ਗਏ, ਉਹ ਦਿਨ ਬਚਪਨ ਦੇ…

-ਗੁਰਪ੍ਰੀਤ ਸਿੰਘ ਵਿੱਕੀ
ਅੱਜ ਕੱਲ੍ਹ ਜਦ ਵੀ ਸਵੇਰੇ ਬੱਚਿਆਂ ਨੂੰ ਭਾਰੇ ਬੈਗ ਚੁੱਕ ਕੇ ਤਿਆਰ ਹੋਇਆਂ ਨੂੰ ਸਕੂਲ ਜਾਂਦੇ ਵੇਖਦਾ ਹਾਂ ਤਾਂ ਆਪਣੇ ਬਚਪਨ ਦੀ ਯਾਦ ਆ ਜਾਂਦੀ ਹੈ। ਸਾਡੇ ਵੇਲੇ ਭੱਜ ਦੌੜ ਵਾਲੀ ਜ਼ਿੰਦਗੀ ਦਾ ਅਤੇ ਬਚਪਨ ਵਾਲੀ ਜ਼ਿੰਦਗੀ ਵਿੱਚ ਬੜਾ ਫਰਕ ਹੁੰਦਾ ਸੀ। ਉਦੋਂ ਕੋਈ ਜਾਤ, ਪਾਤ, ਧਰਮ ਦਾ, ਕੋਈ ਪਾਰਟੀਬਾਜ਼ੀ ਜਾਂ ਵੋਟਾਂ ਦਾ ਪਤਾ ਨਹੀਂ ਹੁੰਦਾ ਸੀ। ਸਾਰਾ ਦਿਨ ਮੌਜਸਮਤੀ ਕਰਨੀ, ਰਲ ਮਿਲ ਕੇ ਖੇਡਣਾ, ਕਦੇ ਬਾਂਦਰ ਕਿੱਲਾ, ਕਦੇ ਚੋਰ ਸਿਪਾਹੀ, ਸਭ ਦੇਸੀ ਖੇਡਾਂ ਹੀ ਹੁੰਦੀਆਂ ਸਨ। ਉਸ ਵੇਲੇ ਮੋਬਾਈਲ ਦਾ ਕੋਈ ਪੰਗਾ ਨਹੀਂ ਸੀ, ਨਾ ਇੰਟਰਨੈਟ, ਨਾ ਕੋਈ ਗੂਗਲ ਹੁੰਦੀ ਸੀ। ਮੇਰੇ ਵਰਗਿਆਂ ਲਈ ਗੂਗ ‘ਦਾਦੀ ਮਾਂ’ ਹੀ ਹੁੰਦੀ ਸੀ। ਧਰਮ ਅਤੇ ਪਰੀ ਕਹਾਣੀਆਂ ਬਾਰੇ ਵੀ ਉਸ ਨੂੰ ਸਭ ਪਤਾ ਹੁੰਦਾ ਸੀ। ਸਾਰੇ ਪਿੰਡ ਦੀਆਂ ਰਿਸ਼ਤੇਦਾਰੀਆਂ ਅਤੇ ਸਾਰੇ ਰੀਤੀ-ਰਿਵਾਜ਼ਾਂ ਬਾਰੇ ਉਸ ਨੂੰ ਪੂਰਾ ਗਿਆਨ ਹੁੰਦਾ ਸੀ।
ਟੈਲੀਵਿਜ਼ਨ ਵੀ ਉਦੋਂ ਅੱਜ ਕੱਲ੍ਹ ਵਾਂਗ 24 ਘੰਟੇ ਨਹੀਂ ਚੱਲਦਾ ਹੁੰਦਾ ਸੀ। ਹਫਤੇ ਵਿੱਚੋਂ ਕੁਝ ਕੁ ਦਿਨ ਟੈਲੀਵਿਜ਼ਨ ਤੇ ਪ੍ਰੋਗਰਾਮ ਆਉਂਦੇ ਸੀ। ਟੀ ਵੀ ਉਦੋਂ ਕਿਸੇ ਕਿਸੇ ਦੇ ਘਰ ਹੁੰਦਾ ਸੀ, ਵਿਹੜੇ ਦੇ ਸਭ ਜੁਆਕਾਂ ਨੇ ਇਕੱਠੇ ਹੋ ਕੇ ਕਿਸੇ ਇੱਕ ਦੇ ਘਰ ਟੀ ਵੀ ਵੇਖਣਾ। ਐਤਵਾਰ ਨੂੰ ਸਵੇਰੇ ‘ਰੰਗੋਲੀ’ ਵੇਖ ਕੇ ਦਿਨ ਦੀ ਸ਼ੁਰੂਆਤ ਹੁੰਦੀ ਸੀ। ਮੈਂ ਨੇ ਸਵੇਰੇ ਸਿਰ ਨਹਾ ਕੇ ਤਿਆਰ ਕਰ ਦੇਣਾ। ਫਿਰ ‘ਮੋਗਲੀ’ ਵਾਲੇ ਕਾਰਟੂਨ ਆ ਜਾਣੇ। ਸ਼ਾਮ ਨੂੰ ਫਿਲਮ ਵੇਖ ਕੇ ਧਰਮਿੰਦਰ ਵਾਲੀ ਫੀਲਿੰਗ ਲੈ ਲੈਣੀ। ਫਿਰ ਸਾਰਾ ਹਫਤਾ ‘ਡਿਸ਼ੂ ਡਿਸ਼ੂ’ ਕਰਦਿਆਂ ਨੇ ਫਿਰੀ ਜਾਣਾ।
ਅਧਿਆਪਕਾਂ ਦਾ ਵੀ ਪੰਜਾਬ ਪੁਲਸ ਵਾਂਗ ਪੂਰਾ ਰੋਹਬ ਹੁੰਦਾ ਸੀ। ਉਨ੍ਹਾਂ ਦਾ ਹਰ ਹੁਕਮ ਮੰਨਣਾ ਪੈਂਦਾ ਸੀ, ਨਹੀਂ ਤਾਂ ਕੁੱਟ ਜਾਂ ਮੁਰਗਾ ਤੱਕ ਬਣਨਾ ਪੈ ਜਾਂਦਾ ਸੀ। ਉਦੋਂ ਸਕੂਲਾਂ ਵਿੱਚ ਚਪੜਾਸੀ ਵਗੈਰਾ ਘੱਟ ਹੁੰਦੇ ਸਨ। ਸਾਡੇ ਵਰਗਿਆਂ ਦੀ ਸਕੂਲ ਦੀ ਸਾਫ-ਸਫਾਈ ਕਰਨ ਦੀ ਡਿਊਟੀ ਲਾ ਦਿੱਤੀ ਜਾਂਦੀ ਸੀ, ਜੋ ਤਨ-ਮਨ ਨਾਲ ਨਿਭਾਉਣੀ ਪੈਂਦੀ ਸੀ। ‘ੳ ਅ ੲ’ ਤੋਂ ਲੈ ਕੇ ਪਹਾੜੇ ਸਭ ਨੂੰ ਮੂੰਹ-ਜ਼ੁਬਾਨੀ ਯਾਦ ਕਰਨੇ ਪੈਂਦੇ ਸਨ, ਜੋ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਉਚੀ ਉਚੀ ਬੋਲ ਕੇ ਸੁਣਾਉਣੇ ਵੀ ਹੁੰਦੇ ਸਨ। ਸਕੂਲ ਜਾਣ ਲਈ ਥੈਲੇ ਜਾਂ ਕੱਪੜੇ ਦਾ ਬੈਗ ਹੀ ਹੁੰਦਾ ਸੀ, ਜੋ ਅੱਜਕੱਲ੍ਹ ਦੇ ਜੁਆਕਾਂ ਵਾਂਗ ਬਹੁਤ ਭਾਰੀ ਨਹੀਂ ਹੁੰਦਾ ਸੀ। ਉਸ ਵਿੱਚੋਂ ਬਸ ਦੋ ਕੁ ਕਿਤਾਬਾਂ, ਸਿਆਹੀ ਵਾਲ ਦਵਾਤ ਹੁੰਦੀ ਸੀ। ਕਾਪੀ ਅਤੇ ਪੈਨ ਦੀ ਥਾਂ ਫੱਟੀ ਤੇ ਇੱਕ ਕਾਨਿਆਂ ਦੀ ਬਣੀ ਲਿਖਣ ਵਾਲੀ ਕਲਮ ਹੁੰਦੀ ਸੀ। ਫੱਟੀ ‘ੳ ਅ ੲ’ ਲਿਖਣ ਲਈ ਅਤੇ ਛੁੱਟੀ ਦੇ ਸਮੇਂ ਤੇ ‘ਸ੍ਰੀ ਰਾਮ ਚੰਦਰ ਕੀ ਜੈ’ ਅਤੇ ‘ਆਕਰਮਣ’ ਕਹਿ ਕੇ ਕਿਰਪਾਨ ਵਾਂਗ ਲਹਿਰਾ ਕੇ ਸਕੂਲ ਤੋਂ ਭੱਜਣ ਦੇ ਕੰਮ ਜ਼ਿਆਦਾ ਆਉਂਦੀ ਹੁੰਦੀ ਸੀ। ਸਵੇਰੇ ਸਕੂਲ ਜਾ ਕੇ ਗਾਚਣੀ ਨਾਲ ਫੱਟੀ ਪੋਚਣੀ ਅਤੇ ਸੂਰਜ ਸਾਹਮਣੇ ਰੱਖ ਦੇਣੀ ਤੇ ਕਹਿਣਾ ‘ਸੂਰਜਾ ਸੂਰਜਾ ਫੱਟੀ ਸੁਕਾ’। ਸਕੂਲ ਦੇ ਕਮਰੇ ਘੱਟ ਸੀ, ਜ਼ਿਆਦਾ ਜਮਾਤਾਂ ਦਰੱਖਤਾਂ ਹੇਠ ਟਾਟਾਂ ਜਾਂ ਹੇਠ ਬੈਠ ਕੇ ਲੱਗਦੀਆਂ ਸੀ।
ਜਦ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹੁੰਦੀਆਂ ਤਾਂ ਮੇਰੇ ਵਰਗਿਆਂ ਨੂੰ ਰਾਤਾਂ ਨੂੰ ਨਾਨਕੇ ਜਾਣ ਦੇ ਸੁਫਨੇ ਆਉਣੇ ਸ਼ੁਰੂ ਹੋ ਜਾਣੇ। ਉਸ ਸਮੇਂ ਅੱਜ ਵਾਂਗ ਹਿਲ ਸਟੇਸ਼ਨ ਉਤੇ ਜਾਣ ਦਾ ਰਿਵਾਜ ਨਹੀਂ ਸੀ। ਸਾਨੂੰ ਤਾਂ ਨਾਨਕਾ ਘਰ ਹੀ ਸ਼ਿਮਲੇ ਨਾਲੋਂ ਵੱਧ ਪਿਆਰਾ ਹੁੰਦਾ ਸੀ। ਛੁੱਟੀਆਂ ਹੁੰਦੇ ਸਾਰ ਨਾਨਕੇ ਚਲੇ ਜਾਣਾ, ਉਥੇ ਸਾਰੇ ਪਿੰਡ ਵਿੱਚ ਸਾਡੀ ਪੂਰੀ ਟੌਹਰ ਹੁੰਦੀ ਸੀ। ਲਾਲੇ ਦੀ ਦੁਕਾਨ ਤੋਂ ਕੁਝ ਵੀ ਲੈ ਕੇ ਖਾ ਸਕਦੇ ਸੀ, ਉਸ ਵਿਚਾਰੇ ਨੇ ਕਦੇ ਪੈਸੇ ਬਾਰੇ ਨਾ ਕਹਿਣਾ। ਸਾਰਾ ਦਿਨ ਮਾਮੇ ਹੋਰਾਂ ਦੇ ਜੁਆਕਾਂ ਨਾਲ ਖੇਡੀ ਜਾਣਾ, ਮੋਟਰ ਉਤੇ ਨਹਾਉਣਾ, ਕਿਸੇ ਦੇ ਵੀ ਘਰ ਬਗੈਰ ਝਿਜਕ ਦੇ ਰੋਟੀ ਖਾ ਲੈਣੀ। ਸਾਰਾ ਪਿੰਡ ਨਾਨਕਾ ਘਰ ਹੁੰਦਾ ਸੀ। ਰਾਤ ਨੂੰ ਬਾਹਰ ਵਿਹੜੇ ਵਿੱਚ ਮੰਜੇ ਡਾਹ ਲੈਣੇ, ਤਾਰਿਆਂ ਨੂੰ ਵੇਖੀ ਜਾਣਾ, ਨਾਨੀ ਨੇ ਕਹਾਣੀਆਂ ਸੁਣਾਈ ਜਾਣੀਆਂ, ਕਦੋਂ ਨੀਂਦ ਆ ਜਾਣੀ, ਪਤਾ ਨਹੀਂ ਚੱਲਣਾ। ਮਾਂ ਨੇ ਵੀ ਸਾਰੀ ਸਾਰੀ ਰਾਤ ਨਾਨੀ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰੀ ਜਾਣੀਆਂ। ਸਵੇਰੇ ਉਠਦੇ ਨੂੰ ਮਾਮੀ ਨੇ ਅੰਬ ਦੇ ਅਚਾਰ ਨਾਲ ਪਰੌਂਠੇ ਤੇ ਚਾਹ ਦਾ ਗਲਾਸ ਭਰ ਕੇ ਦੇ ਦੇਣਾ। ਬੜਾ ਸਵਾਦ ਆਉਣਾ ਖਾ ਕੇ। ਅੱਜ ਦੇ ਪੀਜ਼ੇ-ਬਰਗਰ ਮਾਮੀ ਦੇ ਉਨ੍ਹਾਂ ਪਰੌਂਠਿਆਂ ਦੀ ਰੀਸ ਨਹੀਂ ਕਰ ਸਕਦੇ। ਜਦ ਮੀਂਹ ਆਉਣਾ ਸਿਰ ਉਤੇ ਲਿਫਾਫੇ ਬੰਨ੍ਹ ਕੇ ਦੋਸਤਾਂ ਨਾਲ ਗਲੀਆਂ ਵਿੱਚ ਨਹਾਉਣਾ, ਚਿੱਕੜ ਵਿੱਚ ਲਿਟਣਾ, ਕਦੇ ਕਿਸੇ ਕਿਟਾਣੂ ਦਾ ਡਰ ਨਹੀਂ ਸੀ ਹੁੰਦਾ। ਮੀਂਹ ਵਿੱਚ ਨਹਾ ਕੇ ਸਵਾਦ ਲੈਣਾ। ਬੱਸ ਏਦਾਂ ਹੀ ਬੀਤ ਜਾਣੀਆਂ ਸਾਰੀਆਂ ਛੁੱਟੀਆਂ, ਫਿਰ ਹੌਲ ਜਿਹਾ ਪੈਣਾ ਕਿ ਫਿਰ ਸਕੂਲ ਜਾਣਾ ਪੈਣੈ।
ਉਦੋਂ ਲਾਈਟ ਦੇ ਕੱਟ ਵੀ ਬਹੁਤ ਲੱਗਦੇ ਸਨ, ਪਰ ਅੱਜ ਜਿੰਨੀ ਗਰਮੀ ਨਹੀਂ ਮਹਿਸੂਸ ਹੁੰਦੀ ਸੀ। ਰਾਤ ਨੂੰ ਨਿੰਮ ਹੇਠ ਮੱਛਰਦਾਨੀ ਲਾ ਕੇ ਸੌਂ ਜਾਣਾ, ਲਾਈਟ ਤਾਂ ਰਾਤ ਨੂੰ ਘੱਟ ਵੱਧ ਹੀ ਆਉਂਦੀ ਸੀ। ਵਿਚਾਰੀ ਮਾਂ ਨੇ ਸਾਨੂੰ ਸਾਰੀ ਰਾਤ ਪੱਖੀ ਝੱਲੀ ਜਾਣਾ। ਉਨ੍ਹਾਂ ਦਰੱਖਤਾਂ ਦੀ ਠੰਢੀ ਛਾਂ ਦੀ ਅੱਜ ਵਾਲੀ ਏ ਸੀ ਦੀ ਠੰਢੀ ਹਵਾ ਕਦੇ ਰੀਸ ਨਹੀਂ ਕਰ ਸਕਦੀ।
ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਸ ਨੇ ਪਿੰਡ ਵਿਚ ਜਨਮ ਦੇ ਕੇ ਕੁਦਰਤ ਅਤੇ ਬਚਪਨ ਨੂੰ ਨੇੜੇ ਹੋ ਕੇ ਤੱਕਣ ਦਾ ਮੌਕਾ ਦਿੱਤਾ ਸੀ। ਅੱਜ ਕੱਲ੍ਹ ਬਹੁਤ ਫਰਕ ਹੈ। ਉਦੋਂ ਭਲਾ ਵੇਲਾ ਸੀ, ਬੱਚੇ ਸਭ ਦੇ ਸਾਂਝੇ ਹੁੰਦੇ ਸਨ ਅਤੇ ਸਾਰੇ ਆਪਣੇ ਹੁੰਦੇ ਸੀ। ਅੱਜਕੱਲ੍ਹ ਤਾਂ ਬੱਚੇ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ।