ਖਾਲੀ ਹੱਥ

-ਹਰਪਾਲ ਸੰਧਾਵਾਲੀਆ
ਹਫੜਾ ਦਫੜੀ ਮੱਚੀ ਹੋਈ। ਚੁਫੇਰੇ ਡਰ ਪਸਰਿਆ ਹੋਇਆ ਸੀ। ਇਕ ਕਾਂ ਕੁਝ ਬੋਲਿਆ ਅਤੇ ਫਿਰ ਨਿਡਰ ਹੋ ਕੇ ਬੈਠਾ ਰਿਹਾ। ਉਹ ਮੁਸਕੁਰਾਈ ਤੇ ਬੋਲੀ, ‘ਮੈਂ ਜਿੱਧਰ ਵੀ ਜਾਵਾਂ, ਅਜਿਹਾ ਮਾਹੌਲ ਖੁਦ-ਬ-ਖੁਦ ਬਣ ਜਾਂਦਾ ਹੈ।’ ਫਿਰ ਅੱਗੇ ਵਧੀ ਤੇ ਲਗਭਗ ਬੇਸੁਰਤ ਪਏ ਬਾਦਸ਼ਾਹ ਦੇ ਸਿਰਹਾਣੇ ਆ ਬੈਠੀ। ਮਾਂ ਵਾਂਗ ਉਸ ਦਾ ਸਿਰ ਆਪਣੀ ਗੋਦੀ ਵਿੱਚ ਲਿਆ ਤੇ ਵਾਲ ਸਹਿਲਾਉਣ ਲੱਗੀ। ਬਾਦਸ਼ਾਹ ਨੇ ਅੱਖਾਂ ਪੁੱਟੀਆਂ। ਉਹ ਮੁਸਕੁਰਾਈ। ਬਾਦਸ਼ਾਹ ਡਰ ਨਾਲ ਕੰਬਣ ਲੱਗਿਆ। ਤਰੇਲੀ ਆਉਣ ਕਾਰਨ ਮੱਥਾ ਮੁੜ੍ਹਕੇ ਨਾਲ ਭਰ ਗਿਆ। ਬਾਦਸ਼ਾਹ ਦੀ ਹਾਲਤ ਵੇਖ ਕੇ ਸ਼ਾਹੀ ਹਕੀਮ ਭੱਜਾ ਆਇਆ। ਚਾਂਦੀ ਦੇ ਚਮਚੇ ਨਾਲ ਦਵਾਈ ਮੂੰਹ ਵਿੱਚ ਪਾਉਂਦਾ ਬੋਲਿਆ, ‘ਘਬਰਾਉ ਨਾ ਬਾਦਸ਼ਾਹ, ਤੁਸੀਂ ਬਹੁਤ ਜਲਦੀ ਠੀਕ ਹੋ ਜਾਵੋਗੇ। ਤੁਹਾਨੂੰ ਠੀਕ ਕਰਨਾ ਮੇਰੀ ਜ਼ਿੰਮੇਵਾਰੀ ਹੈ।’ ਇਹ ਸੁਣ ਕੇ ਉਸ ਦਾ ਹਾਸਾ ਨਿਕਲਦੇ-ਨਿਕਲਦੇ ਰੁਕਿਆ ਤੇ ਬਾਦਸ਼ਾਹ ਦਾ ਰੋਣਾ। ਫਿਰ ਬਾਦਸ਼ਾਹ ਨੇ ਖੁਦ ਨੂੰ ਸੰਭਾਲਿਆ ਅਤੇ ਸੋਚਿਆ ਕਿ ਉਹ ਉਸ ਤੋਂ ਕਿਉਂ ਡਰਿਆ। ਉਹ ਤਾਂ ਉਸ ਦੀ ਗੁਲਾਮ ਹੋਇਆ ਕਰਦੀ ਸੀ। ਉਸ ਦੇ ਹੁਕਮ ‘ਤੇ ਤੀਰ ਦੀ ਨੋਕ ਨਾਲ ਬੱਝ ਕੇ ਹਜ਼ਾਰਾਂ ਹਿੱਕਾਂ ਤੱਕ ਅੱਪੜੀ ਸੀ। ਅੱਜ ਉਸ ਨੂੰ ਹੀ ਡਰਾਉਣ ਆ ਗਈ।
ਉਸ ਨੇ ਬਾਦਸ਼ਾਹ ਦਾ ਸਿਰ ਪਲੋਸਦਿਆਂ ਮੁਸਕੁਰਾ ਕੇ ਨਰਮ ਆਵਾਜ਼ ਵਿੱਚ ਕਿਹਾ, ‘ਬਾਦਸ਼ਾਹ, ਪਛਾਣ ਲਿਆ ਮੈਨੂੰ?’
‘ਪਛਾਣਿਆ ਕਿਉਂ ਨਹੀਂ! ਤੇਰੇ ਨਾਲ ਤਾਂ ਖੇਡਦਾ ਰਿਹਾ ਹਾਂ ਸਾਰੀ ਉਮਰ।’
‘ਫਿਰ ਡਰਿਆ ਕਿਉਂ ਮੇਰੇ ਕੋਲੋਂ?’
‘ਡਰਿਆ? ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਤੈਨੂੰ ਵੇਖ ਕੇ ਡਰਿਆ?’
‘ਮੈਥੋਂ ਕੁਝ ਨਾ ਛੁਪਾ ਬਾਦਸ਼ਾਹ। ਮੈਂ ਤੈਨੂੰ ਡਰਾਉਣ ਨਹੀਂ ਲੈਣ ਆਈ ਹਾਂ। ਚੱਲ ਹੁਣ ਚੱਲੀਏ।’
ਇਹ ਸੁਣ ਕੇ ਬਾਦਸ਼ਾਹ ਹੋਰ ਡਰ ਗਿਆ। ਫਿਰ ਸੋਚਣ ਲੱਗਿਆ, ‘ਅਜਿਹੇ ਮੌਕੇ ਕੌਣ ਨਹੀਂ ਡਰਦਾ? ਜਦੋਂ ਸਿਰਹਾਣੇ ਮੌਤ ਬੈਠੀ ਹੋਵੇ ਅਤੇ ਨਾਲ ਲਿਜਾਣ ‘ਤੇ ਤੁਲੀ ਹੋਵੇ ਤਾਂ ਹੋਰ ਕੋਈ ਡਰਦਾ ਹੈ। ਕੋਈ ਹੋਰ ਡਰੇ ਤਾਂ ਡਰੇ, ਇਕ ਬਾਦਸ਼ਾਹ ਕਿਉਂ ਡਰੇ, ਉਹ ਵੀ ਸਿਕੰਦਰ ਵਰਗਾ ਮਹਾਨ ਬਾਦਸ਼ਾਹ। ਜਿਸ ਦੇ ਨਾਂ ਤੋਂ ਸਾਰੇ ਡਰਦੇ ਸਨ, ਮੌਤ ਵੀ।’ ਫਿਰ ਉਸ ਨੇ ਆਪਣਾ ਸਿਕੰਦਰੀ ਰੋਅਬ ਇਕੱਠਾ ਕੀਤਾ ਅਤੇ ਬਚੀ ਹੋਈ ਤਾਕਤ ਨਾਲ ਆਪਣੇ ਅਹਿਲਕਾਰਾਂ ਨੂੰ ਬੁਲਾਉਣ ਲਈ ਹੱਥ ਉਪਰ ਚੁੱਖਿਆ। ਅਹਿਲਕਾਰ ਜਰਨੈਲ ਉਸ ਵੱਲ ਭੱਜੇ। ਇਸ ਤੋਂ ਪਹਿਲਾਂ ਕਿ ਉਹ ਉਨ੍ਹਾਂ ਕੋਈ ਹੁਕਮ ਦਿੰਦਾ, ਮੌਤ ਨੇ ਬਾਦਸ਼ਾਹ ਦੇ ਲਗਭਗ ਬੇਜਾਨ ਹੱਥ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਬੋਲੀ, ‘ਬਾਦਸ਼ਾਹ, ਕੋਈ ਫਾਇਦਾ ਨਹੀਂ। ਇਹ ਜਰਨੈਲ, ਇਹ ਫੌਜ ਮੈਨੂੰ ਬੁਲਾ ਤਾਂ ਸਕਦੇ ਹਨ, ਪਰ ਭਜਾ ਨਹੀਂ ਸਕਦੇ। ਇਹ ਹਜ਼ਾਰਾਂ ਲੋਕਾਂ ਨੂੰ ਮਾਰ ਤਾਂ ਸਕਦੇ ਹਨ, ਪਰ ਮਰਦੇ ਹੋਏ ਇਕ ਵਿਅਕਤੀ ਨੂੰ ਵੀ ਬਚਾ ਨਹੀਂ ਸਕਦੇ।’
ਬਾਦਸ਼ਾਹ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਖੁਦ ਨੂੰ ਲਾਚਾਰ ਮਹਿਸੂਸ ਕੀਤਾ। ਫਿਰ ਬੇਵੱਸ ਆਵਾਜ਼ ਵਿੱਚ ਬੋਲਿਆ, ‘ਪਰ ਤੂੰ ਇੰਨੀ ਛੇਤੀ ਕਿਉਂ ਆ ਗਈ? ਕੀ ਤੂੰ ਇਹ ਸੋਚ ਕੇ ਇੰਨੀ ਛੇਤੀ ਆਈ ਹੈ ਕਿ ਮੈਂ ਅਣਗਿਣਤ ਸਿਰ ਜਿੱਤ ਲਏ, ਅਣਮਿਣਤ ਧਰਤੀ ਮੱਲ ਲਈ ਹੈ, ਪਰ ਮੈਂ ਤਾਂ ਅਜੇ ਰੱਜਿਆ ਨਹੀਂ। ਪਹਿਲਾਂ ਬਿਆਸ ਨੇ ਵਾਪਸ ਮੋੜ ਦਿੱਤਾ ਤੇ ਹੁਣ ਤੂੰ ਆ ਗਈ, ਆਪਣੇ ਨਾਲ ਹੀ ਲੈ ਜਾਣ ਲਈ।’
ਮੌਤ ਸਿਰਫ ਮੁਸਕੁਰਾਈ। ਉਸ ਦੀ ਮੁਸਕੁਰਾਹਟ ਵਿੱਚ ਵਿਅੰਗ ਸੀ ਜਾਂ ਗੁੱਸਾ, ਬਾਦਸ਼ਾਹ ਸਮਝ ਨਹੀਂ ਸਕਿਆ। ਉਹ ਹੋਰ ਵੀ ਬੇਵੱਸ ਆਵਾਜ਼ ਵਿੱਚ ਬੋਲਿਆ, ‘ਤੈਨੂੰ ਪਤਾ ਨਹੀਂ ਕਿ ਮੇਰੇ ਲਈ ਵਾਪਸ ਮੁੜਨਾ ਕਿੰਨਾ ਔਖਾ ਸੀ। ਮੈਨੂੰ ਧਰਤੀ ਦੀ ਭੁੱਖ ਸੀ, ਪਰ ਬਿਆਸ ਨੇ ਤਿ੍ਰਪਤ ਨਹੀਂ ਹੋਣ ਦਿੱਤੀ। ਮੈਨੂੰ ਇੰਜ ਲੱਗਿਆ ਸੀ ਜਿਵੇਂ ਮੈਂ ਪਿਆਸ ਨਾਲ ਮਰ ਰਿਹਾ ਹੋਵਾਂ ਤੇ ਇਕ ਦਰਿਆ ਨੇ ਮੈਨੂੰ ਪਾਣੀ ਕੋਲ ਜਾਣ ਤੋਂ ਰੋਕ ਲਿਆ ਹੋਵੇ।’
ਮੌਤ ਨੇ ਬਾਦਸ਼ਾਹ ਦੇ ਮੱਥੇ ‘ਤੇ ਹੱਥ ਰੱਖਿਆ, ‘ਬਾਦਸ਼ਾਹ! ਛੱਡ ਹੁਣ ਸਿਰਾਂ ਦੀ ਗਿਣਤੀ, ਧਰਤੀ ਦੀ ਮਿਣਤੀ। ਚੱਲ ਮਿੱਟੀ ਵੱਲ ਚੱਲੀਏ।’
ਬਾਦਸ਼ਾਹ ਦੀ ਧੜਕਣ ਬੰਦ ਹੋਣ ਕੰਢੇ ਸੀ। ਉਹ ਬੋਲਿਆ, ‘ਤੂੰ ਬਹੁਤ ਜ਼ਿੱਦੀ ਹੈਂ। ਜ਼ਰਾ ਵੀ ਸਬਰ ਨਹੀਂ ਤੇਰੇ ਵਿੱਚ। ਤੂੰ ਆਖਰ ਲੋਕਾਂ ਨੂੰ ਮਾਰਦੀ ਕਿਉਂ ਹੈਂ?’
ਉਸ ਨੇ ਸਮਝਾਉਣ ਵਾਂਗੂੰ ਕਿਹਾ, ‘ਬਾਦਸ਼ਾਹ ਮੈਂ ਕਿਸੇ ਨੂੰ ਨਹੀਂ ਮਾਰਦੀ। ਮੈਂ ਕੁਦਰਤ ਦਾ ਉਤਪਤੀ, ਸਮਾਪਤੀ ਤੇ ਮੁੜ ਉਤਪਤੀ ਦਾ ਇਕ ਨਿਯਮ ਹਾਂ। ਤੁਸੀਂ ਬਾਦਸ਼ਾਹਾਂ ਨੇ ਹੀ ਇਸ ਨੂੰ ਆਪਣੇ ਸੁਆਰਥ ਲਈ ਖੇਡ ਬਣਾ ਰੱਖਿਆ ਹੈ। ਦੂਜਿਆਂ ਨੂੰ ਮਾਰਦੇ ਹੋ ਤੇ ਖੁਦ ਮਰਦੇ ਹੋ ਜਿਵੇਂ ਹੁਣ ਤੂੰ ਮਰ ਰਿਹਾ ਹੈ।’
ਬਾਦਸ਼ਾਹ ਨੇ ਉਸ ਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ, ‘ਇਹ ਤਾਂ ਬਾਦਸ਼ਾਹਾਂ ਦੀ ਮਜ਼ਬੂਰੀ ਹੁੰਦੀ ਹੈ। ਲੱਖਾਂ ਸਿਰਾਂ ‘ਤੇ ਰਾਜ ਕਰਨਾ ਹੋਵੇ ਤਾਂ ਹਜ਼ਾਰਾਂ ਵੱਢਣੇ ਵੀ ਪੈਂਦੇ ਹਨ।’
ਉਹ ਨਿੰਮਾ ਜਿਹਾ ਹੱਸੀ, ‘ਬਾਦਸ਼ਾਹ, ਤੇਰੇ ਵਿੱਚ ਲੜਨ ਦਾ ਨਾ ਸਹੀ, ਪਰ ਦਲੀਲਬਾਜ਼ੀ ਜੋਗਾ ਲਹੂ ਤਾਂ ਅਜੇ ਬਚਿਆ ਲੱਗਦਾ ਹੈ। ਮਜਬੂਰਾਂ ਨੂੰ ਮਾਰਨਾ ਕੋਈ ਮਜਬੂਰੀ ਨਹੀਂ, ਸਗੋਂ ਬਾਦਸ਼ਾਹਾਂ ਦਾ ਹੰਕਾਰ ਜਾਂ ਲਾਲਚ ਹੁੰਦਾ ਹੈ।’
‘ਕੀ ਤੂੰ ਮੈਨੂੰ ਬਖਸ ਨਹੀਂ ਸਕਦੀ?’ ਬਾਦਸ਼ਾਹ ਨੇ ਜਿਵੇਂ ਤਰਲਾ ਕੀਤਾ।
ਮੌਤ ਉਸੇ ਤਰ੍ਹਾਂ ਹੱਸਦੀ ਹੋਈ ਬੋਲੀ, ‘ਬੇਵੱਸੀ ਵੱਡੇ-ਵੱਡੇ ਬਾਦਸ਼ਾਹਾਂ ਨੂੰ ਬੰਦੇ ਬਣਾ ਦਿੰਦੀ ਹੈ, ਜਿਵੇਂ ਹੁਣ ਤੂੰ ਤਰਲਿਆਂ ‘ਤੇ ਆ ਗਿਆ।’ ਫਿਰ ਥੋੜ੍ਹੀ ਗੰਭੀਰ ਹੋ ਕੇ ਕਹਿਣ ਲੱਗੀ, ‘ਕੁਦਰਤ ਦੇ ਨਿਯਮ ਕਿਸੇ ਨੂੰ ਨਹੀਂ ਬਖਸ਼ਦੇ ਬਾਦਸ਼ਾਹ ਤੇ ਨਾ ਇਹ ਕਿਸੇ ਨੂੰ ਸਜ਼ਾ ਦਿੰਦੇ ਹਨ। ਜੇ ਇੰਜ ਕਰਨ ਲੱਗਣ ਤਾਂ ਬਾਦਸ਼ਾਹਾਂ ਦੇ ਬਣਾਏ ਨਿਯਮਾਂ ਵਾਂਗੂੰ ਖੁਦ ਵੀ ਭਿ੍ਰਸ਼ਟ ਹੋ ਕੇ ਟੁੱਟ ਜਾਣ।’
