ਗਬਨ ਤੇ ਧੋਖਾਧੜੀ ਦੇ ਦੋਸ਼ ਵਿੱਚ ਅਕਾਲੀ ਨੇਤਾ ਉੱਤੇ ਕੇਸ ਦਰਜ


ਚੰਡੀਗੜ੍ਹ, 29 ਦਸੰਬਰ (ਪੋਸਟ ਬਿਊਰੋ)- ਸੱਤ ਸਾਲ ਪੁਰਾਣੇ ਇੱਕ ਵਪਾਰਕ ਵਿਵਾਦ ਵਿੱਚ ਫਾਜ਼ਿਲਕਾ ਪੁਲਸ ਨੇ ਕੱਲ੍ਹ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਕੇਸ ਦਰਜ ਹੋਣ ਨੂੰ ਇੰਨਾ ਸਮਾਂ ਇਸ ਲਈ ਲੱਗਾ ਕਿ ਇਸ ਵਿੱਚ ਅਕਾਲੀ ਦਲ ਦਾ ਇੱਕ ਵੱਡਾ ਨੇਤਾ ਸੰਦੀਪ ਗਿਲਹੋਤਰਾ ਦੋਸ਼ੀ ਸੀ, ਪਰ ਦੇਰ ਨਾਲ ਹੀ ਸਹੀ, ਕੇਸ ਦਰਜ ਹੋਣ ਨਾਲ ਕਰੋੜਾਂ ਰੁਪਏ ਦੇ ਗਬਨ ਬਾਰੇ ਇਨਸਾਫ ਦੀ ਉਮੀਦ ਤਾਂ ਜਾਗੀ ਹੈ।
ਵਰਨਣ ਯੋਗ ਹੈ ਕਿ ਕਰੋੜਾਂ ਰੁਪਏ ਦੀ ਠੱਗੀ ਅਤੇ ਗਬਨ ਦੇ ਇਸ ਮਾਮਲੇ ਦੇ ਮੁਲਜ਼ਮਾਂ ਵਿੱਚ ਸ਼ਾਮਲ ਸੰਦੀਪ ਗਿਲਹੋਤਰਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਉਪ ਪ੍ਰਧਾਨ ਅਮਨ ਅਰੋੜਾ ਦੇ ਰਿਸ਼ਤੇ ਵਿੱਚ ਸਹੁਰਾ ਹਨ। ਉਂਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਸੰਮਨ ਵੀ ਫਾਜ਼ਿਲਕਾ ਦੀ ਅਦਾਲਤ ਤੋਂ ਹੀ ਜਾਰੀ ਹੋਏ ਸਨ। ਫਾਜ਼ਿਲਕਾ ਪੁਲਸ ਨੇ ਇਸ ਕੇਸ ਵਿੱਚ ਸੀ ਆਈ ਏ ਜਾਂਚ ਤੋਂ ਬਾਅਦ ਰਵੀ ਕਾਂਤ ਨਾਗਪਾਲ, ਕਪਿਲ ਚੁਘ ਤੇ ਅਕਾਲੀ ਨੇਤਾ ਸੰਦੀਪ ਗਿਲਹੋਤਰਾ ਦੇ ਖਿਲਾਫ ਜਬਰੀ ਵਸੂਲੀ ਤੇ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਜਾਣਕਾਰ ਸੂਤਰਾਂ ਅਨੁਸਾਰ ਇਹ ਵਿਵਾਦ 2010 ਤੋਂ ਸ਼ੁਰੂ ਹੋਇਆ ਤੇ ਲਗਾਤਾਰ ਸ਼ਿਕਾਇਤ ਕਰਤਾ ਵੱਲੋਂ ਪੁਲਸ ਕੋਲ ਬੇਨਤੀ ਕੀਤੀ ਜਾਂਦੀ ਰਹੀ, ਪਰ ਰਾਜਨੀਤਕ ਤਬਾਅ ਕਾਰਨ ਕੋਈ ਸ਼ਿਕਾਇਤ ਵੀ ਸਿਰੇ ਨਹੀਂ ਲੱਗ ਸਕੀ।
ਫਾਜ਼ਿਲਕਾ ਦੇ ਕੰਵਲ ਧੂੜੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਫਾਜ਼ਿਲਕਾ ਦੀ ਰਾਮ ਪ੍ਰੈਸ ਪ੍ਰਾਈਵੇਟ ਲਿਮਟਿਡ ਨਾਂਅ ਦੀ ਫੈਕਟਰੀ ਦੇ 879 ਸ਼ੇਅਰਾਂ ‘ਚੋਂ ਉਹ ਤੇ ਉਨ੍ਹਾਂ ਦਾ ਪਰਵਾਰ 199 ਸ਼ੇਅਰਾਂ ਦੇ ਮਾਲਕ ਹਨ, ਜਦ ਕਿ ਮੁਲਜ਼ਮ ਰਵੀ ਨਾਗਪਾਲ ਤੇ ਉਸ ਦੇ ਪਰਵਾਰ ਕੋਲ 333 ਸ਼ੇਅਰ ਸਨ ਤੇ ਰਵੀ ਨਾਗਪਾਲ ਹੀ ਉਕਤ ਫੈਕਟਰੀ ਦਾ ਐੱਮ ਡੀ ਸੀ। ਕੰਵਲ ਦਾ ਦੋਸ਼ ਹੈ ਕਿ 2010 ਵਿੱਚ ਮੁਲਜ਼ਮ ਰਵੀ ਨਾਗਪਾਲ ਨੇ ਫੈਕਟਰੀ ਦੀ ਚਿਮਨੀ ਢਾਹ ਕੇ ਫੈਕਟਰੀ ਵਿੱਚ ਲੱਗੀ ਮਸ਼ੀਨਰੀ, ਬੈਰਕਾਂ ਦਾ ਮਲਬਾ ਤੇ ਹੋਰ ਸਾਮਾਨ, ਜਿਸ ਦੀ ਕੀਮਤ ਨੱਬੇ ਲੱਖ ਰੁਪਏ ਦੇ ਕਰੀਬ ਸੀ, ਖੁਰਦ ਬੁਰਦ ਕਰ ਦਿੱਤਾ ਤੇ ਸ਼ੇਅਰ ਹੋਲਡਰਾਂ ਨੂੰ ਹਿਸਾਬ-ਕਿਤਾਬ ਨਹੀਂ ਦਿੱਤਾ। ਇਸ ਤੋਂ ਬਾਅਦ ਫੈਕਟਰੀ ਦੀ ਜ਼ਮੀਨ, ਜਿਸ ਨੂੰ ਵੇਚਣ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਸੀ, ਨੂੰ ਛੇ ਹਿੱਸੇਦਾਰਾਂ ਦੇ ਨਾਂਅ ਰਜਿਸਟਰੀ ਕਰਵਾ ਕੇ ਹੜੱਪਣ ਦਾ ਯਤਨ ਕੀਤਾ। ਵਿਵਾਦ ਵਧਣ ‘ਤੇ ਰਵੀ ਨਾਗਪਾਲ ਨੇ ਫੈਕਟਰੀ ਦੀ ਜ਼ਮੀਨ ‘ਚੋਂ ਸ਼ਿਕਾਇਤ ਕਰਤਾ ਦੇ ਸ਼ੇਅਰਾਂ ਦੇ ਹਿਸਾਬ ਨਾਲ ਉਨ੍ਹਾਂ ਦੇ ਨਾਂਅ ਟਰਾਂਸਫਰ ਕਰਨ ‘ਤੇ ਰਾਜ਼ੀਨਾਮਾ ਕੀਤਾ, ਪਰ ਉਸ ਦੇ ਬਦਲੇ ਵੀ 25 ਲੱਖ ਰੁਪਏ ਵਸੂਲ ਲਏ।