ਖਾਲੀ ਹੋ ਗਿਆ ਸੀ ਮੈਂ : ਨਵਾਜ਼ੂਦੀਨ

nawazudin siddiqui
ਨਵਾਜ਼ੂਦੀਨ ਸਿੱਦੀਕੀ ਅਜਿਹਾ ਅਭਿਨੇਤਾ ਹੈ, ਜਿਸ ਨੇ ਜੂਨੀਅਰ ਆਰਟਿਸਟ ਵਜੋਂ ਫਿਲਮਾਂ ‘ਚ ਕਰੀਅਰ ਸ਼ੁਰੂ ਕੀਤਾ ਸੀ। ਕਈ ਫਿਲਮਾਂ ‘ਚ ਉਹ ਅੱਤਵਾਦੀ, ਵੇਟਰ, ਖਬਰੀ, ਡਾਕੂ ਤੇ ਪਾਕੇਟਮਾਰ ਦੇ ਰੂਪ ‘ਚ ਨਜ਼ਰ ਆਇਆ, ਪਰ ਅਖੀਰ ਉਸ ਦਾ ਸੰਘਰਸ਼ ਤੇ ਮਿਹਨਤ ਰੰਗ ਲਿਆਈ ਤੇ ਅੱਜ ਉਹ ਫਿਲਮ ਨਗਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਾਵਾਂ ‘ਚੋਂ ਇੱਕ ਹੈ। ਫਿਲਹਾਲ ਉਹ ਆਪਣੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ ‘ਬਾਬੂਮੋਸ਼ਾਏ ਬੰਦੂਕਬਾਜ਼’ ਕਰ ਕੇ ਚਰਚਾ ਵਿੱਚ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਪਹਿਲਾਂ ‘ਬਜਰੰਗੀ ਭਾਈਜਾਨ’, ‘ਰਈਸ’ ਤੇ ‘ਮੌਮ’ ਵਿੱਚ ਇੱਕੋ ਜਿਹੇ ਕਿਰਦਾਰ ਨਿਭਾ ਚੁੱਕੇ ਹੋ। ‘ਬਾਬੂਮੋਸ਼ਾਏ ਬੰਦੂਕਬਾਜ਼’ ਵਰਗੀ ਫਿਲਮ ਕਰਨ ਲਈ ਤੁਹਾਨੂੰ ਕਿਸ ਗੱਲ ਦਾ ਦਬਾਅ ਸੀ?
– ਇਸ ਕਿਰਦਾਰ ਲਈ ਕੋਈ ਦਬਾਅ ਨਹੀਂ ਸੀ, ਕਿਉਂਕਿ ਨਿਰਮਾਤਾ-ਨਿਰਦੇਸ਼ਕ (ਕਿਰਨ ਸ਼ਿਆਮ ਸ਼ਰਾਫ, ਅਸ਼ਮਿਤ ਕੁੰਦਰ ਤੇ ਸੁਸ਼ਾਨ ਨੰਦੀ) ਨੇ ਇੱਕ ਕੰਟਰੋਲ ਬਜਟ ਨਾਲ ਕੰਮ ਕੀਤਾ। ਮੈਂ ਕਾਨਫੀਡੈਂਟ ਸੀ ਕਿ ਸਾਨੂੰ ਬਾਕਸ ਆਫਿਸ ‘ਤੇ ਨਿਰਾਸ਼ ਨਹੀਂ ਹੋਣਾ ਪਵੇਗਾ। ਦਬਾਅ ਉਦੋਂ ਹੁੰਦਾ ਹੈ, ਜਦੋਂ ਬਜਟ ਵੱਡਾ ਹੋਵੇ।
* ਤੁਸੀਂ ਕਿਹੜੇ ਦੋ ਤਰ੍ਹਾਂ ਦੇ ਕਿਰਦਾਰਾਂ ਨੂੰ ਪਹਿਲ ਦਿੰਦੇ ਹੋ?
