ਖਾਲਸਾ ਸਾਜਨਾ ਦਿਵਸ ਨਾਲ ਜੋੜ ਕੇ ਅਮਰੀਕਾ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’ ਕੱਢੀ ਗਈ

national sikh day parade
* ਹੇਟ ਕਰਾਈਮ ਦੇ ਮਾਹੌਲ ਵਿੱਚ ਸਿੱਖ ਪਛਾਣ ਉਭਾਰਨ ਦਾ ਯਤਨ
ਅੰਮ੍ਰਿਤਸਰ, 12 ਅਪਰੈਲ, (ਪੋਸਟ ਬਿਊਰੋ)- ਅਮਰੀਕਾ ਵਿੱਚ ਵੱਸਦੇ ਸਿੱਖਾਂ ਨੂੰ ਪੇਸ਼ ਮੁਸ਼ਕਲਾਂ ਅਤੇ ਵੱਖਰੀ ਪਛਾਣ ਦੇ ਮੁੱਦੇ ਉੱਤੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਖ਼ਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਅੱਜ ਵਾਸ਼ਿੰਗਟਨ ਡੀ ਸੀ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’ ਕੀਤੀ, ਜਿਸ ਵਿੱਚ ਵੱਡੀ ਗਿਣਤੀ ਸਿੱਖ ਸ਼ਾਮਲ ਹੋਏ। ਇਸ ਦਾ ਪ੍ਰਬੰਧ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਅਗਵਾਈ ਹੇਠ ਕੀਤਾ ਗਿਆ ਤੇ ਅਮਰੀਕਾ ਦੀਆਂ ਲਗਪਗ 60 ਗੁਰਦੁਆਰਾ ਕਮੇਟੀਆਂ ਅਤੇ ਹੋਰ ਪੰਥਕ ਜਥੇਬੰਦੀਆਂ ਸ਼ਾਮਲ ਹੋਈਆਂ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਦੇ ਮੁਤਾਬਕ ਇਸ ਪਰੇਡ ਵਿੱਚ ਸ਼ਾਮਲ ਹੋਣ ਲਈ ਪੂਰੇ ਅਮਰੀਕਾ ਤੋਂ ਵੱਡੀ ਗਿਣਤੀ ਸਿੱਖ ਪੁੱਜੇ। ਪਰੇਡ ਦੀ ਸ਼ੁਰੂਆਤ ਕਾਂਸਟੀਚਿਊਸ਼ਨ ਐਵੇਨਿਊ ਤੋਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਹੋਈ। ਇਸ ਵਿੱਚ ਵਿੱਚ ਕੈਨੇਡਾ ਤੋਂ ਪਾਰਲੀਮੈਂਟ ਮੈਂਬਰ ਰਣਦੀਪ ਸਿੰਘ ਸਰਾਏ ਅਤੇ ਅਮਰੀਕਾ ਦੀ ਪਾਰਲੀਮੈਂਟ (ਕਾਂਗਰਸ) ਦੇ ਮੈਂਬਰ ਪੈਟਰਿਕ ਮੀਹਾਨ ਦੇ ਨੁਮਾਇੰਦੇ ਸਟੇਟ ਸੈਨੇਟਰ ਵੀ ਸ਼ਾਮਲ ਸਨ। ਮੈਟਰੋਪਾਲਿਟਨ ਪੁਲੀਸ ਦੇ ਅਧਿਕਾਰੀਆਂ ਨੇ ਵੀ ਇਸ ਨੂੰ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਅਮਰੀਕਾ ਦੀ ਕਾਂਗਰਸ ਵੱਲੋਂ ਏਥੇ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਾਨਤਾ ਦੇਣ ਤੇ ਉਂਟਾਰੀਓ ਦੇ ਮਤੇ ਦੀ ਸ਼ਲਾਘਾ ਕੀਤੀ ਤੇ ਮਤਾ ਪਾਸ ਕਰਕੇ ਹਰ ਸਾਲ ‘ਵਰਲਡ ਸਿੱਖ ਡੇਅ ਪਰੇਡ’ ਮਨਾਉਣ ਦਾ ਐਲਾਨ ਕੀਤਾ ਗਿਆ।