ਖਾਲੀ ਕੁਰਸੀਆਂ ਦੇਖ ਕੇ ਅਮਰਿੰਦਰ ਸਿੰਘ ਭਾਸ਼ਣ ਕੀਤੇ ਬਿਨਾਂ ਵਾਪਸ ਚਲੇ ਗਏ


ਅੰਮ੍ਰਿਤਸਰ, 11 ਫਰਵਰੀ (ਪੋਸਟ ਬਿਊਰੋ)- ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਬਹਾਦਰ ਸੈਨਾਪਤੀਆਂ ਵਿੱਚੋਂ ਇੱਕ ਅਤੇ ਸਾਲ 1846 ਵਿੱਚ ਸਭਰਾਵਾਂ ਦੀ ਜੰਗ ਵਿੱਚ ਅੰਗਰੇਜ਼ਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਵਸ ਉੱਤੇ ਰਾਜ ਪੱਧਰੀ ਸਮਾਗਮ ਵਿੱਚ 12 ਸਾਲ ਬਾਅਦ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਏਥੇ ਜਨਤਾ ਨੂੰ ਸੰਬੋਧਨ ਕੀਤੇ ਬਿਨਾਂ ਹੀ ਵਾਪਸ ਚਲੇ ਗਏ।
ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ਲਾਉਣ ਵਾਲੇ ਥਾਂ ਨੇੜੇ ਗੇਟਵੇਅ ਆਫ ਅੰਮ੍ਰਿਤਸਰ ਅਤੇ ਸ਼ਹੀਦ ਅਟਾਰੀਵਾਲਾ ਦੀ ਸਮਾਧੀ ਵਾਲੀ ਥਾਂ ‘ਤੇ ਸਟੇਜ ਅਤੇ ਜਨਤਾ ਦੇ ਬੈਠਣ ਲਈ ਕੁਰਸੀਆਂ ਲਾਈਆਂ ਸਨ, ਪਰ ਖਾਲੀ ਕੁਰਸੀਆਂ ਨੂੰ ਦੇਖਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਭਾਸ਼ਣ ਦਿੱਤੇ ਬਿਨਾਂ ਵਾਪਸ ਚਲੇ ਗਏ। ਇਸ ਨਾਲ ਮੁੱਖ ਮੰਤਰੀ ਦਾ ਭਾਸ਼ਣ ਸੁਣਨ ਲਈ ਆਏ ਗਿਣੇ-ਚੁਣੇ ਲੋਕ ਵੀ ਕਾਫੀ ਨਾਰਾਜ਼ ਨਜ਼ਰ ਆਏ। ਇਸ ਸੰਬੰਧ ‘ਚ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਦੇ ਚੇਅਰਮੈਨ ਕਰਨਲ ਹਰਿੰਦਰ ਸਿੰਘ ਅਟਾਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਵਚਨ ਨਿਭਾਉਂਦੇ ਹੋਏ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਏ, ਪਰ ਸਮਾਂ ਘੱਟ ਹੋਣ ਕਾਰਨ ਜਨਤਾ ਨੂੰ ਸੰਬੋਧਨ ਨਹੀਂ ਕਰ ਸਕੇ। ਉਹ ਗੇਟ ਵੇਅ ਆਫ ਅੰਮ੍ਰਿਤਸਰ ਤੇ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧੀ ਵਾਲੀ ਥਾਂ ਕੁਝ ਹੀ ਸਮਾਂ ਦੇ ਸਕੇ, ਪਰ ਆਪਣੀ ਹਾਜ਼ਰੀ ਨਾਲ ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਆਪਣੇ ਦੇਸ਼ ਦੇ ਸ਼ਹੀਦਾਂ ਦਾ ਦਿਲੋਂ ਸਨਮਾਨ ਕਰਦੇ ਹਨ।