ਖਾਸ ਭੱਤਿਆਂ ਵਿੱਚ ਕਟੌਤੀ ਤੋਂ ਚਿੰਤਤ ਹਨ ਕੈਨੇਡੀਅਨ ਫੋਰਸਿਜ਼ ਦੇ ਮੈਂਬਰ

ਵਿਰੋਧੀ ਧਿਰ ਵੀ ਫੈਸਲੇ ਤੋਂ ਖਫਾ
ਦੇਸ਼ ਲਈ ਹਮੇਸ਼ਾਂ ਮਰ ਮਿਟਣ ਤੇ ਹਾਈ ਰਿਸਕ ਡਿਊਟੀਆਂ ਲਈ ਸਦਾ ਤਿਆਰ ਰਹਿਣ ਵਾਲੇ ਕੈਨੇਡੀਅਨ ਆਰਮਡ ਫੋਰਸਿਜ਼ ਦੇ ਕੁੱਝ ਮੈਂਬਰਾਂ ਨੂੰ ਮਿਲਣ ਵਾਲੇ ਖਾਸ ਮਹੀਨਾਵਾਰੀ ਭੱਤੇ ਨੂੰ ਉਨ੍ਹਾਂ ਦੇ ਬਿਮਾਰ ਪੈਣ ਜਾਂ 180 ਦਿਨਾਂ ਤੋਂ ਵੱਧ ਤੱਕ ਜ਼ਖ਼ਮੀ ਰਹਿਣ ਦੀ ਸੂਰਤ ਵਿੱਚ ਕੱਟ ਲਏ ਜਾਣ ਲਈ ਲਿਆਂਦੀ ਨਵੀਂ ਵਿਵਾਦਗ੍ਰਸਤ ਨੀਤੀ ਤੋਂ ਕੁੱਝ ਮੈਂਬਰ ਪਰੇਸ਼ਾਨ ਹਨ।
ਸੀਨੀਅਰ ਸੈਨਿਕਾਂ ਦੇ ਵਕੀਲ ਮਾਰਕ ਕੈਂਪਬੈਲ ਨੇ ਆਖਿਆ ਕਿ ਤੁਸੀਂ ਉਸ ਪੈਸੇ ਨੂੰ ਕਿਉਂ ਖੋਹਣਾ ਚਾਹੁੰਦੇ ਹੋਂ ਜਿਸ ਉੱਤੇ ਅਜਿਹੇ ਯੋਧਿਆਂ ਦੇ ਪਰਿਵਾਰ ਉਸ ਸਮੇਂ ਨਿਰਭਰ ਕਰਦੇ ਹਨ ਜਦੋਂ ਇਹ ਸੈਨਿਕ ਆਪਣੇ ਸੱਭ ਤੋਂ ਕਮਜ਼ੋਰ ਸਮੇਂ ਵਿੱਚੋਂ ਲੰਘ ਰਹੇ ਹੁੰਦੇ ਹਨ, ਜਦੋਂ ਉਹ ਟੁੱਟੇ ਹੁੰਦੇ ਹਨ ਤੇ ਆਪਣੇ ਆਪ ਨੂੰ ਮੁੜ ਖੜ੍ਹਾ ਕਰਨ ਦੀ ਕੋਸਿ਼ਸ਼ ਕਰ ਰਹੇ ਹੁੰਦੇ ਹਨ।
ਇਸ ਨਵੀਂ ਨੀਤੀ ਤਹਿਤ ਕੈਨੇਡਾ ਦੇ ਸੱਭ ਤੋਂ ਅਲੀਟ ਕਮਾਂਡੋਜ਼ ਨੂੰ ਛੇ ਮਹੀਨਿਆਂ ਵਿੱਚ 23000 ਡਾਲਰ ਤੋਂ ਹੱਥ ਧੁਆਉਣੇ ਪੈ ਸਕਦੇ ਹਨ। ਪਰ ਇਹ ਨਵੇਂ ਨਿਯਮ ਸਪੈਸ਼ਲ ਆਪਰੇਸ਼ਨਜ਼ ਫੋਰਸਿਜ਼ ਮੈਂਬਰਾਂ ਉੱਤੇ ਵੀ ਲਾਗੂ ਹੁੰਦੇ ਹਨ, ਜ਼ਖ਼ਮੀ ਜਾਂ ਬਿਮਾਰ ਸੈਨਿਕਾਂ, ਸੇਲਰਜ਼ ਤੋਂ 5000 ਡਾਲਰ ਜਦਕਿ ਏਅਰ ਕ੍ਰਿਊ ਤੋਂ 3700 ਡਾਲਰ ਦੀ ਕਟੌਤੀ ਕੀਤੀ ਜਾਵੇਗੀ।
ਵੂੰਡਿਡ ਵਾਰੀਅਰਜ਼ ਕੇਨੇਡਾ ਦੇ ਫਿਲ ਰਾਲਫ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਵਿੱਚ ਹੁਣ ਅਜਿਹਾ ਹੋਵੇਗਾ ਕਿ ਲੋਕ ਆਪਣੇ ਜ਼ਖ਼ਮਾਂ ਨੂੰ ਲੁਕਾਉਣਗੇ ਤੇ ਇਸ ਲਈ ਸਾਹਮਣੇ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਨੂੰ ਇਹ ਵਾਧੂ ਫੰਡ ਆਪਣੇ ਪਰਿਵਾਰ ਤੇ ਖੁਦ ਲਈ ਚਾਹੀਦੇ ਹੋਣਗੇ। ਲੈਫਟੀਨੈਂਟ ਜਨਰਲ ਚਾਰਲਸ ਲੈਮੈਰੇ ਨੇ ਆਖਿਆ ਕਿ ਅਸੀਂ ਪੇਅ ਸਿਸਟਮ ਨਾਲ ਆਪ ਰਲ ਕੇ ਕੰਮ ਕਰਾਂਗੇ ਤੇ ਇਹ ਯਕੀਨੀ ਬਣਾਵਾਂਗੇ ਕਿ ਰਿਕਵਰੀ ਸਹੀ ਢੰਗ ਨਾਲ ਕੀਤੀ ਜਾ ਸਕੇ ਜਿਸ ਨਾਲ ਸੈਨਿਕਾਂ ਉੱਤੇ ਵੀ ਵਾਧੂ ਬੋਝ ਨਾ ਪਵੇ।
ਹਾਲਾਂਕਿ ਇਹ ਨੀਤੀ ਪਹਿਲੀ ਸਤੰਬਰ ਤੋਂ ਲਾਗੂ ਕਰ ਦਿੱਤੀ ਗਈ ਹੈ, ਪਰ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਇਸ ਨੂੰ ਲਾਗੂ ਕਰਨ ਵਿੱਚ ਕਾਫੀ ਮੱਠੀ ਰਫਤਾਰ ਤੋਂ ਕੰਮ ਲੈ ਰਿਹਾ ਹੈ। ਹੁਣ ਜਦੋਂ ਇਹ ਨੀਤੀ ਲਾਗੂ ਹੋ ਚੁੱਕੀ ਹੈ ਤਾਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਭੱਤਿਆਂ ਨੂੰ ਵੀ ਵਾਪਿਸ ਲਿਆ ਜਾਵੇਗਾ। ਇਸੇ ਦੌਰਾਨ ਕੰਜ਼ਰਵੇਟਿਵ ਹਾਊਸ ਲੀਡਰ ਕੈਂਡਿਸ ਬਰਜਨ ਨੇ ਆਖਿਆ ਕਿ ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਜਿੰ਼ਦਗੀਆਂ ਤੱਕ ਦਾਅ ਉੱਤੇ ਲਾ ਦਿੱਤੀਆਂ ਉਨ੍ਹਾਂ ਤੋਂ ਇਹ ਭੱਤੇ ਵਾਪਿਸ ਲੈਣ ਦਾ ਫੈਸਲਾ ਬਹੁਤ ਹੀ ਬੇਕਿਰਕਾ ਤੇ ਦਿਲ ਨੂੰ ਟੁੰਬ ਦੇਣ ਵਾਲਾ ਹੈ।