ਇਹ ਸੁਣ ਕੇ ਬਾਦਸ਼ਾਹ ਨਾਰਾਜ਼ ਹੋ ਗਿਆ। ਉਸ ਦੇ ਚਿਹਰੇ ‘ਤੇ ਨਾਰਾਜ਼ਗੀ ਉਤਰ ਆਈ। ਉਹ ਬਾਦਸ਼ਾਹ ਦੇ ਚਿਹਰੇ ਦੀ ਨਾਰਾਜ਼ਗੀ ਪੜ੍ਹ ਕੇ ਬੋਲੀ, ‘ਬਾਦਸ਼ਾਹ, ਤੂੰ ਨਾਰਾਜ਼ ਹੋ ਰਿਹਾ ਹੈ, ਪਰ ਨਾ ਤਾਂ ਮੈਂ ਕਿਸੇ ਦੀ ਨਾਰਾਜ਼ਗੀ ਦੀ ਪਰਵਾਹ ਕਰਦੀ ਹਾਂ ਤੇ ਨਾ ਕਿਸੇ ਦੇ ਦੁੱਖ ਦੀ। ਹਾਂ, ਬਾਦਸ਼ਾਹਾਂ ਦੀ ਖੁਸ਼ੀ ਵਿੱਚ ਜ਼ਰੂਰ ਬਹੁਤ ਵਾਰ ਹਾਜ਼ਰ ਹੁੰਦੀ ਹਾਂ।’
ਬਾਦਸ਼ਾਹ ਨੇ ਨਾਰਾਜ਼ਗੀ ਭਰੇ ਲਹਿਜੇ ਵਿੱਚ ਕਿਹਾ, ‘ਤੂੰ ਕੁਝ ਵੀ ਕਹਿ ਸਕਦੀ ਹੈ। ਸਭ ਤੋਂ ਤਾਕਤਵਰ ਜੋ ਹੈਂ, ਸਭ ਤੋਂ ਸ਼੍ਰੇਸ਼ਟ।’
ਉਹ ਹੋਰ ਵੀ ਗੰਭੀਰ ਹੋ ਕੇ ਬੋਲੀ, ‘ਬਾਦਸ਼ਾਹ, ਕੁਦਰਤ ਦਾ ਕੋਈ ਨਿਯਮ ਦੂਜੇ ਨਿਯਮ ਤੋਂ ਤਾਕਤਵਰ ਨਹੀਂ ਹੁੰਦਾ। ਨਾ ਹੋਣਾ ਚਾਹੁੰਦਾ ਹੈ, ਤਾਂ ਹੀ ਕੁਦਰਤ ਚੱਲਦੀ ਹੈ।’
ਬਾਦਸ਼ਾਹ ਨੇ ਸੋਚਿਆ ਕਿ ਹੌਸਲਾ ਹਾਰਨਾ ਬਾਦਸ਼ਾਹਾਂ ਦਾ ਕੰਮ ਨਹੀਂ, ਉਹ ਬੋਲਿਆ, ‘ਪਰ ਮੈਂ ਅਜੇ ਹੋਰ ਜੀਵਾਂਗਾ, ਹੋਰ ਜਿੱਤਾਂਗਾ।’
‘ਨਹੀਂ ਬਾਦਸ਼ਾਹ, ਹੁਣ ਹੋਰ ਨਹੀਂ। ਜਿੰਨਾ ਜਿੱਤੇਂਗਾ ਓਨਾ ਹੰਕਾਰ ਵਧੇਗਾ। ਹੰਕਾਰ ਵਧਣ ਨਾਲ ਬੰਦੇ ਦਾ ਜਿਊਣ ਦਾ ਸੁਆਦ ਮਰ ਜਾਂਦਾ ਹੈ।’
ਬਾਦਸ਼ਾਹ ਨੇ ਮੌਤ ਦੀਆਂ ਅੱਖਾਂ ਵਿੱਚ ਵੇਖਿਆ, ‘ਕੀ ਮੈਂ ਆਪਣੀਆਂ ਜਿੱਤਾਂ, ਧਨ ਦੌਲਤ ਸਭ ਕੁਝ ਛੱਡ ਕੇ ਖਾਲੀ ਹੱਥ ਤੁਰ ਪਵਾਂ ਤੇਰੇ ਨਾਲ?’
ਮੌਤ ਨੇ ਪਿਆਰ ਨਾਲ ਕਿਹਾ, ‘ਹਾਂ ਬਾਦਸ਼ਾਹ, ਮਜਬੂਰੀ ਹੈ। ਜਾਣ ਵੇਲੇ ਬੰਦੇ ਦੇ ਹੱਥ ਖਾਲੀ ਰਹਿੰਦੇ ਹਨ।’
ਬਾਦਸ਼ਾਹ ਹੁਣ ਡਾਢਾ ਨਿਰਾਸ਼ ਸੀ। ਉਹ ਨਿਰਾਸਤਾ ਵਿੱਚ ਬੋਲਿਆ, ‘ਮੈਂ ਇੰਨਾ ਕੁਝ ਹਾਸਲ ਕਰਕੇ ਵੀ ਖਾਲੀ ਹੱਥ ਰਿਹਾ। ਸਭ ਨੂੰ ਮੌਤ ਦਾ ਡਰ ਦੇ ਕੇ ਸਤਾਉਂਦਾ ਰਿਹਾ, ਪਰ ਅੱਜ ਖੁਦ ਮੌਤ ਤੋਂ ਹਾਰ ਗਿਆ। ਮੈਂ ਸਾਰੇ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ। ਸਭ ਜਾਂਦੇ ਹੋਏ ਸਿਕੰਦਰ ਦੇ ਖਾਲੀ ਹੱਥ ਵੇਖਣ।’
ਮੌਤ ਮੁਸਕੁਰਾਈ, ‘ਜਿਵੇਂ ਤੇਰਾ ਹੁਕਮ ਬਾਦਸ਼ਾਹ।’ ਇਹ ਕਹਿੰਦਿਆਂ ਮੌਤ ਨੇ ਬਾਦਸ਼ਾਹ ਦੇ ਨਾ ਚਾਹੁੰਦਿਆਂ ਵੀ ਉਸ ਦਾ ਮੱਥਾ ਚੁੰਮ ਲਿਆ। ਕਾਂ ਕੁਝ ਬੋਲਿਆ ਤੇ ਫਿਰ ਉਡ ਕੇ ਚੱਕਰ ਲਾਉਂਦਾ ਹੋਇਆ ਕਿਸੇ ਤੰਬੂ ‘ਤੇ ਜਾ ਬੈਠਿਆ।
ਬਾਦਸ਼ਾਹ ਨੇ ਆਖਰੀ ਸ਼ਬਦ ਕਹੇ, ‘ਹਰ ਕੋਈ ਸ਼ਾਨ ਨਾਲ ਜਿਊਣਾ ਚਾਹੁੰਦਾ ਹੈ, ਪਰ ਸ਼ਾਨ ਨਾਲ ਮਰਨਾ ਕਿਸੇ-ਕਿਸੇ ਨੂੰ ਨਸੀਬ ਹੁੰਦਾ ਹੈ। ਮੌਤ ਦੀ ਸ਼ਾਨ ਦੱਸਦੀ ਹੈ ਕਿ ਬੰਦੇ ਦੀ ਜ਼ਿੰਦਗੀ ਕਿੰਨੀ ਸ਼ਾਨਦਾਰ ਸੀ।’
******
ਬਾਦਸ਼ਾਹ ਦਾ ਜਨਾਜ਼ਾ ਪੂਰੀ ਸ਼ਾਨ ਨਾਲ ਜਾ ਰਿਹਾ ਹੈ। ਲੋਕਾਂ ਦਾ ਹਜੂਮ ਸ਼ਰਧਾ ਵਿੱਚ ਸਿਰ ਝੁਕਾਈ ਖੜਾ ਹੈ। ਜਨਾਜ਼ੇ ਦੀ ਸ਼ਾਨ ਤੋਂ ਗਦਗਦ ਹੋਏ ਇਕ ਵਿਅਕਤੀ ਨੇ ਨਾਲ ਵਾਲੇ ਦੇ ਕੰਨ ਵਿੱਚ ਹੌਲੀ ਜਿਹੀ ਕਿਹਾ, ‘ਬਾਦਸ਼ਾਹ ਦੇ ਜਨਾਜ਼ੇ ਦੀ ਸ਼ਾਨ ਵੇਖ, ਕਿੰਨੀ ਭੀੜ ਜੈ ਜੈ ਕਾਰ ਕਰ ਰਹੀ ਹੈ।’
ਫੱਕਰ ਜਿਹੇ ਦਿਸਦੇ ਦੂਜੇ ਵਿਅਕਤੀ ਨੇ ਆਪਣੀ ਮੈਲੀ ਦਾੜ੍ਹੀ ‘ਤੇ ਹੱਥ ਫੇਰਿਆ ਤੇ ਸਹਿਜ ਸੁਭਾਅ ਬੋਲਿਆ, ‘ਬਾਦਸ਼ਾਹਾਂ ਦੇ ਜਨਾਜ਼ਿਆਂ ਵਿੱਚ ਦੁੱਖ ਦੀ ਜਗ੍ਹਾ ‘ਤੇ ਸ਼ਾਨ ਹੀ ਤਾਂ ਹੁੰਦੀ ਹੈ। ਭੀੜ ਵੀ ਜਾਂ ਡਰ ਕਾਰਨ ਆਈ ਹੈ ਤੇ ਜਾਂ ਫਿਰ ਤਮਾਸ਼ਾ ਵੇਖਣ। ਤੈਨੂੰ ਜੈ ਜੈ ਕਾਰ ਵਿੱਚ ਡਰ ਨਹੀਂ ਸੁਣਦਾ?’
