ਖਾਲਸਾ ਮੇਰੋ ਰੂਪ ਹੈ ਖਾਸ

visakhi
-ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਖਾਲਸਾ ਪੰਥ ਦੀ ਸਾਜਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 (1699 ਈ.) ਦੀ ਵਿਸਾਖੀ ਦੇ ਦਿਨ ਕੀਤੀ ਸੀ। ਵਿਸਾਖੀ ਦਾ ਤਿਉਹਾਰ ਭਾਰਤ ਦਾ ਇੱਕ ਸਮਾਜਕ ਤਿਉਹਾਰ ਹੈ, ਜੋ ਪੁਰਾਤਨ ਸਮੇਂ ਤੋਂ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਰਿਹਾ ਹੈ। ਇਸ ਵੇਲੇ ਤੱਕ ਹਾੜ੍ਹੀ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੁੰਦੀ ਹੈ। ਸਾਰੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਨਵੀਆਂ ਆਸਾਂ ਤੇ ਉਮੀਦਾਂ ਲੈ ਕੇ ਮੇਲਿਆਂ ਵਿੱਚ ਖੁਸ਼ੀ ਨਾਲ ਸ਼ਰੀਕ ਹੁੰਦੇ ਹਨ।
ਮਨੁੱਖਤਾ ਨੂੰ ਖਾਲਸੇ ਦੀ ਵਡਮੁੱਲੀ ਦਾਤ ਦੇਣ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਦਿਨ ਚੁਣਿਆ, ਕਿਉਂਕਿ ਖਾਲਸੇ ਦਾ ਸੰਕਲਪ ਮਨੁੱਖਤਾ ਨੂੰ ਦੁੱਖਾਂ ਤੋਂ ਨਿਜਾਤ ਦਿਵਾਉਣ ਤੇ ਉਸ ਦੇ ਸਰਵਪੱਖੀ ਵਿਕਾਸ ਲਈ ਅਗੰਮੀ ਵਰਦਾਨ ਤੇ ਇੱਕ ਨਵੇਂ ਜੀਵਨ ਦੀ ਸ਼ੁਰਆਤ ਸੀ। ਵਿਸਾਖ ਮਹੀਨੇ ਨੂੰ ਗੁਰਬਾਣੀ ਵਿੱਚ ‘ਭਲਾ’ ਕਿਹਾ ਗਿਆ ਹੈ :
ਵੈਸਾਖੁ ਭਲਾ ਸਾਖਾ ਵੇਸ ਕਰੇ॥ (ਪੰਨਾ 1108)
ਖਾਲਸੇ ਦੀ ਸਾਜਨੇ ਦੀ ਪ੍ਰਕਿਰਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੀ ਆਰੰਭ ਹੋ ਗਈ ਸੀ। ਸੈਂਕੜੇ ਸਾਲ 10 ਗੁਰੂ ਸਾਹਿਬਾਨ ਦੀ ਸਰਪ੍ਰਸਤੀ ਵਿੱਚ ਇਸ ਦਾ ਵਿਕਾਸ ਹੁੰਦਾ ਰਿਹਾ। ਦਸ ਗੁਰੂ ਸਾਹਿਬਾਨ ਵਿੱਚ ਇੱਕੋ ਗੁਰੂ ਜੋਤ ਵਰਤਦੀ ਸੀ। ਉਨ੍ਹਾਂ ਦੀ ਬਾਣੀ ਦਾ ਭਾਵ, ਉਦੇਸ਼ ਤੇ ਵਿਚਾਰਧਾਰਾ ਇੱਕ ਹੀ ਸੀ :
-ਲਹਣੇ ਦੀ ਫੇਰਾਈਐ
ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ
ਕਾਇਆ ਫੇਰਿ ਪਲਟੀਐ॥ (ਪੰਨਾ 966)
-ਇਕਾ ਬਾਣੀ ਇਕੁ ਗੁਰੁ
ਇਕੋ ਸਬਦੁ ਵੀਚਾਰਿ॥
ਸਚਾ ਸਉਦਾ ਹਟੁ ਸਚੁ
ਰਤਨੀ ਭਰੇ ਭੰਡਾਰ॥ (ਪੰਨਾ 646)
ਇਸ ਅਨਮੋਲ ਗੁਰਮਤਿ ਵਿਚਾਰਧਾਰਾ ਦੀ ਸਿਖਰ ਸੀ ‘ਖਾਲਸੇ ਦੀ ਸਾਜਨਾ’। ਖਾਲਸਾ ਇੱਕ ਆਦਰਸ਼ ਪੁਰਖ ਹੈ। ਇਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ, ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਇੱਕ ਸਰਵ ਪੱਖੀ, ਸਰਬ ਪ੍ਰਕਾਰ ਦੇ ਸਰਗੁਣਾਂ ਨਾਲ ਭਰਪੂਰ, ਆਤਮ ਵਿਸ਼ਵਾਸ, ਸਵੈ-ਨਿਰਭਰ ਤੇ ਸੰਪੂਰਨ ਮਨੁੱਖ ਹੈ। ਖਾਲਸਾ ਸੰਤ ਵੀ ਹੈ, ਸਿਪਾਹੀ ਵੀ, ਖਾਲਸਾ ਗੁਰੂ ਵੀ ਹੈ ਤੇ ਸਿੱਖ ਵੀ, ਖਾਲਸਾ ਗ੍ਰਹਿਸਥੀ ਵੀ ਹੈ ਤੇ ਯੋਗੀ ਵੀ, ਖਾਲਸਾ ਦਿ੍ਰੜ੍ਹ ਵੀ ਹੈ ਤੇ ਨਿਮਰ ਵੀ ਹੈ, ਖਾਲਸਾ ਨਿਰਭੈਅ ਵੀ ਹੈ ਤੇ ਨਿਰਵੈਰ ਵੀ। ਖਾਲਸਾ ਹਰ ਪ੍ਰਕਾਰ ਦੇ ਗਿਆਨ ਦਾ, ਸ਼ਕਤੀਆਂ ਦਾ ਭੰਡਾਰ ਹੈ, ਇਸ ਲਈ ਨਿਰੰਜਨ ਰੂਪ ਅਜਿਹੀ ਸ਼ਖਸੀਅਤ ਹੈ, ਜਿਸ ਬਾਰੇ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਹੈ :
ਸਰਬ ਸਬਦੰ ਏਕ ਸਬਦੰ
ਜੇ ਕੋ ਜਾਣੈ ਭੇਊ॥
ਨਾਨਕੁ ਤਾ ਕਾ ਦਾਸੁ ਹੈ
ਸੋਈ ਨਿਰੰਜਨ ਦੇਊ॥ (ਪੰਨਾ 469)
ਵਿਸਾਖੀ ਦੇ ਦਿਹਾੜੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕੀਤੀ। ਇਸੇ ਪਵਿੱਤਰ ਅਸਥਾਨ ‘ਤੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਸਿੱਖੀ ਧਾਰਨ ਲਈ ਸਿਰ ਦੇਣ ਦੀ ਸ਼ਰਤ ਰੱਖੀ ਸੀ, ਉਸੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੁਰੂ ਜੀ ਨੇ ਭਰੇ ਦੀਵਾਨ ਵਿੱਚ ਸਿੱਖਾਂ ਕੋਲੋਂ ਸੀਸ ਦੀ ਮੰਗ ਕੀਤੀ। ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਨ ‘ਚੋਂ ਪੰਜ ਸਿੰਘ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕਰਨ ਲਈ ਉਠੇ। ਇਹ ਸਿੱਖ ਸਨ ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਹਿੰਮਤ ਚੰਦ, ਭਾਈ ਮੋਹਕਮ ਚੰਦ ਤੇ ਭਾਈ ਸਾਹਿਬ ਚੰਦ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਨਵੇਂ ਵਸਤਰ ਤੇ ਸ਼ਸਤਰ ਪਹਿਨਾਏ। ਖੰਡੇ ਬਾਟੇ ਦੀ ਪਾਹੁਲ ਹੱਥੀਂ ਤਿਆਰ ਕਰ ਕੇ ਉਨ੍ਹਾਂ ਨੂੰ ਛਕਾਈ ਤੇ ਆਪਣੇ ਪਿਆਰਿਆਂ ਦੀ ਪਦਵੀ ਦਿੱਤੀ। ਇਨ੍ਹਾਂ ਸਭ ਦੇ ਨਾਵਾਂ ਨਾਲ ਸਿੰਘ ਪਦ ਲਾਇਆ ਗਿਆ। ਇਨ੍ਹਾਂ ਦੇ ਨਵੇਂ ਨਾਂਅ ਰੱਖੇ ਗਏ; ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ। ਇਨ੍ਹਾਂ ਦਾ ਪੁਰਾਣਾ ਕੁਲ ਵਰਣ ਨਾਸ ਕਰ ਕੇ ਖਾਲਸੇ ਦਾ ਰੂਪ ਬਖਸ਼ਿਆ। ਫਿਰ ਇਨ੍ਹਾਂ ਤੋਂ ਆਪ ਖੰਡੇ ਦੀ ਪਾਹੁਲ ਛਕ ਕੇ ਗੁਰੂ ਚੇਲੇ ਦਾ ਫਰਕ ਮਿਟਾ ਦਿੱਤਾ। ਭਾਈ ਗੁਰਦਾਸ ਜੀ ਨੇ ਲਿਖਿਆ :
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥ (ਵਾਰ 41.1)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਸਿੰਘਾਂ ਨੂੰ ਗੁਰੂ ਦੀ ਇੱਕ ਸੰਸਥਾ ਦਾ ਰੂਪ ਦੇ ਦਿੱਤਾ ਤਾਂ ਜੋ ਗੁਰਮਤਿ ਦਾ ਪ੍ਰਚਾਰ ਨਿਰੰਤਰ, ਸਰਵ ਕਾਲ ਤੇ ਸਰਵ ਵਿਆਪਕ ਕੀਤਾ ਜਾ ਸਕੇ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਪੰਜ ਰਹਿਤਵਾਨ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਹਿ ਕੇ ਅੰਮ੍ਰਿਤ ਸੰਚਾਰ ਕਰਨ ਦਾ ਅਧਿਕਾਰ ਦੇ ਦਿੱਤਾ ਸੀ।
ਖਾਲਸੇ ਦਾ ਉਦੇਸ਼ ਸਿਰਫ ਆਪਣੇ ਲਈ ਜਿਊਣਾ ਨਹੀਂ, ਇਹ ਇੱਕ ਮਹਾਨ ਪਰਉਪਕਾਰੀ ਯੋਧਾ ਹੈ। ਇਸ ਨੇ ਧਰਤੀ ‘ਤੇ ਮਜ਼ਲੂਮਾਂ ਦੀ ਸਹਾਇਤਾ ਕਰਨੀ ਤੇ ਜ਼ਾਲਮਾਂ ਦਾ ਵਿਰੋਧ ਕਰਨਾ ਹੈ। ਖਾਲਸੇ ਨੇ ਅਜਿਹਾ ਹੀ ਕੀਤਾ ਸੀ। ਚੱਪੜਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀ ਸਿੱਖ ਯੋਧਿਆਂ ਨੇ ਹਾਥੀ-ਘੋੜਿਆਂ ਦੀ ਸੈਨਾ ਨੂੰ ਮਿੱਟੀ ਵਿੱਚ ਰੋਲ ਦਿੱਤਾ ਅਤੇ 12 ਮਈ 1710 ਈ. ਨੂੰ ਸਰਹਿੰਦ ਦੀ ਧਰਤੀ ਉੱਤੇ ਸਿੱਖ ਰਾਜ ਦਾ ਖਾਲਸਾ ਪਰਚਮ ਲਹਿਰਾ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਵਰਗੇ ਯੋਧੇ ਖਾਲਸਾ ਪੰਥ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਵਿਦੇਸ਼ੀ ਜਰਵਾਣਿਆਂ ਨੂੰ ਬਾਹਰ ਧੱਕ ਦਿੱਤਾ। ਸ੍ਰ: ਹਰੀ ਸਿੰਘ ਨਲੂਆ ਵਰਗੇ ਜਰਨੈਲ ਹੋਏ, ਜਿਨ੍ਹਾਂ ਤੋਂ ਖੂੰਖਾਰ ਪਠਾਣ ਭੈਅ ਖਾਂਦੇ ਸਨ। ਉਸ ਇਲਾਕੇ ਦੀਆਂ ਇਸਤਰੀਆਂ ਅਜੇ ਵੀ ਆਪਣੇ ਬੱਚਿਆਂ ਨੂੰ ‘ਹਰੀਆ ਰਾਗਲੇ’ ਕਹਿ ਕੇ ਰੋਣ ਤੋਂ ਚੁੱਪ ਕਰਾਉਂਦੀਆਂ ਹਨ। ਉਨ੍ਹਾਂ ਵਿੱਚ ਇਹ ਗੁਰਮਤਿ ਦੀ ਤਾਕਤ ਸੀ।
