਕਤੀ ਨੂੰ ਟੋਰਾਂਟੋ ਵਿੱਚ ਗਰੀਬ ਬਣਾਉਂਦੀ ਹੈ, ਬਰੈਂਪਟਨ ਵਿੱਚ ਉੱਨੀ ਹੀ ਆਮਦਨ ਕਮਾਉਣ ਵਾਲੇ ਨੂੰ ਗਰੀਬ ਨਹੀਂ ਕਿਹਾ ਜਾਂਦਾ। ਜੇ ਕੋਈ ਬਰੈਂਪਟਨ ਵਾਸੀ ਟੋਰਾਂਟੋ ਵਾਸੀਆਂ ਦੀ ਔਸਤ ਆਮਦਨ ਦਾ 60% ਤੋਂ 80% ਕਮਾਉਂਦਾ ਹੈ ਤਾਂ ਹੀ ਉਸਨੂੰ ਗਰੀਬ ਮੰਨਿਆ ਜਾਵੇਗਾ। 2015 ਵਿੱਚ ਟੋਰਾਂਟੋ ਵਿੱਚ ਔਸਤ ਆਮਦਨ 50 ਹਜ਼ਾਰ ਡਾਲਰ ਸੀ ਜਿਸਦਾ ਅਰਥ ਹੈ ਕਿ ਪੀਲ ਵਿੱਚ ਵਿੱਚ ਸਾਲਾਨਾ 30 ਤੋਂ 40 ਹਜ਼ਾਰ ਡਾਲਰ ਕਮਾਉਣ ਵਾਲੇ ਲੋਕਾਂ ਨੂੰ ਗਰੀਬੀ ਵਿੱਚ ਰਹਿੰਦੇ ਮੰਨਿਆ ਜਾਵੇਗਾ ਜਿਹਨਾਂ ਦੀ ਗਿਣਤੀ 52% ਤੋਂ ਵੱਧ ਹੈ।

ਇਹ ਖਤਰਨਾਕ ਸੰਕੇਤ ਹੈ ਵਿਸ਼ੇਸ਼ ਕਰਕੇ ਇਸ ਤੱਥ ਦੇ ਸਾਹਮਣੇ ਕਿ ਪੀਲ ਰੀਜਨ ਵਿੱਚ ਪਰਵਾਸੀਆਂ ਦੀ ਗਿਣਤੀ ਵੀ 55% ਤੋਂ ਵੱਧ ਹੈ। ਪਰਵਾਸੀ ਜਨਸੰਖਿਆ ਦਾ ਉਹ ਹਿੱਸਾ ਹਨ ਜਿਹਨਾਂ ਦੀ ਆਮਦਨ ਲਗਾਤਾਰ ਥੱਲੇ ਜਾ ਰਹੀ ਹੈ। ਯੂਨਾਈਟਡ ਵੇਅ ਮੁਤਾਬਕ ਗਰੀਬਾਂ ਅਤੇ ਅਮੀਰਾਂ ਦੀ ਆਮਦਨ ਵਿੱਚ ਵੱਧ ਰਿਹਾ ਪਾੜਾ ਉਂਟੇਰੀਓ ਵਿੱਚ ਸਾਡੇ ਸਮਿਆਂ ਦੀ ਸੱਭ ਤੋਂ ਵੱਡੀ ਚੁਣੌਤੀ ਹੈ। ਖੋਜ ਦੱਸਦੀ ਹੈ ਕਿ ਜਿਹਨਾਂ ਲੋਕਾਂ ਦੀ ਆਮਦਨ ਘੱਟ ਹੁੰਦੀ ਚਲੀ ਜਾਂਦੀ ਹੈ, ਉਹ ਕੋਲ ਉਪਲਬਧ ਅਵਸਰਾਂ ਤੋਂ ਲਾਭ ਲੈਣ ਦੀ ਸਮਰੱਥਾ ਵੀ ਕਮਜ਼ੋਰ ਹੋ ਜਾਂਦੀ ਹੈ। ਯੂਨਾਈਟਡ ਵੇਅ ਦੀ ਰਿਪੋਰਟ ਮੁਤਾਬਕ ਪੀਲ ਰੀਜਨ ਵਿੱਚ ਵੱਧ ਰਹੀ ਗਰੀਬੀ ਦਾ ਸਿੱਧਾ ਪ੍ਰਭਾਵ ਇਹ ਹੈ ਕਿ ਰੀਜਨ ਵਿੱਚ ਹਾਉਸਿੰਗ (ਮਕਾਨਾਂ ਦੀ ਉਪਲਬਧਤਾ), ਵਿੱਦਿਆ (ਯੂਨੀਵਰਸਿਟੀਆਂ ਕਾਲਜ, ਸਕੂਲ), ਸਿਹਤ (ਵਿਸ਼ੇਸ਼ ਕਰਕੇ ਹਸਪਤਾਲ) ਸੇਵਾਵਾਂ ਉੱਤੇ ਲੋੜੋਂ ਵੱਧ ਭਾਰ ਪਿਆ ਹੈ। ਯੂਨਾਈਟਡ ਵੇਅ ਦੀ ਰਿਪੋਰਟ ਜੋ ਗੱਲ ਅੰਕੜਿਆਂ ਦੇ ਸਹਾਰੇ ਕਰਦੀ ਹੈ, ਪੀਲ ਰੀਜਨ ਦੇ ਵਾਸੀ ਉਸਨੂੰ ਨਿੱਤ ਦਿਨ ਆਪਣੇ ਹੱਢੀਂ ਹੰਢਾਉਂਦੇ ਹਨ।

ਕੈਨੇਡੀਅਨ ਸੈਂਟਰ ਫਾਰ ਪਾਲਸੀ ਆਲਟਰਨੇਟਿਵਜ਼ (Canadian Centre for Policy Alternatives)  ਮੁਤਾਬਕ ਉਂਟੇਰੀਓ ਵਿੱਚ ਆਮਦਨ ਦਾ ਪਾੜਾ ਕੈਨੇਡਾ ਦੇ ਹੋਰ ਪ੍ਰੋਵਿੰਸਾਂ ਦੇ ਮੁਕਾਬਲੇ ਕਿਤੇ ਵੱਧ ਤੇਜੀ ਨਾਲ ਵੱਡਾ ਹੋ ਰਿਹਾ ਹੈ। ਜਿੱਥੇ ਉੱਪਰਲੇ 50% ਹਿੱਸੇ ਦੀ ਆਮਦਨ ਲਗਾਤਾਰ ਵੱਧ ਰਹੀ ਹੈ, ਉੱਥੇ ਥੱਲੜੇ 50% ਦੀ ਆਮਦਨ ਵਿੱਚ ਬਿਨਾ ਰੋਕ ਗਿਰਾਵਟ ਆ ਰਹੀ ਹੈ। ਜੇਕਰ ਸਾਲ 2000 ਵਿੱਚ ਉਂਟੇਰੀਓ ਦੀ ਗਰੀਬ 50 ਜਨਸੰਖਿਆ ਪ੍ਰੋਵਿੰਸ ਦੀ ਕੁੱਲ ਆਮਦਨ ਦਾ 22% ਕਮਾਉਂਦੀ ਸੀ, 2015 ਵਿੱਚ ਇਹ ਹਿੱਸਾ ਥੱਲੇ ਡਿੱਗ ਕੇ 19% ਉੱਤੇ ਆ ਗਿਆ ਹੈ। ਭਾਵ ਉਂਟੇਰੀਓ ਦੇ 50% ਲੋਕ ਉਹ ਹਨ ਜੋ ਕੁੱਲ ਆਮਦਨ ਦਾ ਸਿਰਫ਼ 19% ਕਮਾਉਂਦੇ ਹਨ। ਇਸਦੇ ਉਲਟ ਜੇ ਸਾਲ 2000 ਵਿੱਚ ਟੌਪ 50% ਲੋਕ ਪ੍ਰੋਵਿੰਸ ਦੀ ਕੁੱਲ ਆਮਦਨ ਦਾ 78% ਕਮਾਉਂਦੇ ਸਨ, 2015 ਵਿੱਚ ਇਸ ਵਰਗ ਦਾ ਹਿੱਸਾ 81% ਉੱਤੇ ਪੁੱਜ ਗਿਆ ਹੈ। ਪ੍ਰੋਵਿੰਸ ਦੇ ਟੌਪ 10% ਆਮਦਨ ਕਮਾਉਣ ਵਾਲੇ ਪਰਿਵਾਰ ਔਸਤ ਉਂਟੇਰੀਓ ਪਰਿਵਾਰਾਂ ਨਾਲੋਂ 190% ਵੱਧ ਕਮਾਈ ਕਰਦੇ ਹਨ।