– ਹਰ ਕਿਰਦਾਰ ਦਾ ਆਪਣਾ ਸਫਰ ਹੁੰਦਾ ਹੈ। ਕਈ ਵਾਰ ਕੋਈ ਸਹਾਇਕ ਕਿਰਦਾਰ ਵੀ ਬਹੁਤ ਸੰਤੁਸ਼ਟੀ ਦਿੰਦਾ ਹੈ ਜਿਵੇਂ ਕਿ ਸ੍ਰੀਦੇਵੀ ਨਾਲ ‘ਮੌਮ’ ਦਾ ਕਿਰਦਾਰ। ਕਈ ਵਾਰ ਕੋਈ ਮੁੱਖ ਕਿਰਦਾਰ ਵੀ ਸਹੀ ਨਹੀਂ ਹੁੰਦਾ ਤੇ ਕਈ ਵਾਰ ਪੰਜ ਮਿੰਟ ਦਾ ਰੋਲ ਹੀ ਲੋਕਾਂ ਦੇ ਦਿਲਾਂ ਵਿੱਚ ਵਸ ਜਾਂਦਾ ਹੈ।
* ਤੁਸੀਂ ਇਸ ਫਿਲਮ ‘ਚ ਕਾਂਟ੍ਰੈਕਟ ਕਿਲਰ ਦਾ ਕਿਰਦਾਰ ਨਿਭਾਇਆ ਸੀ। ਉਹ ‘ਗੈਂਗਸ ਆਫ ਵਾਸੇਪੁਰ’ ਦੇ ਫੈਜ਼ਲ ਖਾਨ ਤੋਂ ਕਿਵੇਂ ਵੱਖਰਾ ਹੈ?
– ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਬੰਦੂਕ, ਲੁੰਗੀ ਤੇ ਆਮ ਅਵਤਾਰ ਉਨ੍ਹਾਂ ਨੂੰ ਫੈਜ਼ਲ ਦੀ ਯਾਦ ਦਿਵਾਉਂਦਾ ਹੈ, ਪਰ ਉਹ ਇਮੋਸ਼ਨਲ ਵਿਅਕਤੀ ਸੀ, ਉਸ ਦੇ ਆਪਣੇ ਮੁੱਲ ਸਨ ਤੇ ਉਸ ਨੂੰ ਅਨੁਰਾਗ ਕਸ਼ਯਪ ਦੇ ਨੈਰੇਟਿਵ ਤੋਂ ਸ਼ਾਨਦਾਰ ਟ੍ਰੀਟਮੈਂਟ ਮਿਲਿਆ ਸੀ। ‘ਬਾਬੂਮੋਸ਼ਾਏ ਬੰਦੂਕਬਾਜ਼’ ਦੇ ਕਿਰਦਾਰ ‘ਚ ਕਮਰਸ਼ੀਅਲ ਬਾਲੀਵੁੱਡ ਹੀਰੋ ਦੇ ਸਾਰੇ ਗੁਣਾਂ ਨੂੰ ਨਕਾਰਿਆ ਗਿਆ ਹੈ। ਬਾਲੀਵੁੱਡ ਹੀਰੋ ਇੱਕ ਡਾਂਸਰ, ਲਵਰ ਹੁੰਦਾ ਹੈ ਤੇ ਮਿੱਠਾ ਬੋਲਦਾ ਹੈ। ਬਾਲੀਵੁੱਡ ‘ਚ ਪਿਆਰ ਵੀ ਤਾਂ ਹੀਰੋ ਹੀ ਸਭ ਤੋਂ ਬੈਸਟ ਕਰਦਾ ਹੈ, ਪਰ ਮੇਰੇ ਕਿਰਦਾਰ ਨੇ ਉਸ ਇਮੇਜ ਨੂੰ ਤੋੜਿਆ ਹੈ। ਉਹ ਅਸਲ ‘ਚ ਐਂਟੀ ਹੀਰੋ ਹੈ।
* ‘ਬਾਬੂਮੋਸ਼ਾਏ’ ਦਾ ਅਰਥ ਬੰਗਾਲੀ ‘ਚ ਭੱਦਰ ਪੁਰਸ਼ ਹੁੰਦਾ ਹੈ, ਇੱਕ ਸਨਮਾਨ ਯੋਗ ਵਿਅਕਤੀ।
– ਮੇਰੇ ਲਈ ਕਦੇ ਇਹ ਬੰਗਾਲੀ ਸ਼ਬਦ ਨਹੀਂ ਰਿਹਾ, ਇਹ ਅਜਿਹਾ ਸ਼ਬਦ ਹੈ, ਜਿਸ ਨੇ ਮੇਰੀ ਜ਼ਿੰਦਗੀ ‘ਤੇ ਕਾਫੀ ਪ੍ਰਭਾਵ ਪਾਇਆ ਸੀ। ਜਦੋਂ ਦਿੱਲੀ ‘ਚ ਆਪਣੇ ਥੀਏਟਰ ਦੇ ਦਿਨਾਂ ਵਿੱਚ ‘ਆਨੰਦ’ ਫਿਲਮ ਦੇਖੀ ਸੀ। ਅਮਿਤਾਭ ਬੱਚਨ ਤੇ ਰਾਜੇਸ਼ ਖੰਨਾ ਦੇ ਰਿਸ਼ਤੇ ਕਰ ਕੇ ਇਹ ਆਪਣੇ ਸ਼ਬਦੀ ਅਰਥਾਂ ਤੋਂ ਬਹੁਤ ਵੱਡਾ ਹੋ ਗਿਆ ਤੇ ਜ਼ਿੰਦਗੀ ਅਤੇ ਭਵਿੱਖ ਦਾ ਲਖਾਇਕ ਹੋ ਗਿਆ-ਬਾਬੂਮੋਸ਼ਾਏ ਜ਼ਿੰਦਗੀ ਅਤੇ ਮੌਤ ਉਪਰ ਵਾਲੇ ਦੇ ਹੱਥ ‘ਚ ਹੈ, ਉਸ ਨੂੰ ਨਾ ਤਾਂ ਤੁਸੀਂ ਬਦਲ ਸਕਦੇ ਹੋ ਤੇ ਨਾ ਮੈਂ, ਅਸੀਂ ਸਾਰੇ ਤਾਂ ਰੰਗਮੰਚ ਦੀਆਂ ਕਠਪੁਤਲੀਆਂ ਹਾਂ।
* ਹੁਣ ਸਾਰਿਆਂ ਦੀਆਂ ਨਜ਼ਰਾਂ ਨੰਦਿਤਾ ਦਾਸ ਦੀ ਬਾਇਓਪਿਕ ‘ਮੰਟੋ’ ‘ਤੇ ਹਨ, ਜਿਸ ਵਿੱਚ ਤੁਸੀਂ ਮੁੱਖ ਕਿਰਦਾਰ ‘ਚ ਹੋ?