‘ਡਰ?’ ਪਹਿਲੇ ਨੇ ਹੈਰਾਨ ਹੋ ਕੇ ਪੁੱਛਿਆ।
‘ਹਾਂ ਡਰ, ਮਰਦੇ ਬਾਦਸ਼ਾਹ ਹਨ, ਉਨ੍ਹਾਂ ਦਾ ਡਰ ਨਹੀਂ। ਜੇ ਡਰ ਮਰ ਜਾਵੇ ਤਾਂ ਬਾਦਸ਼ਾਹਤਾਂ ਵੀ ਮਰ ਜਾਣ।’
ਪਹਿਲਾ ਥੋੜ੍ਹੀ ਦੇਰ ਚੁੱਪ ਰਿਹਾ। ਫਿਰ ਬਾਦਸ਼ਾਹ ਵੱਲ ਵੇਖ ਕੇ ਬੋਲਿਆ, ‘ਬਾਦਸ਼ਾਹ ਦੇ ਹੱਥਾਂ ਵੱਲ ਵੇਖ, ਕਫਨ ਤੋਂ ਬਾਹਰ ਖਾਲੀ ਲਮਕ ਰਹੇ ਹਨ। ਬਾਦਸ਼ਾਹ ਨੇ ਆਪਣੇ ਹੱਥ ਇਸ ਲਈ ਨੰਗੇ ਰੱਖੇ ਹਨ ਕਿ ਦੁਨੀਆ ਨੂੰ ਦਿਸ ਜਾਵੇ ਕਿ ਬਾਦਸ਼ਾਹ ਜਿਵੇਂ ਖਾਲੀ ਹੱਥ ਆਇਆ ਸੀ, ਉਵੇਂ ਹੀ ਖਾਲੀ ਹੱਥ ਜਾ ਰਿਹਾ ਹੈ। ਦੁਨੀਆ ਦਾ ਸਭ ਦੁਨੀਆ ਵਿੱਚ ਹੀ ਛੱਡ ਚੱਲਿਆ ਹੈ।’
ਦੂਜਾ ਕੁਝ ਪਲ ਚੁੱਪ ਰਿਹਾ।
ਪਹਿਲੇ ਨੇ ਹੁੰਗਾਰਾ ਲੈਣ ਲਈ ਫਿਰ ਕਿਹਾ, ‘ਬਾਦਸ਼ਾਹ ਦੇ ਖਾਲੀ ਹੱਥ ਦਿਸ ਰਹੇ ਹਨ ਨਾ?’
ਦੂਜੇ ਨੇ ਆਪਣੀਆਂ ਅੱਖਾਂ ਬਾਦਸ਼ਾਹ ਦੇ ਹੱਥਾਂ ਵੱਲ ਗੱਡੀ ਰੱਖੀਆਂ। ਉਸ ਦੇ ਮੂੰਹੋਂ ਨਿਕਲਿਆ, ‘ਨਹੀਂ।’
‘ਨਹੀਂ? ਅੰਨਾ ਹੈ?’ ਪਹਿਲੇ ਨੂੰ ਝੁੰਜਲਾਹਟ ਹੋਈ।
‘ਨਹੀਂ,’ ਦੂਜੇ ਨੇ ਇੰਜ ਕਿਹਾ ਜਿਵੇਂ ਉਸ ਨੂੰ ਆਪਣੇ ਅੰਨ੍ਹੇ ਨਾ ਹੋਣ ਦਾ ਪੂਰਾ ਯਕੀਨ ਹੋਵੇ।
‘ਅੰਨਾ ਨਹੀਂ ਤਾਂ ਤੈਨੂੰ ਬਾਦਸ਼ਾਹ ਦੇ ਖਾਲੀ ਹੱਥ ਕਿਉਂ ਨਹੀਂ ਦਿਸਦੇ?’ ਪਹਿਲੇ ਨੇ ਝੁੰਜਲਾਹਟ ਭਰੀ, ਪਰ ਬਾਦਸ਼ਾਹੀ ਡਰ ਵਿੱਚ ਦੱਬੀ ਆਵਾਜ਼ ਵਿੱਚ ਕਿਹਾ।
‘ਕਿਉਂਕਿ ਬਾਦਸ਼ਾਹ ਦੇ ਹੱਥ ਖਾਲੀ ਨਹੀਂ ਹਨ,’ ਦੂਜਾ ਗੰਭੀਰਤਾ ਨਾਲ ਬੋਲਿਆ।
‘ਖਾਲੀ ਨਹੀਂ ਤਾਂ ਕੀ ਹੈ ਬਾਦਸ਼ਾਹ ਦੇ ਹੱਥਾਂ ਵਿੱਚ?’ ਪਹਿਲਾ ਅਜੀਬ ਉਲਝਣ ਵਿੱਚ ਸੀ।
ਦੂਜੇ ਨੇ ਪਹਿਲੇ ਦੀਆਂ ਅੱਖਾਂ ਵਿੱਚ ਵੇਖਿਆ ਤੇ ਬੋਲਿਆ, ‘ਬਾਦਸ਼ਾਹ ਦੇ ਹੱਥਾਂ ਵੱਲ ਧਿਆਨ ਨਾਲ ਵੇਖ। ਉਸ ਦੀਆਂ ਤਲੀਆਂ ਕਿਵੇਂ ਥਿੰਦੀਆਂ ਹੋਈਆਂ ਪਈਆਂ ਹਨ, ਲਹੂ ਨਾਲ।’
