ਖੁਦ ਨੂੰ ਜੈਲਲਿਤਾ ਦਾ ਮੁਤਬੰਨਾ ਬੇਟਾ ਦੱਸਣ ਵਾਲੇ ਨੂੰ ਅਦਾਲਤ ਨੇ ਝਾੜ ਪਾਈ

jaililta son
ਚੇਨਈ, 18 ਮਾਰਚ (ਪੋਸਟ ਬਿਊਰੋ)- ਆਪਣੇ ਆਪ ਨੂੰ ਤਾਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦਾ ਗੋਦ ਲਿਆ (ਮੁਤਬੰਨਾ) ਬੇਟਾ ਦੱਸਣ ਵਾਲਾ ਇਕ ਵਿਅਕਤੀ ਕੱਲ੍ਹ ਹਾਈ ਕੋਰਟ ਦੀ ਨਾਰਾਜ਼ਗੀ ਦਾ ਸ਼ਿਕਾਰ ਹੋ ਗਿਆ। ਹਾਈ ਕੋਰਟ ਦੇ ਜਸਟਿਸ ਆਰ ਮਹਾਦੇਵਨ ਨੇ ਗੁੱਸੇ ਭਰੇ ਲਹਿਜ਼ੇ ਵਿੱਚ ਕਿਹਾ ਕਿ ਮੈਂ ਇਸ ਆਦਮੀ ਨੂੰ ਇਥੋਂ ਸਿੱਧਾ ਜੇਲ ਭੇਜ ਸਕਦਾ ਹਾਂ, ਮੈਂ ਪੁਲਸ ਨੂੰ ਕਹਾਂਗਾ ਕਿ ਉਹ ਇਸ ਨੂੰ ਹੁਣੇ ਜੇਲ ਲੈ ਜਾਵੇ।
ਆਪਣੇ ਆਪ ਨੂੰ ਜੈਲਲਿਤਾ ਦਾ ਗੋਦ ਲਿਆ ਬੇਟਾ ਦੱਸਣ ਵਾਲੇ ਉਕਤ ਵਿਅਕਤੀ ਦੀ ਪਛਾਣ ਕ੍ਰਿਸ਼ਨਾ ਮੂਰਤੀ ਵਜੋਂ ਹੋਈ ਹੈ। ਉਸ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਹ ਜੈਲਲਿਤਾ ਅਤੇ ਸਵਰਗੀ ਤੇਲਗੂ ਅਭਿਨੇਤਾ ਸ਼ੋਭਨ ਬਾਬੂ ਦਾ ਬੇਟਾ ਹੈ। ਆਪਣੀ ਗੱਲ ਸਾਬਤ ਕਰਨ ਲਈ ਉਸ ਨੇ ਕਈ ਦਸਤਾਵੇਜ਼ ਵੀ ਅਦਾਲਤ ਦੇ ਸਾਹਮਣੇ ਰੱਖੇ ਸਨ। ਇਨ੍ਹਾਂ ਵਿੱਚੋਂ ਗੋਦ ਲਏ ਜਾਣ ਨਾਲ ਜੁੜੇ ਦਸਾਤਵੇਜ਼ ਵੀ ਸ਼ਾਮਲ ਹਨ। ਉਸ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਜੈਲਲਿਤਾ ਦਾ ਬੇਟਾ ਐਲਾਨਿਆ ਜਾਵੇ, ਤਾਂ ਜੋ ਉਹ ਉਨ੍ਹਾਂ ਦੀ ਜਾਇਦਾਦ ਦਾ ਵਾਰਸ ਬਣ ਸਕੇ। ਜੱਜ ਨੇ ਕ੍ਰਿਸ਼ਨਾ ਮੂਰਤੀ ਨੂੰ ਚੇਨਈ ਦੇ ਕਮਿਸ਼ਨਰ ਅੱਗੇ ਕੱਲ੍ਹ ਪੇਸ਼ ਹੋ ਕੇ ਅਸਲੀ ਦਸਤਾਵੇਜ਼ ਪੁਸ਼ਟੀ ਲਈ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਦਾਲਤ ਨਾਲ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ। ਕ੍ਰਿਸ਼ਨਾ ਮੂਰਤੀ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਜਨਮ 1985 ਵਿੱਚ ਹੋਇਆ ਸੀ ਤੇ ਉਸ ਤੋਂ ਇਕ ਸਾਲ ਬਾਅਦ ਉਸ ਨੂੰ ਬਸੰਤ ਮਣੀ ਨਾਂ ਦੇ ਇਕ ਵਿਅਕਤੀ ਦੇ ਪਰਵਾਰ ਨੇ ਗੋਦ ਲੈ ਲਿਆ ਸੀ। ਬਸੰਤ ਮਣੀ 80 ਦੇ ਦਹਾਕੇ ਵਿੱਚ ਸਾਬਕਾ ਮੁੱਖ ਮੰਤਰੀ ਐਮ ਜੀ ਰਾਮਾਚੰਦਰਨ ਦੇ ਘਰ ਕੰਮ ਕਰ ਚੁੱਕਾ ਸੀ। ਪਟੀਸ਼ਨ ਕਰਤਾ ਮੁਤਾਬਕ ਰਾਮਾਚੰਦਰਨ ਦੇ ਬਤੌਰ ਗਵਾਹ ਇਸ ‘ਤੇ ਹਸਤਾਖਰ ਹਨ। ਇਸ ‘ਤੇ ਮਾਣਯੋਗ ਜੱਜ ਨੇ ਕਿਹਾ ਕਿ ਜਿਸ ਸਮੇਂ ਦੀ ਗੱਲ ਕ੍ਰਿਸ਼ਨਾ ਮੂਰਤੀ ਕਰ ਰਿਹਾ ਹੈ, ਉਦੋਂ ਰਾਮਾਚੰਦਰਨ ਆਪਣਾ ਇਕ ਹੱਥ ਹਿਲਾਉਣ ਦੀ ਹਾਲਤ ਵਿੱਚ ਨਹੀਂ ਸਨ।