ਜਦੋਂ ਕਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਵੱਲੋਂ ਗਰੀਬੀ ਦੇ ਪਰੀਪੇਖ ਵਿੱਚ ਗੱਲ ਕੀਤੀ ਜਾਂਦੀ ਹੈ ਤਾਂ ਉਹ ਅਕਸਰ ਮੱਧ ਵਰਗੀ ਪਰਿਵਾਰਾਂ ਨੂੰ ਸੁਪੋਰਟ ਦੇਣ ਦੀ ਗੱਲ ਕਰਦੇ ਹਨ। ਹਕੀਕਤ ਵਿੱਚ ਸਮੁੱਚੀ ਯੋਜਨਾਬੰਦੀ ਦਾ ਧਿਆਨ ਗਰੀਬ ਪਰਿਵਾਰਾਂ ਉੱਤੇ ਹੋਣਾ ਚਾਹੀਦਾ ਹੈ ਕਿਉਂਕਿ ਇਹ ਗਰੀਬ ਹਨ ਜੋ ਹੋਰ ਗਰੀਬੜੇ ਹੁੰਦੇ ਜਾ ਰਹੇ ਹਨ। ਗਰੀਬੀ ਦੇ ਮਸਲੇ ਨੂੰ ਹੱਲ ਕਰਨ ਲਈ ਜੁੰਮੇਵਾਰ ਅਧਿਕਾਰੀਆਂ ਨੂੰ ਵਿਸ਼ੇਸ਼ ਧਿਆਨ ਦੇਣਾ ਹੋਵੇਗਾ ਕਿ ਘੱਟ-ਤਨਖਾਹ ਅਤੇ ‘ਅੱਜ ਗਈ ਕੱਲ ਗਈ’ ਟੈਂਪਰੇਰੀ ਜੌਬ ਦੇ ਮਸਲੇ ਨੂੰ ਕਿਵੇਂ ਹੱਲ ਕੀਤਾ ਜਾਵੇ।

ਜਿਸ ਤੱਥ ਨੂੰ ਇੱਥੇ ਉਭਾਰਿਆ ਜਾ ਰਿਹਾ ਹੈ, ਉਸ ਤੱਥ ਦੀ ਗਵਾਹੀ ਬਰੈਂਪਟਨ ਦੇ ਹਰ ਵੱਡੇ ਇੰਟਰਸੈਕਸ਼ਨ ਉੱਤੇ ਲੱਗੇ ‘ਵਰਕਰ ਵਾਂਟਡ’ ‘ਵੇਅਰ ਹਾਊਸ ਐਸੋਸੀਏਟ ਵਾਂਟਡ’ ਦੇ ਸਾਈਨ ਗਵਾਹੀ ਭਰਦੇ ਹਨ। ਰਿਪੋਰਟ ਦੱਸਦੀ ਹੈ ਕਿ ਨੌਕਰੀਆਂ ਦੇ ਮੈਨੂਫੈਕਚਰਿੰਗ ਤੋਂ ਬਦਲ ਕੇ ਵੇਅਰ-ਹਾਊਸ ਸਟਾਈਲ ਬਣਨ ਨਾਲ ਆਮ ਆਦਮੀ ਦੀ ਸਥਿਤੀ ਥੱਲੇ ਡਿੱਗਦੀ ਜਾ ਰਹੀ ਹੈ। ਗਰੀਬਾਂ ਅਤੇ ਅਮੀਰਾਂ ਦੀ ਆਮਦਨ ਵਿੱਚ ਵੱਧ ਰਿਹਾ ਪਾੜਾ ਅਤੇ ਗਰੀਬੀ ਦੋ ਮੁੱਖ ਚੀਜ਼ਾਂ ਹਨ ਜੋ ਪਰਿਵਾਰਾਂ ਲਈ ਆਪਣੇ ਹਾਲਾਤਾਂ ਵਿੱਚੋਂ ਬਾਹਰ ਨਿਕਲਣ ਨੂੰ ਮੁਸ਼ਕਲ ਬਣਾ ਰਹੀਆਂ ਹਨ।