ਪਹਿਲੇ ਨੇ ਨੀਝ ਨਾਲ ਬਾਦਸ਼ਾਹ ਦੇ ਹੱਥਾਂ ਵੱਲ ਵੇਖਿਆ ਜਿਵੇਂ ਕੁਝ ਲੱਭ ਰਿਹਾ ਹੋਵੇ।
ਦੂਜੇ ਨੇ ਗੱਲ ਜਾਰੀ ਰੱਖੀ,‘ਉਹਦੇ ਨਹੁੰ ਵੇਖ, ਜਿਵੇਂ ਬੁੱਢੀ ਚੁੜੇਲ ਦੇ ਦੰਦ ਹੋਣ, ਕਿੰਨੀਆਂ ਸੂਹੀਆਂ ਚੁੰਨੀਆਂ ਟੰਗੀਆਂ ਪਈਆਂ ਹਨ, ਲੀਰੋ ਲੀਰ ਹੋਈਆਂ, ਗੋਟੇ ਸਿਤਾਰਿਆਂ ਸਮੇਤ।’
ਪਹਿਲਾ ਅਜੀਬ ਸ਼ਸ਼ੋਪੰਜ ਵਿੱਚ ਸੀ।
ਦੂਜਾ ਬੋਲਦਾ ਰਿਹਾ, ‘ਬਾਦਸ਼ਾਹ ਦੀਆਂ ਉਂਗਲਾਂ ਵੱਲ ਵੇਖ, ਕਿੰਨੀਆਂ ਬੁੱਢੀਆਂ ਅੱਖਾਂ ਚਿੰਬੜੀਆਂ ਪਈਆਂ ਹਨ, ਅਜੇ ਵੀ ਖੁੱਲ੍ਹੀਆਂ ਹੋਈਆਂ, ਉਨ੍ਹਾਂ ਜਵਾਨਾਂ ਨੂੰ ਉਡੀਕਦੀਆਂ ਜੋ ਖੇਤੋਂ ਦਾਣੇ ਲੈਣ ਗਏ ਵਾਪਸ ਨਹੀਂ ਮੁੜੇ। ਹਰੇਕ ਪੋਟੇ ‘ਤੇ ਉਗੇ ਥੋਪੜੀਆਂ ਦੇ ਪਹਾੜਾਂ ਵੱਲ ਵੇਖ ਤੇ ਹੇਠਾਂ ਦੱਬੀਆਂ ਅਨਾਥ ਸਿਸਕੀਆਂ ਵੱਲ ਵੀ।’
ਉਹ ਹੋਰ ਗੰਭੀਰ ਹੋ ਗਿਆ ਤੇ ਪਹਿਲੇ ਦੀਆਂ ਅੱਖਾਂ ਵਿੱਚ ਵੇਖਦਾ ਹੋਇਆ ਬੋਲਿਆ, ‘ਬਾਦਸ਼ਾਹ ਨਾ ਖਾਲੀ ਹੱਥ ਆਇਆ ਸੀ, ਨਾ ਖਾਲੀ ਹੱਥ ਜਾ ਰਿਹਾ ਹੈ। ਆਉਣ ਵੇਲੇ ਇਸ ਦੇ ਹੱਥ ਹੰਕਾਰੀ ਅੱਗ ਨਾਲ ਸੂਹੇ ਸਨ ਤੇ ਜਾਣ ਵੇਲੇ ਜ਼ੁਲਮੀ ਸੁਆਹ ਨਾਲ ਕਾਲੇ।’
ਫਿਰ ਦੋਵੇਂ ਕਈ ਪਲ ਚੁੱਪ ਖੜੇ ਰਹੇ। ਜਨਾਜ਼ਾ ਚੱਲਦਾ ਰਿਹਾ। ਤਦ ਪਹਿਲੇ ਨੇ ਅੱਖਾਂ ਝਪਕੀਆਂ। ਫਿਰ ਡਰ ਭਰੀ ਆਵਾਜ਼ ਵਿੱਚ ਦੂਜੇ ਦੇ ਕੰਨ ਕੋਲ ਮੂੰਹ ਲਿਜਾ ਕੇ ਬੋਲਿਆ, ‘ਜੇ ਭੀੜ ਨੂੰ ਹੱਥਾਂ ਵਿਚਲਾ ਸਾਮਾਨ ਦਿਸ ਪਵੇ ਤਾਂ ਬਾਦਸ਼ਾਹ ਦਾ ਕੀ ਬਣੇ!’
ਉਸ ਦੀ ਆਵਾਜ਼ ਇੰਨੀ ਹੌਲੀ ਸੀ ਕਿ ਕਿਸੇ ਤੀਜੇ ਦੇ ਕੰਨ ਵਿੱਚ ਨਹੀਂ ਪਈ।
ਕਾਂ ਭੀੜ ਦੇ ਉਪਰੋਂ ਚੱਕਰ ਕੱਟਦਾ ਹੋਇਆ ਫਿਰ ਤੰਬੂ ਉਤੇ ਜਾ ਬੈਠਿਆ।