ਵੱਖਰੀ ਪਛਾਣ ਕਿਸੇ ਧਰਮ ਦੀ ਹੋਂਦ ਲਈ ਬਹੁਤ ਜ਼ਰੂਰੀ ਪੱਖ ਹੁੰਦਾ ਹੈ। ਖਾਲਸੇ ਦੇ ਮਹਾਨ ਉਦੇਸ਼ ਨੂੰ ਮੁੱਖ ਰੱਖ ਕੇ ਇਸ ਨੂੰ ਸਾਰੇ ਜਗਤ ਤੋਂ ਨਿਰਾਲਾ ਰੂਪ ਦਿੱਤਾ ਗਿਆ ਹੈ। ਖਾਲਸੇ ਦਾ ਸਰੂਪ, ਸਿਧਾਂਤ, ਕਾਰਜ ਤੇ ਨਿਸ਼ਾਨਾ ਵਿਲੱਖਣ, ਵਿਸ਼ੇਸ਼ ਤੇ ਨਿਆਰਾ ਹੈ। ਇਸ ਦੇ ਨਿਆਰੇ ਰਹਿਣ ਵਿੱਚ ਪ੍ਰਮਾਤਮਾ ਦੀਆਂ ਸਭ ਬਰਕਤਾਂ ਤੇ ਸ਼ਕਤੀਆਂ ਹਨ।
ਚੜ੍ਹਦੀ ਕਲਾ ਦਾ ਗੁਣ ਖਾਲਸੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਇਤਿਹਾਸ ਗਵਾਹ ਹੈ ਕਿ ਬਹੁਤ ਸੰਕਟ ਦੇ ਸਮੇਂ ਵੀ ਸਿੱਖਾਂ ਨੇ ਕਦੇ ਹੌਸਲਾ ਨਹੀਂ ਛੱਡਿਆ। ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਅਤੇ ਬਹੁਤ ਅਸਾਵੀਆਂ ਲੜਾਈਆਂ ਵਿੱਚ ਘੱਟ-ਗਿਣਤੀ ਵਿੱਚ ਹੁੰਦਿਆਂ ਵੀ ਵੀਰਤਾ ਨਾਲ ਕਈ ਗੁਣਾ ਵੱਧ ਦੁਸ਼ਮਣ ਦਾ ਮੁਕਾਬਲਾ ਕੀਤਾ। ਛੋਟੇ ਘੱਲੂਘਾਰੇ ਅਤੇ ਵੱਡੇ ਘੱਲੂਘਾਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਦੇ ਬਾਵਜੂਦ ਉਨ੍ਹਾਂ ਦੇ ਸੰਘਰਸ਼ ਵਿੱਚ ਕੋਈ ਢਿੱਲ ਨਹੀਂ ਆਈ। ਉਨ੍ਹਾਂ ਨੇ ਅੱਗੇ ਤੋਂ ਵੀ ਵੱਧ ਸ਼ਕਤੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਤੇ ਫਤਹਿ ਹਾਸਲ ਕੀਤੀ। ਇਸ ਤਰ੍ਹਾਂ ਅਤਿ ਔਖੇ ਹਾਲਾਤ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਸਾਹਮਣਾ ਕਰਨਾ ਦੀ ਦਾਤ ਸਿਰਫ ਤੇ ਸਿਰਫ ਖਾਲਸੇ ਨੂੰ ਹੀ ਪ੍ਰਾਪਤ ਹੈ।
ਅੱਜ ਲੋੜ ਹੈ ਪੰਥਕ ਸੰਸਥਾਵਾਂ, ਸਿੱਖ ਸੰਪਰਦਾਵਾਂ, ਸਭਾ ਸੁਸਾਇਟੀਆਂ, ਸਿਆਸੀ ਅਤੇ ਧਾਰਮਿਕ ਆਗੂਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ, ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲ ਸਕੀਏ ਤੇ ਆਪਣੀਆਂ ਮਹਾਨ ਪ੍ਰੰਪਰਾਵਾਂ ਅਨੁਸਾਰ ਸਿੱਖੀ ਸਰੂਪ ਤੇ ਚੰਗੇ ਕਿਰਦਾਰ ਵਾਲੀ ਬਣਾ ਸਕੀਏ।