ਖੂਨ ਨਾਲੋਂ ਗਾੜ੍ਹਾ ਪਿਆਰ

-ਪ੍ਰਵੀਨ ਕਾਲਿਤਾ
ਆਸਾਮ ਦੇ ਦਰਾਂਗ ਜ਼ਿਲ੍ਹੇ ਵਿੱਚ ਇੱਕ ਮੁਸਲਿਮ ਤੇ ਇੱਕ ਬੋਡੋ ਜੋੜੇ ਨੇ ਫੈਸਲਾ ਕੀਤਾ ਹੈ ਕਿ ਉਹ 2015 ਵਿੱਚ ਇਥੇ ਹਸਪਤਾਲ ਵਿੱਚ ਪੈਦਾ ਹੋਏ ਬੇਟਿਆਂ ਦੀ ਅਦਲਾ-ਬਦਲੀ ਦਾ ਪਤਾ ਲੱਗਣ ਦੇ ਬਾਵਜੂਦ ਹੁਣ ਇਨ੍ਹਾਂ ਨੂੰ ਆਪਸ ਵਿੱਚ ਨਹੀਂ ਬਦਲਣਗੇ। ਹਾਲਾਂਕਿ ਡੀ ਐੱਨ ਏ ਟੈਸਟਾਂ ਵਿੱਚ ਇਹ ਪੁਸ਼ਟੀ ਹੋ ਚੁੱਕੀ ਹੈ ਕਿ ਜਨਮ ਤੋਂ ਛੇਤੀ ਬਾਅਦ ਹਸਪਤਾਲ ਵਾਲਿਆਂ ਦੀ ਗਲਤੀ ਕਾਰਨ ਦੋਵਾਂ ਜੋੜਿਆਂ ਦੇ ਬੱਚੇ ਬਦਲ ਗਏ ਸਨ। ਮੁਸਲਿਮ ਜੋੜੇ ਸ਼ਹਾਬੂਦੀਨ ਅਹਿਮਦ ਤੇ ਸਲਮਾ ਪ੍ਰਵੀਨ ਦਾ ਅਸਲੀ ਬੇਟਾ ਹੁਣ ਰਾਕੇਸ਼ ਬੋਡੋ ਦੇ ਨਾਂਅ ਨਾਲ ਹਿੰਦੂ ਜੋੜੇ ਅਨਿਲ ਤੇ ਸ਼ਿਵਾਲੀ ਬੋਡੋ ਦੇ ਬੇਟੇ ਵਜੋਂ ਪਲ ਰਿਹਾ ਹੈ ਅਤੇ ਅਨਿਲ ਤੇ ਸ਼ਿਵਾਲੀ ਦਾ ਬੇਟਾ ਜੁਨੈਦ ਨਾਂਅ ਨਾਲ ਸ਼ਹਾਬੂਦੀਨ ਅਹਿਮਦ ਤੇ ਸਲਮਾ ਦੇ ਬੇਟੇ ਵਜੋਂ ਪਲ ਰਿਹਾ ਹੈ।
ਸ਼ਿਵਾਲੀ ਤੇ ਸਲਮਾ ਦੋਵਾਂ ਨੇ 11 ਮਾਰਚ 2015 ਨੂੰ ਦਰਾਂਗ ਦੇ ਮੰਗਲਦਈ ਸਿਵਲ ਹਸਪਤਾਲ ਵਿੱਚ ਬੇਟਿਆਂ ਨੂੰ ਜਨਮ ਦਿੱਤਾ ਸੀ। ਜਦੋਂ ਬੱਚੇ ਦੋਵਾਂ ਪਰਵਾਰਾਂ ਨੂੰ ਸੌਂਪਣ ਦਾ ਸਮਾਂ ਆਇਆ ਤਾਂ ਨਰਸਾਂ ਦੀ ਗਲਤੀ ਕਾਰਨ ਬੱਚਿਆਂ ਦੀ ਅਦਲਾ-ਬਦਲੀ ਹੋ ਗਈ ਤੇ ਕਈ ਦਿਨਾਂ ਤੱਕ ਗਲਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਾ। ਪੇਸ਼ੇ ਤੋਂ ਅਧਿਆਪਕ ਸ਼ਹਾਬੂਦੀਨ ਨੇ ਦੱਸਿਆ, ‘‘ਇੱਕ ਹਫਤੇ ਬਾਅਦ ਅਸੀਂ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆ ਗਏ ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਇਹ ਬੱਚਾ ਉਨ੍ਹਾਂ ਦਾ ਨਹੀਂ, ਉਸ ਦੇ ਨੈਣ-ਨਕਸ਼ ਉਨ੍ਹਾਂ ਦੋਵਾਂ ਨਾਲ ਨਹੀਂ ਬਿਲਕੁਲ ਮੇਲ ਨਹੀਂ ਖਾਂਦੇ ਸਨ। ਉਸ ਬੱਚੇ ਦੇ ਭਰਵੱਟੇ ਆਦੀਵਾਸੀਆਂ ਵਾਂਗ ਕਾਫੀ ਮੋਟੇ ਸਨ।” ਲਗਭਗ ਉਸੇ ਸਮੇਂ ਬੋਡੋ ਪਰਵਾਰ ਵੀ ਇਸੇ ਦੁਚਿੱਤੀ ‘ਚੋਂ ਲੰਘ ਰਿਹਾ ਸੀ।
