ਖੁਦਕੁਸ਼ੀ ਕਰਦਾ ਨੌਜਵਾਨ ਦੇਖਣ ਗਏ ਲੋਕ ਪੁਲ ਟੁੱਟਣ ਕਾਰਨ ਨਦੀ ਵਿੱਚ ਡਿੱਗੇ, ਦੋ ਮੌਤਾਂ, 30 ਲਾਪਤਾ

bridge collapses in goa
ਪਣਜੀ, 19 ਮਈ (ਪੋਸਟ ਬਿਊਰੋ)- ਸਵੋਰਦੇਮ ਨਦੀ ਉੱਤੇ ਬਣਿਆ ਪੁਲ ਟੁੱਟ ਜਾਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤੀਹ ਅਜੇ ਤੱਕ ਲਾਪਤਾ ਹਨ। ਮ੍ਰਿਤਕਾਂ ਦੀ ਅਸਲ ਗਿਣਤੀ ਦਾ ਪਤਾ ਨਹੀਂ ਲੱਗ ਰਿਹਾ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਹਾਦਸੇ ਨੂੰ ਲੈ ਕੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨਾਲ ਫੋਨ ਉੱਤੇ ਗੱਲ ਕੀਤੀ, ਉਸ ਦੇ ਬਾਅਦ ਬਚਾਅ ਕੰਮ ਤੇਜ਼ ਕਰਨ ਲਈ ਸਮੁੰਦਰੀ ਫੌਜ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਰਤਗਾਲ ਸਰਕਾਰ ਦੇ ਜ਼ਮਾਨੇ ਦਾ ਬਣਾਇਆ ਇਹ ਪੁਲ ਕਾਫੀ ਖਸਤਾ ਹਾਲ ਵਿੱਚ ਸੀ। ਕੱਲ੍ਹ ਸ਼ਾਮ ਖਬਰ ਫੈਲੀ ਕਿ ਇੱਕ ਨੌਜਵਾਨ ਨੇ ਨਦੀ ਵਿੱਚ ਛਾਲ ਕੇ ਖੁਦਕੁਸ਼ੀ ਕਰ ਲਈ ਹੈ। ਪਤਾ ਲੱਗਦੇ ਸਾਰ ਫਾਇਰ ਬ੍ਰਿਗੇਡ ਦੀ ਟੀਮ ਨੇ ਨੌਜਵਾਨ ਦੀ ਤਲਾਸ਼ ਦਾ ਕੰਮ ਸ਼ੁਰੂ ਕਰ ਦਿੱਤਾ। ਆਸਪਾਸ ਦੇ ਪਿੰਡਾਂ ਦੇ ਲੋਕ ਵੀ ਬਚਾਅ ਕੰਮ ਨੂੰ ਦੇਖਣ ਲਈ ਪੁਲ ‘ਤੇ ਇਕੱਠੇ ਹੋ ਗਏ। ਦੱਖਣੀ ਗੋਆ ਦੇ ਐੱਸ ਪੀ ਸ਼ੇਖਰ ਪ੍ਰਭੂਦੇਸਾਈ ਦਾ ਕਹਿਣਾ ਹੈ ਕਿ ਤਕਰੀਬਨ ਪੰਜਾਹ ਲੋਕਾਂ ਦਾ ਬੋਝ ਖਸਤਾ ਹਾਲ ਪੁਲ ਸਹਿ ਨਹੀਂ ਸਕਿਆ ਅਤੇ ਟੁੱਟ ਗਿਆ। ਉਸ ਦੇ ਬਾਅਦ ਪੁਲ ‘ਤੇ ਚੜ੍ਹੇ ਲੋਕ ਪਾਣੀ ਵਿੱਚ ਡਿੱਗਣ ਲੱਗੇ ਅਤੇ ਕੁਝ ਰੁੜ੍ਹ ਗਏ। ਐੱਸ ਪੀ ਦਾ ਕਹਿਣਾ ਹੈ ਕਿ ਅਜੇ ਤੱਕ 15 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਬਚਾਅ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਪਰ ਲਾਪਤਾ ਲੋਕਾਂ ਦਾ ਪਤਾ ਨਹੀਂ ਲੱਗ ਰਿਹਾ ਹੈ। ਸਮੁੰਦਰੀ ਫੌਜ ਦੀ ਮਦਦ ਨਾਲ ਲੋਕਾਂ ਦੀ ਤਲਾਸ਼ ਦਾ ਕੰਮ ਕੀਤਾ ਜਾ ਰਿਹਾ ਹੈ।