ਖੁਰਾਕ ਸਪਲਾਈ ਮੰਤਰੀ ਵੱਲੋਂ ਡਿਫਾਲਟਰਾਂ ਖਿਲਾਫ ਕਰੜੀ ਕਾਰਵਾਈ


ਚੰਡੀਗੜ੍ਹ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੋ ਮਿੱਲਰਾਂ ਦੇ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਨੂੰ 12 ਕਰੋੜ ਰੁਪਏ ਦੇ ਝੋਨੇ ਦੇ ਸਟਾਕ ਦੇ ਗਬਨ ਵਿੱਚ ਸ਼ਾਮਲ ਪਾਇਆ ਗਿਆ ਹੈ। ਇਸ ਤੋਂ ਇਲਾਵਾ ਖੁਰਾਕ ਤੇ ਸਪਲਾਈ ਮੰਤਰੀ ਵੱਲੋਂ ਪਨਸਪ ਦੇ ਤਿੰਨ ਮੁਲਾਜ਼ਮਾਂ ਨੂੰ ਆਪਣੇ ਫਰਜ਼ ਨਿਭਾਉਣ ਵਿੱਚ ਕੁਤਾਹੀ ਕਰਨ ਕਰਕੇ ਸਸਪੈਂਡ ਕੀਤਾ ਗਿਆ ਹੈ।
ਖੁਰਾਕ ਤੇ ਸਪਲਾਈ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਕੌਮੀ ਵਸੀਲਿਆਂ ‘ਚ ਬੇਨਿਯਮੀਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੇ ਫਰਜ਼ ਨਿਭਾਉਣ ਵਿੱਚ ਵਿਖਾਈ ਕੁਤਾਹੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਪਨਸਪ ਦੇ ਫਰੀਦਕੋਟ ਜ਼ਿਲਾ ਇੰਚਾਰਜ ਅੰਮ੍ਰਿਤਪਾਲ ਸਿੰਘ, ਪੀ ਡੀ ਸੀ ਫਰੀਦਕੋਟ ਹੰਸਾ ਸਿੰਘ ਤੇ ਇੰਸਪੈਕਟਰ ਮਲੋਟ ਗੁਰਦੀਪ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ। ਐਵਰੈਸਟ ਰਾਈਸ ਇੰਡਸਟ੍ਰੀਜ਼ ਫਰੀਦਕੋਟ (ਮਾਲਕ ਮਲਕੀਅਤ ਸਿੰਘ) ਤੇ ਮੈਸਰਜ਼ ਅਮਾਇਰਾ ਫੂਡਜ਼ ਪ੍ਰਾਈਵੇਟ ਲਿਮਟਿਡ ਲੰਬੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ (ਮਾਲਕ-ਰਾਜਵੀਰ ਸਿੰਘ ਤੇ ਸਤਵੀਰ ਸ਼ਰਮਾ) ਵਿੱਚ ਪਾਏ ਗਏ ਝੋਨੇ ਦੇ ਘੱਟ ਸਟਾਕ, ਜੋ ਕਿ ਚੌਲਾਂ ਦੇ 96 ਵੈਗਨਾਂ ਦੇ ਬਰਾਬਰ ਹੈ ਤੇ ਤਕਰੀਬਨ 7.20 ਕਰੋੜ ਰੁਪਏ ਦੀ ਕੀਮਤ ਵਾਲਾ ਹੈ ਅਤੇ ਚੌਲਾਂ ਦੇ 63 ਵੈਗਨ ਜੋ ਕਿ 4.72 ਕਰੋੜ ਦੇ ਕਰੀਬ ਕੀਮਤ ਦੇ ਹਨ, ਦਾ ਵੱਡਾ ਜੁਰਮਾਨਾ ਆਇਦ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਟਾਕ ਵਿੱਚ ਇਹ ਘਾਟਾ ਜੀ ਐਮ (ਪ੍ਰੋਕਿਓਰਮੈਂਟ) ਦੀ ਅਗਵਾਈ ਤਹਿਤ ਮੁੱਖ ਦਫਤਰ ਦੀ ਇਕ ਟੀਮ ਵੱਲੋਂ ਸਟਾਕ ਦੀ ਅਚਨਚੇਤ ਚੈਕਿੰਗ ਦੌਰਾਨ ਸਾਹਮਣੇ ਆਇਆ ਸੀ। ਨੁਕਸਾਨ ਦੀ ਭਰਪਾਈ ਲਈ ਮਿੱਲਰਾਂ ਦੇ ਚੈਕ ਕਲੀਅਰੈਂਸ ਲਈ ਬੈਂਕਾਂ ਨੂੰ ਦੇ ਦਿੱਤੇ ਗਏ ਹਨ। ਪਨਸਪ ਦੇ ਹਿੱਤਾਂ ਦੀ ਰਾਖੀ ਲਈ ਤਕਰੀਬਨ ਅੱਠ ਕਰੋੜ ਦੀਆਂ ਜਾਇਦਾਦਾਂ ਉਤੇ ਨਿਸ਼ਾਨਦੇਹੀ ਕਰਕੇ ਰਕਮ ਵਸੂਲੀ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।