ਗਡਕਰੀ ਨੇ ਕਿਹਾ: ਨੇਵੀ ਅਫਸਰਾਂ ਨੂੰ ਦੱਖਣੀ ਮੰੁਬਈ ਵਿੱਚ ਇੱਕ ਇੰਚ ਜਗ੍ਹਾ ਨਹੀਂ ਦੇਵਾਂਗਾ


ਮੁੰਬਈ, 12 ਜਨਵਰੀ (ਪੋਸਟ ਬਿਊਰੋ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤੀ ਸਮੁੰਦਰੀ ਫੌਜ ਦੇ ਅਧਿਕਾਰੀਆਂ ਨੂੰ ਦੱਖਣੀ ਮੁੰਬਈ ਦੇ ਆਲੀਸ਼ਾਨ ਇਲਾਕੇ ਵਿੱਚ ਰਹਿਣ ਦੀ ਲੋੜ ਕਿਉਂ ਹੈ? ਉਨ੍ਹਾਂ ਕਿਹਾ ਕਿ ਨੇਵੀ ਨੂੰ ਇਸ ਇਲਾਕੇ ਵਿੱਚ ਫਲੈਟ ਜਾਂ ਕੁਆਰਟਰ ਬਣਾਉਣ ਲਈ ਇੰਚ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ, ਨੇਵੀ ਦੀ ਲੋੜ ਸਰਹੱਦਾਂ ‘ਤੇ ਹੈ, ਜਿੱਥੇ ਅੱਤਵਾਦੀ ਘੁਸਪੈਠ ਕਰਦੇ ਹਨ। ਹਰ ਕੋਈ ਦੱਖਣੀ ਮੁੰਬਈ ਵਿੱਚ ਕਿਉਂ ਰਹਿਣਾ ਚਾਹੰੁਦਾ ਹੈ? ਉਹ ਸਾਡੇ ਕੋਲ ਆਏ ਅਤੇ ਜ਼ਮੀਨ ਮੰਗਦੇ ਸੀ। ਮੈਂ ਇੰਚ ਵੀ ਜ਼ਮੀਨ ਨਹੀਂ ਦੇਵਾਂਗਾ। ਕ੍ਰਿਪਾ ਕਰ ਕੇ ਫੇਰ ਨਾ ਆਉਣਾ। ਉਨ੍ਹਾਂ ਇਥੇ ਵਾਇਸ ਐਡਮਿਰਲ ਗਿਰੀਸ਼ ਲੂਥਰਾ ਦੀ ਮੌਜੂਦਗੀ ਵਿੱਚ ਇੱਕ ਜਨਤਕ ਸਮਾਗਮ ਵਿੱਚ ਇਹ ਗੱਲ ਕਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਨਿਤਿਨ ਗਡਕਰੀ ਅਤੇ ਸਮੁੰਦਰੀ ਫੌਜ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ ਸੀ, ਜਦੋਂ ਨੇਵੀ ਨੇ ਦੱਖਣੀ ਮੁੰਬਈ ਦੇ ਮਾਲਾਬਾਰ ਹਿੱਲ ਵਿੱਚ ਤਰਦਾ ਪੁਲ ਬਣਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿੱਥੇ ਇੱਕ ਤਰਦਾ ਹੋਟਲ ਅਤੇ ਸੀ-ਪਲੇਨ ਸੇਵਾ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਦੇ ਪਿਛੋਕੜ ਵਿੱਚ ਗਡਕਰੀ ਨੇ ਉਕਤ ਗੱਲ ਕਹੀ ਹੈ। ਉਨ੍ਹਾਂ ਕਿਹਾ, ਸਾਰੇ ਦੱਖਣੀ ਮੁੰਬਈ ਦੀ ਅਹਿਮ ਜ਼ਮੀਨ ‘ਤੇ ਘਰ ਕਿਉਂ ਬਣਾਉਣਾ ਚਾਹੁੰਦੇ ਹਨ। ਤੁਹਾਡਾ ਸਨਮਾਨ ਕਰਦੇ ਹਾਂ, ਪਰ ਤੁਹਾਨੂੰ ਪਾਕਿਸਤਾਨੀ ਸਰਹੱਦ ‘ਤੇ ਹੋਣਾ ਚਾਹੀਦਾ ਤੇ ਗਸ਼ਤ ਕਰਨੀ ਚਾਹੀਦੀ ਹੈ। ਗਡਕਰੀ ਨੇ ਕਿਹਾ ਕਿ ਕੁਝ ਅਹਿਮ ਅਫਸਰ ਮੁੰਬਈ ਵਿੱਚ ਰਹਿ ਸਕਦੇ ਹਨ। ਦੱਖਣੀ ਮੁੰਬਈ ਵਿੱਚ ਨੇਵੀ ਦੀ ਚੋਖੀ ਮੌਜੂਦਗੀ ਹੈ ਅਤੇ ਇਸ ਇਲਾਕੇ ਵਿੱਚ ਪੱਛਮੀ ਕਮਾਂਡ ਦਾ ਮੁੱਖ ਦਫਤਰ ਵੀ ਹੈ।