ਸ਼ਹਾਬੂਦੀਨ ਨੇ ਹਸਪਤਾਲ ਜਾ ਕੇ ਬੱਚਿਆਂ ਦੀ ਅਦਲਾ-ਬਦਲੀ ਦੀ ਸ਼ਿਕਾਇਤ ਕੀਤੀ, ਪਰ ਹਸਪਤਾਲ ਵਾਲਿਆਂ ਨੇ ਇਸ ਸ਼ਿਕਾਇਤ ਨੂੰ ਰੱਦ ਕਰ ਦਿੱਤਾ। ਫਿਰ ਉਨ੍ਹਾਂ ਨੇ ਆਰ ਟੀ ਆਈ ਲਾ ਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ 11 ਮਾਰਚ ਨੂੰ ਉਸ ਹਸਪਤਾਲ ਵਿੱਚ ਕਿਹੜੀਆਂ-ਕਿਹੜੀਆਂ ਔਰਤਾਂ ਨੇ ਬੱਚਿਆਂ (ਬੇਟਿਆਂ) ਨੂੰ ਜਨਮ ਦਿੱਤਾ ਸੀ। ਆਰ ਟੀ ਆਈ ਦੇ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਿਨ ਸਲਮਾ ਤੋਂ ਇਲਾਵਾ ਸਿਰਫ ਇੱਕ ਬੋਡੋ ਔਰਤ ਨੇ ਬੇਟੇ ਨੂੰ ਜਨਮ ਦਿੱਤਾ ਸੀ। ਸ਼ਹਾਬੂਦੀਨ ਨੇ ਉਸ ਬੋਡੋ ਪਰਵਾਰ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਸ਼ਾਇਦ ਉਨ੍ਹਾਂ ਦੇ ਬੱਚੇ ਇੱਕ-ਦੂਜੇ ਨਾਲ ਬਦਲ ਗਏ ਹਨ। ਬੋਡੋ ਪਰਵਾਰ ਨੇ ਉਨ੍ਹਾਂ ਨੂੰ ਆਪਣੇ ਘਰ ਸੱਦਿਆ ਤੇ ਦੋਵਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਦੇਖਣ-ਪਰਖਣ ਦੇ ਬਾਅਦ ਦੋਵਾਂ ਪਰਵਾਰਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦੇ ਬੱਚੇ ਆਪੋ ਵਿੱਚ ਬਦਲ ਗਏ ਹਨ, ਇਸ ਦੇ ਬਾਵਜੂਦ ਸ਼ਿਵਾਲੀ ਨੇ ਸੱਚਾਈ ਕਬੂਲਣ ਤੋਂ ਇਨਕਾਰ ਕਰ ਦਿੱਤਾ।
ਉਸ ਤੋਂ ਬਾਅਦ ਸ਼ਹਾਬੂਦੀਨ ਨੇ ਜ਼ਿਲ੍ਹੇ ਦੇ ਐੱਸ ਐੱਸ ਪੀ ਨੂੰ ਮਿਲ ਕੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਦਸੰਬਰ 2015 ਵਿੱਚ ਐੱਫ ਆਈ ਆਰ ਦਰਜ ਕਰਨ ਅਤੇ ਡੀ ਐੱਨ ਏ ਟੈਸਟ ਕਰਵਾਉਣ ਦਾ ਹੁਕਮ ਦਿੱਤਾ। ਇਹ ਟੈਸਟ ਅਪ੍ਰੈਲ 2016 ਵਿੱਚ ਹੋਇਆ ਅਤੇ ਉਸ ਦੀ ਰਿਪੋਰਟ ਨਵੰਬਰ 2016 ਵਿੱਚ ਮਿਲੀ। ਉਦੋਂ ਤੱਕ ਦੋਵਾਂ ਪਰਵਾਰਾਂ ਲਈ ਇਹ ਰਿਪੋਰਟ ਬੇਮਾਅਨੀ ਹੋ ਚੁੱਕੀ ਸੀ, ਕਿਉਂਕਿ ਦੋਵਾਂ ਜੋੜਿਆਂ ਨੂੰ ਇਸ ਸਮੇਂ ਦੌਰਾਨ ਆਪਣੇ ਬੱਚਿਆਂ ਨਾਲ ਲਗਾਅ ਹੋ ਗਿਆ ਸੀ ਅਤੇ ਦੋਵਾਂ ਪਰਵਾਰਾਂ ‘ਚੋਂ ਕੋਈ ਵੀ ਉਨ੍ਹਾਂ ਨਾਲੋਂ ਵਿਛੜਨ ਲਈ ਤਿਆਰ ਨਹੀਂ ਸੀ। ਹੁਣ ਦੋਵਾਂ ਪਰਵਾਰਾਂ ਨੇ ਆਪਸੀ ਸਹਿਮਤੀ ਨਾਲ ਫੈਸਲਾ ਲਿਆ ਹੈ ਕਿ ਉਹ ਬਦਲੇ ਹੋਏ ਬੱਚਿਆਂ ਦਾ ਹੀ ਆਪਣੇ ਬੱਚਿਆਂ ਵਜੋਂ ਪਾਲਣ-ਪੋਸ਼ਣ ਕਰਨਗੇ।
ਜਦੋਂ ਉਨ੍ਹਾਂ ਨੇ ਇਹ ਪਰਖਣ ਦੀ ਕੋਸ਼ਿਸ਼ ਕੀਤੀ ਕਿ ਅਦਲਾ-ਬਦਲੀ ‘ਤੇ ਬੱਚਿਆਂ ਦੀ ਪ੍ਰਤੀਕਿਰਿਆ ਕੀ ਹੋਵੇਗੀ ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਦੋਵੇਂ ਬੱਚੇ ਵੀ ਆਪਣੀਆਂ ਅਸਲੀ ਮਾਵਾਂ ਕੋਲ ਜਾਣ ਲਈ ਤਿਆਰ ਨਹੀਂ ਸਨ।