ਖਾਣ ਵਿੱਚ ਧਮਾਕੇ ਕਾਰਨ ਪੰਜ ਜਣਿਆਂ ਦੀ ਮੌਤ


ਕੋਲਕਾਤਾ, 11 ਮਈ (ਪੋਸਟ ਬਿਊਰੋ)- ਝਾਰਖੰਡ ਸਰਹੱਦ ਨਾਲ ਲੱਗਦੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਮੁਹੰਮਦ ਬਾਜ਼ਾਰ ਥਾਣੇ ਤਹਿਤ ਗੋਸਾਈ ਪਹਾੜੀ ਦੀ ਪੱਥਰ ਦੀ ਖਾਨ ਵਿੱਚ ਧਮਾਕੇ ‘ਚ ਪੰਜ ਮਜ਼ੂਦਰਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਦੀ ਪਛਾਣ ਯਾਦਵ ਰਾਏ, ਲਾਦੇਨ ਸ਼ੇਖ ਅਤੇ ਵਿਮਲ ਭੰਡਾਰੀ ਵਜੋਂ ਹੋਈ ਹੈ। ਯਾਦਵ ਅਤੇ ਲਾਦੇਨ ਝਾਰਖੰਡ ਦੇ ਪਾਕੁਡ ਦੇ ਰਹਿਣ ਵਾਲੇ ਸਨ ਜਦ ਕਿ ਵਿਮਲ ਮੁੱਲਾਰਪੁਰ ਥਾਣਾ ਕੇਤਰ ਦੇ ਮਠਮੂਹਲਾ ਪਿੰਡ ਦਾ ਰਹਿਣ ਵਾਲਾ ਸੀ।
ਪ੍ਰਸ਼ਾਸਨਿਕ ਸੂਤਰਾਂ ਮੁਤਾਬਕ ਹਾਦਸੇ ‘ਚ ਕਈ ਲੋਕਾਂ ਦੀ ਹਾਲਤ ਗੰਭੀਰ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ। ਸਥਾਨਕ ਆਦਿਵਾਸੀਆਂ ਦਾ ਦਾਅਵਾ ਹੈ ਕਿ ਖਾਨ ਧਮਾਕੇ ਵਿੱਚ 13 ਤੋਂ 16 ਲੋਕਾਂ ਦੀ ਮੌਤ ਹੋਈ ਹੈ। ਪ੍ਰਸ਼ਾਸਨ ਨੇ ਖਾਨ ