ਗਰਲਜ਼ ਸਕੂਲਾਂ ਵਿੱਚ ਵੱਡੀ ਉਮਰ ਦੇ ਟੀਚਰ ਲਾਉਣ ਦਾ ਫੈਸਲਾ ਅਜੇ ਨਹੀਂ ਹੋਇਆ : ਅਰੁਣਾ ਚੌਧਰੀ


ਚੰਡੀਗੜ੍ਹ, 9 ਫਰਵਰੀ (ਪੋਸਟ ਬਿਊਰੋ)- ਪੰਜਾਬ ਦੀ ਸਿਖਿਆ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਹੈ ਕਿ ਲੜਕੀਆਂ ਦੇ ਸਕੂਲਾਂ ਵਿੱਚ ਸਿਰਫ ਵੱਡੀ ਉਮਰ ਦੇ ਅਧਿਆਪਕਾਂ ਹੀ ਨਿਯੁਕਤ ਕਰਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ। ਵਰਨਣ ਯੋਗ ਹੈ ਕਿ ਸਿਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਨਵੀਂ ਤਬਾਦਲਾ ਨੀਤੀ ਦਾ ਖਰੜਾ ਜਾਰੀ ਹੋਇਆ ਤਾਂ ਉਸ ਵਿੱਚ ਸ਼ਾਮਲ ਤਜਵੀਜ਼ਾਂ ਵਿੱਚ ਇਸ ਗੱਲ ਦਾ ਜ਼ਿਕਰ ਸੀ ਕਿ ਲੜਕੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਸਕੂਲਾਂ ਵਿੱਚ 50 ਸਾਲ ਤੋਂ ਵੱਧ ਉਮਰ ਦੇ ਟੀਚਰ ਹੀ ਲਾਏ ਜਾਣ ਤੇ 50 ਸਾਲ ਤੋਂ ਹੇਠਲੀ ਉਮਰ ਵਾਲੇ ਟੀਚਰਾਂ ਨੂੰ ਹੋਰਨਾਂ ਸਕੂਲਾਂ ਵਿੱਚ ਤੈਨਾਤ ਕੀਤਾ ਜਾਏਗਾ। ਇਹ ਨਵਾਂ ਖਰੜਾ ਸਾਹਮਣੇ ਆਉਣ ਨਾਲ ਪੰਜਾਬ ਭਰ ਦੇ ਟੀਚਰਾਂ ਵਿੱਚ ਤਰਥੱਲੀ ਮਚ ਗਈ ਤੇ ਇਸ ਤਜਵੀਜ਼ ਦਾ ਅਧਿਆਪਕ ਸੰਗਠਨਾਂ ਨੇ ਵੀ ਜ਼ੋਰਦਾਰ ਵਿਰੋਧ ਕੀਤਾ ਸੀ।
ਹੁਣ ਸਿਖਿਆ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਹੈ ਕਿ ਸਿੱਖਿਆ ਵਿਭਾਗ ਨੇ ਤਬਾਦਲਾ ਨੀਤੀ ਦਾ ਖਰੜਾ ਸਿਰਫ ਲੋਕਾਂ ਦੇ ਸੁਝਾਅ ਲੈਣ ਲਈ ਜਾਰੀ ਕੀਤਾ ਹੈ। ਇਹ ਸੁਝਾਅ 15 ਦਿਨਾਂ ਵਿੱਚ ਲਏ ਜਾਣੇ ਹਨ, ਜਿਸ ਤੋਂ ਬਾਅਦ ਲੋਕਾਂ ਅਤੇ ਹੋਰ ਧਿਰਾਂ ਦੀ ਰਾਏ ਦੇ ਆਧਾਰ ‘ਤੇ ਫੈਸਲਾ ਕੀਤਾ ਜਾਏਗਾ। ਮੀਡੀਆ ਨੇ ਰਿਪੋਰਟਾਂ ਉਤੇ ਸੁਝਾਵਾਂ ਲਈ ਜਾਰੀ ਨੀਤੀ ਦੇ ਖਰੜੇ ਦੀ ਤਜਵੀਜ਼ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਜਿਵੇਂ ਸਰਕਾਰ ਨੇ ਫੈਸਲਾ ਵੀ ਲੈ ਲਿਆ ਹੋਵੇ। ਸਿਖਿਆ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਸੁਝਾਅ ਮਿਲਣ ਤੋਂ ਬਾਅਦ ਨਵੀਂ ਤਬਾਦਲਾ ਨੀਤੀ ਨੂੰ ਮਨਜ਼ੂਰੀ ਦੇਣੀ ਹੈ ਤੇ ਇਹ ਇੱਕ ਅਪ੍ਰੈਲ ਤੋਂ ਲਾਗੂ ਹੋਣੀ ਹੈ। ਇਸ ਕਰ ਕੇ ਵੱਡੀ ਉਮਰ ਦੇ ਅਧਿਆਪਕਾਂ ਦੀ ਤੈਨਾਤੀ ਨੂੰ ਲੈ ਕੇ ਛਿੜਿਆ ਵਿਵਾਦ ਬੇਲੋੜਾ ਹੈ।