ਗਧਿਆਂ ਦੇ ਮੇਲੇ ਵਿੱਚ ‘ਰਾਮ ਰਹੀਮ’ ਤੇ ‘ਹਨੀਪ੍ਰੀਤ’ ਦਾ ਮੁੱਲ ਗਿਆਰਾਂ ਹਜ਼ਾਰ ਰੁਪਏ ਲੱਗਾ


ਉਜੈਨ, 5 ਨਵੰਬਰ, (ਪੋਸਟ ਬਿਊਰੋ)- ਮੱਧ ਪ੍ਰਦੇਸ਼ ਵਿੱਚ ਮੰਦਰਾਂ ਦੇ ਸ਼ਹਿਰ ਵਜੋਂ ਮਸ਼ਹੂਰ ਉਜੈਨ ਵਿੱਚ ਇਸ ਵਕਤ ਹੋ ਰਹੇ ਗਧਿਆਂ ਦੇ ਮੇਲੇ ਵਿੱਚ ਇਕ ਅਨੋਖੀ ਗੱਲ ਦੇਖਣ ਨੂੰ ਮਿਲੀ। ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਉਸ ਦੀ ਕਰੀਬੀ ਹਨੀਪ੍ਰੀਤ ਦੇ ਨਾਮ ਉੱਤੇ ਗਧਿਆਂ ਦਾ ਇਕ ਜੋੜਾ ਇਸ ਮੇਲੇ ਵਿੱਚ 11000 ਰੁਪਏ ਦਾ ਵੇਚ ਦਿੱਤਾ ਗਿਆ।
ਗਧਾ ਮੇਲੇ ਦੇ ਆਯੋਜਕਾਂ ਮੁਤਾਬਕ ਹਰ ਸਾਲ ਇਸ ਮੇਲੇ ਦੌਰਾਨ ਗਧਿਆਂ ਨੂੰ ਵੇਚਣ ਵਾਲੇ ਲੋਕ ਆਮ ਤੌਰ ਉੱਤੇ ਆਪਣੇ ਜਾਨਵਰਾਂ ਨੂੰ ਇਹੋ ਜਿਹੇ ਨਾਮ ਦਿੰਦੇ ਹਨ, ਜਿਸ ਨਾਲ ਖਰੀਦਦਾਰਾਂ ਨੂੰ ਖਿੱਚ ਪਾਈ ਜਾ ਸਕੇ। ਗਧਿਆਂ ਦਾ ਸੌਦਾ ਸਿਰੇ ਚਾੜ੍ਹਨ ਲਈ ਨਸਲ ਅਤੇ ਉਨ੍ਹਾਂ ਦੀ ਖਾਸੀਅਤ ਵੱਧ ਅਰਥ ਰੱਖਦੀ ਹੈ। ਇਸ ਮੇਲੇ ਵਿੱਚ ਇਕ ਗਧੇ ਨੂੰ ਜੀ ਐੱਸ ਟੀ ਦਾ ਨਾਂਅ ਵੀ ਦਿੱਤਾ ਗਿਆ। ਸਮਝਿਆ ਜਾਂਦਾ ਹੈ ਕਿ ਜੀ ਐੱਸ ਟੀ ਬਾਰੇ ਵਿਵਾਦ ਕਾਰਨ ਕੁਝ ਗਧਿਆਂ ਦਾ ਨਾਮ ਜੀ ਐੱਸ ਟੀ ਰੱਖਿਆ ਗਿਆ ਹੈ। ਕੁਝ ਪਸ਼ੂ ਵਪਾਰੀਆਂ ਨੇ ਗਧਿਆਂ ਦਾ ਨਾਮ ਸੁਲਤਾਨ, ਬਾਹੁਬਲੀ ਅਤੇ ਜਿਓ ਵੀ ਰੱਖਿਆ ਹੋਇਆ ਸੀ। ਗਧਿਆਂ ਦੇ ਜੋੜੇ ਉੱਤੇ ‘ਸਿੰਘ’ ਨਾਮ ਨਾਲ ਲਿਖਿਆ ਗਿਆ ਸੀ ਕਿ ਬਲਾਤਕਾਰ ਦੇ ਦੋ ਕੇਸ ਵਿੱਚ ਦੋਸ਼ੀ ‘ਰਾਮ ਰਹੀਮ ਸਿੰਘ’ ਅਤੇ ਉਸ ਦੀ ‘ਗੋਦ ਲਈ ਹੋਈ’ ਬੇਟੀ ਹਨੀਪ੍ਰੀਤ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਜੇਲ ਵਿੱਚ ਬੰਦ ਹਨ। ਗਧਿਆਂ ਦੇ ਇਸ ਜੋੜੇ ਨੂੰ 5 ਦਿਨ ਚੱਲੇ ਮੇਲੇ ਦੇ ਆਖਰੀ ਦਿਨ ਰਾਜਸਥਾਨ ਦੇ ਇਕ ਵਾਪਾਰੀ ਨੇ ਖਰੀਦਿਆ। ਹਰੀ ਓਮ ਪ੍ਰਾਜਪਤ ਨਾਂਅ ਦੇ ਵਿਕ੍ਰਤਾ ਇਨ੍ਹਾਂ ਗਧਿਆਂ ਨੂੰ ਗੁਜਰਾਤ ਤੋਂ ਲਿਆਇਆ ਸੀ। ਉਸ ਨੇ ਦੱਸਿਆ ਕਿ ਉਹ 20000 ਰੁਪਏ ਦੀ ਡੀਲ ਉੱਤੇ ਆਖਰੀ ਮੋਹਰ ਲਾਉਣਾ ਚਾਹੁੰਦਾ ਸੀ, ਪਰ ਆਖਰ ਵਿੱਚ ਘੱਟ ਕੀਮਤ ਉੱਤੇ ਸਮਝੌਤਾ ਹੋ ਗਿਆ। ਜਦੋਂ ਹਰੀ ਓਮ ਤੋਂ ਪੁੱਛਿਆ ਗਿਆ ਕਿ ਗਧਿਆਂ ਦਾ ਨਾਮ ਜੇਲ ਵਿੱਚ ਬੰਦ ਰਾਮ ਰਹੀਮ ਸਿੰਘ ਅਤੇ ਹਨੀਪ੍ਰੀਤ ਦੇ ਨਾਮ ਉੱਤੇ ਕਿਉਂ ਰੱਖਿਆ ਤਾਂ ਉਸ ਨੇ ਕਿਹਾ ਕਿ ਮੈਂ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਦੋਵਾਂ ਲੋਕਾਂ ਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਹੋਵਗੀ।