ਖੁਆਜਾ ਪੀਰ

-ਸਤਨਾਮ ਚੌਹਾਨ
ਮੀਂਹ ਵਰ੍ਹ ਕੇ ਹਟਿਆ ਸੀ, ਦੂਰ ਅਸਮਾਨ ਵਿੱਚ ਸਤਰੰਗੀ ਪੀਂਘ ਪੈ ਗਈ ਸੀ। ਲੋਕ ਕਹਿੰਦੇ ਹਨ ਕਿ ਸਤਰੰਗੀ ਪੀਂਘ ਇੰਦਰ ਦੀ ਪਟਰਾਣੀ ਦੇ ਘੱਗਰੇ ਦਾ ਨਾਲਾ ਹੁੰਦੈ। ਖੇਤਾਂ ਵਿੱਚ ਕੰਮ ਕਰਦੇ ਜੀਤੇ ਨੂੰ ਉਸ ਦਾ ਸੀਰੀ ਜੇਠੂ ਕਹਿ ਰਿਹਾ ਸੀ, ਅੱਛਾ ਯਾਰ ਜੇਠਿਆ ਤੂੰ ਵੀ ਪੰਡਤਾਈਆਂ ਘੋਟਣ ਲੱਗ ਪਿਆ, ਯਾਰ ਜੀਤੇ ਨੇ ਜੇਠੇ ਨੂੰ ਕਿਹਾ। ਜੀਤਾ ਦੇਖ ਰਿਹਾ ਸੀ ਕਿ ਨਹਿਰ ਦੇ ਪਾਣੀ ਨਾਲ ਪੂਰੇ ਖੇਤਾਂ ਦੀ ਰੌਣੀ ਨਹੀਂ ਹੁੰਦੀ, ਹਰ ਵਾਰ ਫਸਲ ਪਛੇਤੀ ਹੋ ਜਾਂਦੀ ਹੈ। ਇਸ ਵਾਰ ਤਾਂ ਕੌੜਾ ਘੁੱਟ ਭਰਨਾ ਹੀ ਪੈਣਾ, ਜੀਤਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ।
ਸਾਲਾ, ਇਸ ਵਾਰ ਤਾਂ ਸਬਮਰਸੀਬਲ ਲਵਾ ਹੀ ਲੈਣਾ, ਹਰ ਸਾਲ ਦੇ ਇਸ ਦੁੱਖ ਤੋਂ ਛੁਟਕਾਰਾ ਹੋ ਜਾਵੇਗਾ। ਅੱਜ ਘਰੇ ਬਾਪੂ ਜੀ ਨਾਲ ਸਲਾਹ ਕਰਦਾ ਹਾਂ। ਇਹੀ ਸੋਚਦਾ ਹੋਇਆ ਜੀਤਾ ਫਿਰ ਅਸਮਾਨ ਵੱਲ ਵੇਖਣ ਲੱਗਾ। ਹੁਣ ਅਸਮਾਨ ‘ਤੇ ਕੋਈ-ਕੋਈ ਕੱਚੀ ਬੱਦਲੀ ਦਿਸ ਰਹੀ ਸੀ। ਮੀਂਹ ਹੋਰ ਆਉਣ ਦਾ ਨਿਸ਼ਾਨ ਨਹੀਂ ਨਜ਼ਰ ਆ ਰਿਹਾ ਸੀ। ਜੇਠਿਆ, ਚਰੀ ਦੀ ਪੰਡ ਟੋਕੇ ਕੋਲ ਰੱਖ, ਜੀਤੇ ਨੇ ਕਿਹਾ। ਜੇਠਾ ਚਰੀ ਟੋਕੇ ਕੋਲ ਰੱਖਣ ਲੱਗ ਪਿਆ।
