ਖੱਡੇ ਵਿੱਚ ਡਿੱਗਾ ਮੋਬਾਈਲ ਕੱਢਣ ਲੱਗਾ ਤਾਂ ਮਿੱਟੀ ਹੇਠਾਂ ਧੱਸਣ ਕਾਰਨ ਮੌਤ ਹੋ ਗਈ


ਪੰਚਕੂਲਾ, 16 ਮਈ (ਪੋਸਟ ਬਿਊਰੋ)- ਚੀਕਣੀ ਮਿੱਟੀ ਵਿੱਚ ਮੋਬਾਈਲ ਡਿੱਗਣ ਪਿੱਛੋਂ ਉਸ ਨੂੰ ਲੱਭਣ ਗਏ 15 ਸਾਲਾ ਬੱਚੇ ਦੀ ਮਿੱਟੀ ਵਿੱਚ ਧੱਸਣ ਕਾਰਨ ਮੌਤ ਹੋ ਗਈ ਅਤੇ ਲਾਸ਼ 20 ਘੰਟੇ ਬਾਅਦ ਮਿਲੀ। ਉਸ ਦੇ ਪੈਰ ਬਾਹਰ ਰਹਿ ਗਏ, ਨਹੀਂ ਤਾਂ ਉਸ ਦਾ ਪਤਾ ਹੀ ਨਹੀਂ ਲੱਗਣਾ ਸੀ। ਮ੍ਰਿਤਕ ਦੀ ਪਛਾਣ ਪਹਾੜੀ (15) ਪੁੱਤਰ ਨਰੇਸ਼ ਕੁਮਾਰ ਵਾਸੀ ਸੈਕਟਰ 28 ਦੇ ਰੂਪ ਵਿੱਚ ਹੋਈ। ਉਹ ਦਿਹਾੜੀ ਕਰਦਾ ਸੀ ਅਤੇ ਉਸ ਦੇ ਪਿਤਾ ਚੌਕੀਦਾਰ ਦਾ ਕੰਮ ਕਰਦੇ ਹਨ।
ਜਾਂਚ ਅਧਿਕਾਰੀ ਗੁਰਮੀਤ ਨੇ ਦੱਸਿਆ ਕਿ ਪਹਾੜੀ ਸੋਮਵਾਰ ਨੂੰ ਆਪਣੇ ਘਰੋਂ ਖੇਡਣ ਗਿਆ ਸੀ। ਸ਼ਾਮ ਤੱਕ ਵਾਪਸ ਘਰ ਨਾ ਆਇਆ ਤਾਂ ਪਹਿਲਾਂ ਪਰਵਾਰ ਨੇ ਸੋਚਿਆ ਕਿਸੇ ਦੋਸਤ ਦੇ ਕੋਲ ਹੋਵੇਗਾ, ਪਰ ਰਾਤ ਕਰੀਬ 10 ਵਜੇ ਤੱਕ ਜਦ ਉਹ ਨਹੀਂ ਆਇਆ ਤਾਂ ਪਰਵਾਰ ਨੇ ਉਸ ਦੀ ਕਈ ਜਗ੍ਹਾ ਤਲਾਸ਼ ਕੀਤੀ। ਕੱਲ੍ਹ ਵੀ ਉਸ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਸ਼ਾਮ ਨੂੰ ਇੱਕ ਬੱਚਾ ਸੜਕ ਕਿਨਾਰੇ ਸੈਰ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੋਈ ਮਿੱਟੀ ਵਿੱਚ ਦੱਬਿਆ ਹੋਇਆ ਹੈ। ਉਸ ਦੇ ਬਾਅਦ ਪੁਲਸ ਨੂੰ ਮੌਕੇ ‘ਤੇ ਬੁਲਾ ਕੇ ਉਸ ਜਗ੍ਹਾ ਦੀ ਖੁਦਾਈ ਕਰਵਾਈ ਤਾਂ ਇਸ ਦੇ ਬਾਅਦ ਨਾਬਾਲਗ ਪਹਾੜੀ ਨੂੰ ਖੱਡੇ ਵਿੱਚੋਂ ਕੱਢਿਆ ਗਿਆ ਤਾਂ ਉਸ ਦੇ ਮੂੰਹ ‘ਚੋਂ ਖੂਨ ਨਿਕਲ ਰਿਹਾ ਸੀ ਅਤੇ ਹੱਥਾਂ ਕੋਲ ਮੋਬਾਈਲ ਫਸਿਆ ਹੋਇਆ ਸੀ। ਪੁਲਸ ਦੇ ਮੁਤਾਬਕ ਪਿਤਾ ਨਰੇਸ਼ ਨੇ ਆਪਣੇ ਬਿਆਨਾਂ ਵਿੱਚ ਕਿਸੇ ‘ਤੇ ਹੱਤਿਆ ਦਾ ਸ਼ੱਕ ਨਹੀਂ ਪ੍ਰਗਟਾਇਆ ਹੈ। ਪਹਾੜੀ ਵੀ ਮਜ਼ਦੂਰੀ ਕਰਦਾ ਅਤੇ ਸ਼ਰਾਬ ਪੀਣ ਦਾ ਆਦੀ ਸੀ। ਐੱਸ ਐੱਚ ਓ ਮਹਿਮੂਦ ਖਾਨ ਨੇ ਦੱਸਿਆ ਕਿ ਸ਼ੱਕ ਹੈ ਕਿ ਨਾਬਾਲਗ ਦਾ ਮੋਬਾਈਲ ਫੋਨ ਅਚਾਨਕ ਡਿੱਗਣ ਕਾਰਨ ਜਦ ਉਹ ਉਸ ਨੂੰ ਚੁੱਕਣ ਲਈ ਸਕਰਨੀ ਮਿੱਟੀ ਦੇ ਖੱਡੇ ਵਿੱਚ ਗਿਆ ਤਾਂ ਉਹ ਵਿੱਚ ਹੀ ਫਸ ਗਿਆ ਅਤੇ ਉਸ ਦੀ ਮੌਤ ਹੋ ਗਈ।