– ‘ਮੰਟੋ’ ਕੁਝ ਹੋਰ ਹੀ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਗੁਰਦਾਸ ਮਾਨ, ਰਿਸ਼ੀ ਕਪੂਰ ਤੇ ਪਰੇਸ਼ ਰਾਵਲ ਜਿਹੇ ਸੀਨੀਅਰ ਕਲਾਕਾਰਾਂ ਨਾਲ ਕੰਮ ਦਾ ਮੌਕਾ ਮਿਲਿਆ ਹੈ। ਤਿੰਨ ਮਹੀਨਿਆਂ ਲਈ ਮੈਂ ਸਆਦਤ ਹਸਨ ਮੰਟੋ ਬਣ ਗਿਆ ਸੀ। ਜਦੋਂ ਮੈਂ ਆਪਣਾ ਕੰਮ ਪੂਰਾ ਕਰ ਲਿਆ ਤਾਂ ਹਾਲਾਤ ਬਹੁਤ ਤਣਾਅ ਪੂਰਨ ਹੋ ਗਏ। ਮੈਨੂੰ ਲੱਗਾ ਸੀ ਜਿਵੇਂ ਉਹ ਮੇਰੇ ਸਰੀਰ ਨੂੰ ਛੱਡ ਕੇ ਜਾ ਰਹੇ ਸਨ, ਜਿਵੇਂ ਸੰਸਾਰ ਦੀਆਂ ਸਭ ਚੀਜ਼ਾਂ ਮੇਰੇ ਲਈ ਨੀਰਸ ਹੋ ਗਈਆਂ ਸਨ। ਮੈਂ ਉਨ੍ਹਾਂ ਦੀ ਹਿੰਮਤ ਤੇ ਤਰੱਕੀ ਪਸੰਦ ਸਮਾਜਕ ਵਿਚਾਰਾਂ ਨੂੰ ਆਪਣੇ ਆਪ ‘ਚ ਸਮਾ ਲਿਆ ਸੀ। ਮੈਨੂੰ ਲੱਗਾ ਕਿ ਜਿਵੇਂ ਮੈਂ ਸਭ ਤੋਂ ਇਮਾਨਦਾਰ ਵਿਅਕਤੀ ਸੀ। ਜਦੋਂ ਫਿਲਮ ਖਤਮ ਹੋਈ ਤਾਂ ਜਿਵੇਂ ਮੇਰਾ ਵਜੂਦ ਖਾਲੀ ਹੋ ਗਿਆ ਸੀ।
* ਕੀ ਅਜਿਹੀ ਸੋਚ ਨੇ ਤੁਹਾਨੂੰ ਪਾਗਲ ਨਹੀਂ ਕਰ ਦਿੱਤਾ ਸੀ?
– ਹਾਂ, ਬਿਲਕੁਲ ਮੈਨੂੰ ਹੈਰਾਨੀ ਹੁੰਦੀ ਸੀ ਕਿ ਮੈਂ ਅਸਲ ਜ਼ਿੰਦਗੀ ‘ਚ ਕਿਹੋ ਜਿਹਾ ਸੀ ਤੇ ਕਿਵੇਂ ਮਹਿਸੂਸ ਕਰਦਾ ਸੀ। ‘ਮੰਟੋ’ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਬਹੁਤ ਕੁਝ ਦੇ ਦਿੱਤਾ ਹੈ, ਇਸ ਲਈ ਮੈਂ ਆਪਣੇ ਬੱਚਿਆਂ ਤੇ ਪਤਨੀ ਨਾਲ ਸਮਾਂ ਬਿਤਾਉਂਦਾ ਸੀ ਤਾਂ ਕਿ ਮੈਂ ਨਾਰਮਲ ਮਹਿਸੂਸ ਕਰ ਸਕਾਂ। ਕਈ ਵਾਰ ਮੈਨੂੰ ਆਪਣੀ ਜ਼ਿੰਦਗੀ ਫਿਲਮ ‘ਬਰਡਮੈਨ’ ਦੇ ਮਾਈਕਲ ਕੀਟਨ ਵਾਂਗ ਲੱਗਦੀ ਹੈ, ਜੋ ਅਜਿਹੇ ਵਿਅਕਤੀ ਬਾਰੇ ਹੈ, ਜੋ ਇੱਕੋ ਸਮੇਂ ਜੋ ਹਨ ਉਹ ਹਨ, ਪਰ ਨਹੀਂ ਵੀ ਹਨ। ਇੱਕ ਦੁਨੀਆ ਅਜਿਹੀ ਹੈ, ਜਿਸ ਦਾ ਮੈਂ ਹਿੱਸਾ ਹਾਂ ਤੇ ਇੱਕ ਦੁਨੀਆ ਉਹ, ਜਿਸ ਦੀ ਮੈਂ ਕਲਪਨਾ ਕਰਦਾ ਹਾਂ।