ਖੱਟੜ ਨੂੰ ਚਿੱਠੀ ਦਾ ਜਵਾਬ: ਪੰਜਾਬ-ਹਰਿਆਣਾ ਵਿਚਾਲੇ ਪਾਣੀ ਬਾਰੇ ਵੱਖਰੀ ਗੱਲਬਾਤ ਦੀ ਆਸ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਰੱਦ


ਜਲੰਧਰ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਪਾਕਿਸਤਾਨ ਨੂੰ ਜਾ ਰਹੇ ਦਰਿਆਵਾਂ ਦੇ ਪਾਣੀ ਬਾਰੇ ਪ੍ਰਗਟ ਕੀਤੀ ਚਿੰਤਾ ਉਤੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਇਸ ਮਾਮਲੇ ‘ਚ ਸੁਚੇਤ ਰਹਿ ਕੇ ਮੁਲਾਂਕਣ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਜਮਨਾ ਨਦੀ ਦੇ ਪਾਣੀ ਦੀ ਵੇਸਟੇਜ ਰੋਕਣ ਦੀ ਵੀ ਬੇਨਤੀ ਕੀਤੀ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਵਿਚਾਲੇ ਵੱਖਰੇ ਇੰਟਰ ਐਕਸ਼ਨ ਦੀ ਲੋੜ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਦੂਜੇ ਪ੍ਰਸਤਾਵਿਤ ਡੈਮ ਦਾ ਬੀ ਬੀ ਐੱਮ ਬੀ ਵੱਲੋਂ ਪਤਾ ਲਾਉਣ ਦੀ ਗੱਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਕਿਉਂਕਿ ਪਹਿਲਾਂ ਹੀ ਕੌਮੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਦੀ ਉਚ ਪੱਧਰੀ ਕਮੇਟੀ ਇਸ ਸੰਬੰਧ ਵਿੱਚ ਅਧਿਐਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਨਦੀਆਂ ਦੇ ਪਾਣੀ ਦਾ ਫਾਲਤੂ ਪ੍ਰਵਾਹ ਰੋਕਣ ਲਈ ਸਭ ਸੰਭਵ ਕਦਮ ਚੁੱਕਣੇ ਚਾਹੀਦੇ ਹਨ ਅਤੇ ਕਿਸਾਨਾਂ ਲਈ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਦੀ ਲੋੜ ਹੈ, ਪਰ ਇਸ ਦੇ ਲਈ ਸਾਵਧਾਨੀ ਵਰਤਣ ਦੀ ਵੀ ਲੋੜ ਪੈਂਦੀ ਹੈ।
ਵਰਨਣ ਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਸੰਬੰਧ ਵਿੱਚ ਸੱਤ ਮਈ ਨੂੰ ਚਿੱਠੀ ਲਿਖ ਕੇ ਪਾਕਿਸਤਾਨ ਨੂੰ ਜਾ ਰਹੇ ਰਾਵੀ ਦੇ ਪਾਣੀ ਦੀ ਸਹੀ ਵਰਤੋਂ ਕਰਨ ਦੀ ਗੱਲ ਕਹੀ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਾ ਸਿਰਫ ਰਾਵੀ, ਸਗੋਂ ਦੋ ਹੋਰ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਪਾਣੀ ਦੀ ਸਹੀ ਵਰਤੋਂ ਸੰਬੰਧੀ ਵੀ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਜੁਲਾਈ, ਅਗਸਤ ਅਤੇ ਸਤੰਬਰ ਵਿੱਚ ਜਮਨਾ ਨਦੀ ਤੋਂ ਮਿਲੇ 73 ਫੀਸਦੀ ਪਾਣੀ ‘ਚੋਂ 50 ਫੀਸਦੀ ਪਾਣੀ ਬਰਬਾਦ ਹੋਇਆ ਸੀ। ਅਮਰਿੰਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਵੱਲੋਂ ਉਜ ਨਦੀ ਉਤੇ ਬੰਨ੍ਹ ਬਣਾਉਣ ਦਾ ਪ੍ਰਸਤਾਵ ਹੈ, ਇਸ ਲਈ ਉਜ ਨਦੀ ‘ਤੇ ਬੰਨ੍ਹ ਬਣਨ ਤੋਂ ਬਾਅਦ ਸਾਰੇ ਪਾਣੀ ਨੂੰ ਆਧਾਰ ਬਣਾ ਕੇ ਮੁਲੰਕਣ ਹੋਣਾ ਚਾਹੀਦਾ ਹੈ।