ਬਿਜਲੀ ਹੈ ਨਹੀਂ ਭਾਊ, ਜੇਠੇ ਨੇ ਜੀਤੇ ਨੂੰ ਸੰਬੋਧਨ ਹੋ ਕੇ ਕਿਹਾ।
ਸਾਲਾ, ਇੱਕ ਬੋਰ ਪਾਣੀ ਨਹੀਂ ਚੁੱਕ ਰਿਹਾ, ਬਹੁਤ ਡੂੰਘਾ ਚਲਾ ਗਿਆ ਤੇ ਹੁਣ ਉਤੋਂ ਬਿਜਲੀ ਵੀ ਨਹੀਂ, ਜੀਤੇ ਨੇ ਉਲਾਹਮਾਂ ਦੇਣ ਵਾਂਗੂ ਆਪਣੇ ਆਪ ਨੂੰ ਕਿਹਾ।
ਚੱਲ ਆ ਭਾਊ ਮੈਂ ਹੱਥ ਨਾਲ ਟੋਕਾ ਗੇੜਦਾਂ, ਤੂੰ ਮੁੱਠਾ ਲਾ ਹੁਣ ਬੇਜ਼ੁਬਾਨਾਂ ਨੂੰ ਤਾਂ ਕੁਝ ਪਾਉਣਾ ਹੀ ਪੈਣਾ। ਜੇਠੇ ਨੇ ਜੀਤੇ ਨੂੰ ਸਿਆਣਾ ਜਿਹਾ ਬਣ ਆਖਿਆ। ਪੱਠੇ ਕੁਤਰ ਰੇਹੜੀ ‘ਤੇ ਰੱਖ ਦੋਵੇਂ ਪਿੰਡ ਵੱਲ ਚੱਲ ਪਏ।
ਘਰ ਬਾਪੂ ਡਿਓੜੀ ਵਿੱਚ ਹੀ ਮੰਜਾ ਡਾਹੀ ਪਿਆ ਸੀ। ਬਿਜਲੀ ਹੈ ਨਹੀਂ ਸੀ ਤੇ ਪੱਖਾ ਨਹੀਂ ਚੱਲ ਰਿਹਾ ਸੀ, ਗਰਮੀ ਬਹੁਤ ਹੋਣ ਕਰ ਕੇ ਬਾਪੂ ਅਕਸਰ ਬਾਹਰ ਮੰਜਾ ਡਾਹ ਲੈਂਦਾ। ਹਾਂ, ਪੁੱਤ ਜੀਤਿਆ, ਭਾਈ ਕਿਵੇਂ, ਕਿੰਨਾ ਕੁ ਮੀਂਹ ਪਿਆ?
ਜੀ ਮੀਂਹ ਤਾਂ ਐਵੇਂ ਛਟਾਕਾ ਜਿਹਾ ਸੀ, ਪਰ ਬਾਪੂ ਜੀ ਆਪਾਂ ਵੀ ਸਬਮਰਸੀਬਲ ਲਾ ਲਈਏ, ਬੋਰ ਤਾਂ ਪਾਣੀ ਨਹੀਂ ਚੁੱਕਣ ਡਿਹਾ ਜੇ, ਉਤੋਂ ਬਿਜਲੀ ਵੀ ਨਹੀਂ ਆਉਂਦੀ, ਜੀਤੇ ਨੇ ਬਾਪੂ ਨੂੰ ਦੱਸਿਆ। ਬਾਪੂ ਜੀ ਇਸ ਵਾਰ ਆਪਾਂ ਲੱਖ-ਡੇਢ ਲੱਖ ਖਰਚ ਹੀ ਦੇਣਾ ਭਾਵੇਂ ਆੜ੍ਹਤੀ ਤੋਂ ਅਗਾਊਂ ਲੈ ਕੇ ਹੀ ਸਹੀ, ਇਹ ਰੋਜ਼-ਰੋਜ਼ ਮੀਂਹ ਨੂੰ ਡੀਕਣਾ ਤੇ ਹੁਣ ਵੱਸ ਦਾ ਨਹੀਂ ਰਿਹਾ। ਫਸਲ ਵੱਢੀ ਗਈ, ਹੁਣ ਖੇਤ ਖਾਲੀ ਸਨ, ਜੀਰੀ ਮੰਡੀ ਜਾ ਚੁੱਕੀ ਸੀ।
