‘ਖਾਲਿਸਤਾਨ ਜ਼ਿੰਦਾਬਾਦ ਗਰੁੱਪ’ ਦੇ ਦੋ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਪੁਲੀਸ ਵੱਲੋਂ ਦਾਅਵਾ

ਫ਼ਰੀਦਕੋਟ, 10 ਮਈ, (ਪੋਸਟ ਬਿਊਰੋ)- ਪੰਜਾਬ ਦੇ ਜ਼ਿਲ੍ਹਾ ਪੁਲੀਸ ਦੀ ਫ਼ਰੀਦਕੋਟ ਨੇ ਅੱਜ ਸ਼ਾਮ ਪ੍ਰੈੱਸ ਕਾਨਫ਼ਰੰਸ ਕਰ ਕੇ ਦਾਅਵਾ ਕੀਤਾ ਹੈ ਕਿ ਪੁਲੀਸ ਨੇ ਦੋ ਇਕ ਸੜਕ ਹਾਦਸੇ ਪਿੱਛੋਂ ਕੁਝ ਲੋਕ ਗ੍ਰਿਫ਼ਤਾਰ ਕਰ ਕੇ ਥਾਣੇ ਲਿਆਂਦੇ ਤਾਂ ਉਨ੍ਹਾਂ ਦੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਫੜੇ ਗਏ ਸੰਦੀਪ ਸਿੰਘ ਅਤੇ ਅਮਰ ਸਿੰਘ ਸਰਗਰਮ ਖਾਲਿਸਤਾਨੀ ਖਾੜਕੂ ਹਨ। ਪੁਲੀਸ ਨੇ ਉਨ੍ਹਾਂ ਕੋਲੋਂ 32 ਬੋਰ ਦੇ ਦੋ ਪਿਸਤੌਲ ਅਤੇ 40 ਕਾਰਤੂਸ ਵੀ ਬਰਾਮਦ ਕੀਤੇ ਹਨ।
ਜ਼ਿਲ੍ਹਾ ਪੁਲੀਸ ਦੇ ਮੁਖੀ ਡਾ. ਨਾਨਕ ਸਿੰਘ ਦੇ ਮੁਤਾਬਕ ਸੰਦੀਪ ਸਿੰਘ (26) ਵਾਸੀ ਬੰਗੀ ਨਿਹਾਲ, ਜ਼ਿਲ੍ਹਾ ਬਠਿੰਡਾ ਤੇ ਅਮਰ ਸਿੰਘ (48) ਪਿੰਡ ਚੱਠਾ ਦੋਵੇਂ ਜਾਣੇ ਖਾਲਿਸਤਾਨ ਜ਼ਿੰਦਾਬਾਦ ਗਰੁੱਪ ਦੇ ਮੈਂਬਰ ਹਨ, ਜਿਨ੍ਹਾਂ ਦਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨਾਲ ਸੰਬੰਧ ਹੈ। ਪੁਲੀਸ ਦਾ ਦਾਅਵਾ ਹੈ ਕਿ ਗੁਰਜੰਟ ਸਿੰਘ ਨਾਮੀ ਵਿਅਕਤੀ ਵੱਲੋਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਚਲਾਈ ਜਾ ਰਹੀ ਹੈ, ਜਿਹੜੀ ਜਨਵਰੀ ਤੇ ਅਕਤੂਬਰ 2016 ਵਿੱਚ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਸੀ। ਜਿ਼ਲਾ ਫਰੀਦਕੋਟ ਪੁਲੀਸ ਨੇ ਇਨ੍ਹਾਂ ਦੋਵਾਂ ਜਣਿਆਂ ਦੇ ਖਿਲਾਫ਼ ਦਹਿਸ਼ਤਗਰਮ ਸਰਗਰਮੀਆਂ ਰੋਕੂ ਐਕਟ ਅਤੇ ਅਸਲਾ ਐਕਟ ਦਾ ਕੇਸ ਦਰਜ ਕੀਤਾ ਹੈ। ਐਸ ਐਸ ਪੀ ਨਾਨਕ ਸਿੰਘ ਨੇ ਕਿਹਾ ਕਿ ਇਹ ਗਰੁੱਪ ਪੰਜਾਬ ਤੇ ਗੁਆਂਢੀ ਰਾਜਾਂ ਵਿੱਚ ਫਿਰਕੂ ਤਣਾਅ ਪੈਦਾ ਕਰਨ ਲਈ ਸਰਗਰਮ ਸੀ। ਆਪਣੇ ਲਿਖਤੀ ਬਿਆਨ ਵਿੱਚ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਲੋਕਾਂ ਨੂੰ ਵਿਦੇਸ਼ਾਂ ਵਿੱਚ ਬੈਠੀਆਂ ਜੱਥੇਬੰਦੀਆਂ ਵੱਲੋਂ ਹਥਿਆਰ ਹਾਸਲ ਕਰਵਾਏ ਜਾਂਦੇ ਹਨ।
ਇਨ੍ਹਾਂ ਗ੍ਰਿਫਤਾਰੀਆਂ ਤੋਂ ਬਾਅਦ ਅੱਜ ਫ਼ਰੀਦਕੋਟ ਰੇਂਜ ਦੇ ਡੀ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਨੇ ਫ਼ਰੀਦਕੋਟ ਦੇ ਪੁਲੀਸ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਵੀ ਕੀਤੀ ਹੋਣ ਦਾ ਪਤਾ ਲੱਗਾ ਹੈ।