ਆੜ੍ਹਤੀ ਤੋਂ ਪੈਸੇ ਕੇ ਸਬਮਰਸੀਬਲ ਲਾਉਣ ਦਾ ਸਾਮਾਨ ਆ ਗਿਆ। ਬੋਰ ਹੋਰ ਡੂੰਘਾ, ਹੋਰ ਡੂੰਘਾ ਕਰ ਦਿੱਤਾ, ਪਰ ਜਦੋਂ ਚਲਾਉਣ ਲੱਗੇ ਤਾਂ ਉਹ ਰੇਤ ਹੀ ਕੱਢੇ ਤੇ ਥੋੜ੍ਹੀ ਦੇਰ ਚੱਲ ਕੇ ਬੋਰ ਬਹਿ ਗਿਆ। ਫਿਰ ਦੁਬਾਰਾ ਬੋਰ ਕਰਨਾ ਪਿਆ, ਪਰ ਫਿਰ ਵੀ ਪਾਣੀ ਨਹੀਂ, ਰੇਤਾ ਹੀ ਆਇਆ। ਇਹ ਵੀ ਕੁਦਰਤ ਦਾ ਰੰਗ ਹੈ। ਇੰਨਾ ਪੈਸਾ ਲਗਾ ਦਿੱਤਾ ਤੇ ਪਾਣੀ ਦੀ ੂਬੰਦ ਨਹੀਂ ਆ ਰਹੀ।
ਬਾਪੂ ਵੀ ਪ੍ਰੇਸ਼ਾਨ ਸੀ ਇੰਨਾ ਪੈਸਾ ਆੜ੍ਹਤੀ ਤੋਂ ਲੈ ਕੇ ਸਬਮਰਸੀਬਲ ਲਗਾਇਆ ਜਾ ਰਿਹਾ ਸੀ, ਪਰ ਪਾਣੀ ਕਿਹੜੇ ਪਤਾਲੀਂ ਉਤਰ ਗਿਆ। ਮਨ ਹੀ ਮਨ ਸੋਚ ਰਿਹਾ ਬਾਪੂ ਝੂਰ ਰਿਹਾ ਸੀ ਆਪਣੇ ਆਪ ਨਾਲ ਪੈਸਾ ਵੀ ਲੱਗ ਗਿਆ…ਚਲੋ, ਹੋਰ ਕੋਸ਼ਿਸ ਕਰ ਕੇ ਦੇਖਦੇ ਹਾਂ। ਮਿਸਤਰੀ ਨੇ ਕਿਹਾ, ਜੋ ਸਬਮਰਸੀਬਲ ਲਗਾ ਰਿਹਾ ਸੀ।
ਹਾਂ ਭਾਈ, ਉਹ ਤਾਂ ਹੁਣ ਕਰਨੀ ਹੀ ਪੈਣੀ। ਬਾਪੂ ਨੇ ਮਿਸਤਰੀ ਨੂੰ ਸੰਬੋਧਨ ਹੋ ਕੇ ਆਖਿਆ।
ਫਿਕਰ ਜਿਹਾ ਲੈ ਕੇ ਦਿਲ ਵਿੱਚ ਨਾਲ ਹੀ ਖੇਤ ਵਿੱਚ ਪੀਰ ਬਿੱਲਾਂ ਵਾਲੇ ਦੀ ਮਜ਼ਾਰ ਵੱਲ ਆਸ ਭਰੀ ਨਜ਼ਰ ਨਾਲ ਦੇਖਿਆ। ਬਾਪੂ ਨੇ ਪਤਾ ਨਹੀਂ ਪੀਰ ਨੂੰ ਨਿਹੋਰਾ ਦਿੱਤਾ ਕਿ ਮਿੰਨਤ ਕੀਤੀ, ਪਤਾ ਨਹੀਂ, ਪਰ ਪਿਛਲੀ ਸਾਰੀ ਤਸਵੀਰ ਮਨ ਵਿੱਚ ਫਿਲਮੀ ਰੀਲ ਵਾਂਗੂੰ ਘੁੰਮ ਗਈ। ਕੁਝ ਗੱਲਾਂ ਤਾਂ ਬਾਪੂ ਜੀ ਨੇ ਹੀ ਦੱਸੀਆਂ ਸਨ।
47 ਦੀ ਵੰਡ ਤੋਂ ਬਾਅਦ ਜੋ ਜ਼ਮੀਨਾਂ ਆਬਾਦ ਹੋਈਆਂ, ਉਨ੍ਹਾਂ ਵਿੱਚ ਨਾਲ ਲੱਗਦੀ ਜ਼ਮੀਨ ਵਿੱਚ ਖੁਆਜੇ ਪੀਰ ਦੀ ਮਜ਼ਾਰ ਸੀ, ਜਿਸ ਦੇ ਨਾਲ ਇੱਕ ਵਿੱਘਾ ਜ਼ਮੀਨ ਮੁਸਲਮਾਨ ਜ਼ਿਮੀਂਦਾਰਾਂ ਨੇ ਛੱਡੀ ਹੋਈ ਸੀ, ਪਰ ਗੁਆਂਢੀ ਜ਼ਿਮੀਂਦਾਰ ਨੇ ਉਹ ਵਿੱਘਾ ਵੀ ਆਪਣੀ ਜ਼ਮੀਨ ਵਿੱਚ ਰਲਾ ਲਿਆ ਤੇ ਉਥੇ ਲੱਗਿਆ ਸ਼ਾਨਦਾਰ ਮਿੱਠੇ ਤੇ ਵਧੀਆ ਫਲ ਦੇਣ ਵਾਲਾ ਬਿੱਲ ਦਾ ਦਰੱਖਤ ਵੀ ਵੱਢ ਦਿੱਤਾ। ਕਹਿੰਦੇ ਜਦੋਂ ਉਸ ਗੁਆਂਢੀ ਕਿਸਾਨ ਦੀ ਮੌਤ ਹੋਣੀ ਸੀ ਤਾਂ ਪੀਰ ਉਹਦੀ ਜਾਨ ਨਾ ਨਿਕਲਣ ਦੇਵੇ। ਉਸ ਨੇ ਆਪਣੀਆਂ ਨੂੰਹਾਂ ਨੂੰ ਸਿਆਲ ਦੇ ਦਿਨਾਂ ਵਿੱਚ ਪੈਂਦੇ ਮੀਂਹ ਵਿੱਚ ਪੀਰ ਦੀ ਨਿਆਜ ਦੇਣ ਭੇਜਿਆ ਤਾਂ ਜਾ ਕੇ ਉਸ ਦੀ ਖਲਾਸੀ ਹੋਈ। ਹਾਂ ਲੋੜ ਵੇਲੇ ਬੰਦਾ ਹਰ ਖੂਹ ਪੁੱਟਣ ਨੂੰ ਤਿਆਰ ਹੋ ਜਾਂਦਾ, ਜੀਤਾ ਮਨ ਹੀ ਮਨ ਸੋਚ ਰਿਹਾ ਸੀ। ਜੀਤੇ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮਜ਼ਾਰ ‘ਤੇ ਸੁੱਖ ਸੁੱਖੇ ਕਿ ਸਬਮਰਸੀਬਲ ਦੇ ਠੀਕ ਲੱਗ ਜਾਣ ਦੀ ਅਰਦਾਸ ਕੀਤੀ ਜਾਵੇ। ਜੀਤੇ ਨੇ ਮਨ ਹੀ ਮਨ ਸੋਚਿਆ ਕਿ ਸ਼ਾਇਦ ਖੁਆਜਾ ਪੀਰ ਹੀ ਨਾ ਲੱਗਣ ਦੇ ਰਿਹਾ ਹੋਵੇ ਬੋਰ ਕਿਉਂਕਿ ਭਾਵੇਂ ਵੰਡ ਹੋ ਗਈ ਸੀ, ਹਿੰਦੂ-ਸਿੱਖ ਇਧਰ ਤੇ ਮੁਸਲਮਾਨ ਪਾਕਿਸਤਾਨ ਚਲੇ ਗਏ, ਪਰ ਫਿਰ ਵੀ ਲੋਕਾਂ ਦੇ ਮਨਾਂ ਵਿੱਚ ਪੀਰਾਂ-ਫਕੀਰਾਂ ਪ੍ਰਤੀ ਸ਼ਰਧਾ ਵਿੱਚ ਕੋਈ ਫਰਕ ਨਹੀਂ ਆਇਆ ਸੀ। ਲੋਕ ਹੁਣ ਵੀ ਓਨੇ ਹੀ ਆਦਰ ਨਾਲ ਦੀਵਾਲੀ ਦਾ ਦੀਵਾ ਪੀਰ ਦੀ ਮਜ਼ਾਰ ਅਤੇ ਖੂਹ ‘ਤੇ ਵੀ ਜਗਾਉਂਦੇ। ਇਹ ਧਰਮਾਂ ਦੀਆਂ ਵੰਡੀਆਂ ਪਾ ਕੇ ਸਿਆਸੀ ਲੋਕ ਲਾਹਾ ਲੈਂਦੇ ਹਨ। ਜੀਤੇ ਨੇ ਸੋਚਿਆ ਕਿੰਨਾ ਚੰਗਾ ਹੁੰਦਾ, ਜੇ ਵੰਡ ਨਾ ਹੁੰਦੀ ਤਾਂ ਉਹ ਵੀ ਬੀਰੇ ਨੂੰ ਲਾਹੌਰੋਂ ਸੂਟ ਤੇ ਦੁਪੱਟੇ ਲਿਆ ਕੇ ਦਿੰਦਾ। ਸੋਹਣੀਆਂ, ਸੋਹਣੀਆਂ ਚੂੜੀਆਂ-ਪਰਾਂਦੇ ਲਾਹੌਰ ਦੇ। ਜੀਤੇ ਦੇ ਮਨ ਵਿੱਚ ਰੁਮਾਸ ਜਿਹਾ ਉਠਿਆ, ਬੀਰੋ ਕਿਤੇ ਕੋਈ ਘੱਟ ਥੋੜ੍ਹੀ ਹੈ। ਉਹ ਵੀ ਲਾਹੌਰਨਾਂ ਵਰਗੀ ਉਚੀ ਲੰਮੀ ਤੇ ਸੋਹਣੀ ਸੁਨੱਖੀ ਹੈ। ਉਸ ਦੇ ਵੀ ਤਿੱਖੇ ਨੱਕ ਵਿੱਚ ਲੌਂਗ ਲਿਸ਼ਕਾਰੇ ਮਾਰਦਾ। ਸੋਚਦਾ ਸੋਚਦਾ ਜੀਤਾ ਘਰ ਪਹੁੰਚ ਗਿਆ।
ਦਲਾਨ ਵਿੱਚ ਬੈਠੀ ਮਾਂ ਨੂੰ ਕਹਿੰਦਾ, ਬੀਬੀ ਤੂੰ ਅੱਜ ਮਿੱਠੇ ਚੌਲ ਬਣਾ ਕੇ ਲਿਆਵੀਂ ਤੇ ਪੀਰ ਖੁਆਜੇ ਦਾ ਮੱਥਾ ਟੇਕੀਂ, ਸ਼ਾਇਦ ਆਪਣਾ ਬੋਰ ਚੱਲ ਹੀ ਪਵੇ। ਮੇਰਾ ਮਨ ਕਹਿੰਦਾ ਆਪਣੇ ਮੁੱਢ-ਗੁਆਂਢ ਪੀਰ ਬਿੱਲਾਂ ਵਾਲੇ ਦੀ ਮਜ਼ਾਰ ਹੈ। ਫਿਰ ਵੀ ਸੰਤ ਸਾਧਾਂ ਕੋਲ ਕੁਝ ਤਾਂ ਬਰਕਤ ਖੁਦਾ ਦੀ ਹੰੁਦੀ ਹੈ ਹੋਵੇਗੀ। ਜੀਤੇ ਨੇ ਮਾਂ ਨੂੰ ਸਿਆਣਿਆਂ ਵਾਂਗ ਮੱਤ ਦਿੱਤੀ।
ਠੀਕ ਹੈ ਪੁੱਤ, ਮੈਂ ਆਊਂ ਸ਼ਾਮੀਂ ਮਿੱਠੇ ਚਾਵਲ ਬਣਾ ਕੇ ਪੀਰਾਂ ਦਾ ਮੱਥਾ ਟੇਕਣ ਲਈ। ਸ਼ਾਮੀਂ ਜੀਤੇ ਦੀ ਬੀਬੀ ਨੇ ਮਿੱਠੇ ਚੌਲ ਪੀਰਾਂ ਦੀ ਮਜ਼ਾਰ ‘ਤੇ ਚੜ੍ਹਾ ਅਰਦਾਸ ਕੀਤੀ, ਖੁਆਜਾ ਪੀਰ ਕ੍ਰਿਪਾ ਕਰ, ਆਪਣੇ ਚਾਂਦੀ ਜਿਹੇ ਪਾਣੀ ਨਾਲ ਸਾਨੂੰ ਖੁਸ਼ਹਾਲੀ ਦੇ ਦੇ, ਭੁੱਲ ਚੁੱਕ ਮੁਆਫ ਕਰੀਂ ਬਾਬਾ ਤੇ ਬੀਬੀ ਨੇ ਚਿਰਾਗ ਬਾਲਿਆ।
ਮਿਸਤਰੀ ਹੁਣ ਤੀਜੀ ਥਾਵੇਂ ਬੋਰ ਲਾ ਰਿਹਾ ਸੀ। ਇਹ ਥਾਂ ਸ਼ਾਇਦ ਪਾਣੀ ਵਾਲੀ ਸੀ ਜਾਂ ਪੀਰਾਂ ਦੀ ਰਹਿਮਤ ਸੀ, ਪਰ ਲੱਗਦਾ ਸੀ ਹੁਣ ਬੋਰ ਪਾਣੀ ਦੇਵੇਗਾ। ਥੋੜ੍ਹੀ ਜਿਹੀ ਰੇਤ ਕੱਢਣ ਤੋਂ ਬਾਅਦ ਪਹਿਲਾਂ ਪਾਂਡੂ ਵਾਲਾ ਪੀਲਾ ਜਿਹਾ ਤੇ ਮਿੱਟੀ ਰੰਗਾ ਪਾਣੀ ਆਇਆ ਤੇ ਫਿਰ ਚਾਂਦੀ ਵਰਗੇ ਪਾਣੀ ਦੀ ਧਾਰ ਆਈ। ਬਾਪੂ ਤੇ ਮਿਸਤਰੀ ਦੋਵੇਂ ਖੁਸ਼ ਸਨ, ਚਲੋ ਪ੍ਰਮਾਤਮਾ ਨੇ ਸੁਣ ਲਈ ਹੈ। ਮਿਹਨਤ ਤੇ ਪੈਸਾ ਸਕਾਰਥਾ ਹੋਇਆ। ਪਰ ਜੀਤੇ ਨੇ ਮਜ਼ਾਰ ਵੱਲ ਸਿਜਦਾ ਕਰ ਕੇ ਪੀਰਾਂ ਦਾ ਧੰਨਵਾਦ ਕੀਤਾ, ਉਸ ਨੂੰ ਲੱਗ ਰਿਹਾ ਸੀ ਸ਼ਾਇਦ ਇਹ ਪੀਰ ਬਿੱਲਾਂ ਵਾਲੇ ਦੀ ਕਿਰਪਾ ਵਿਸ਼ਵਾਸ, ਭਾਵੇਂ ਪੱਥਰ ‘ਤੇ ਕਰ ਲਵੋ, ਜੀਤਾ ਖੁਸ਼ ਸੀ।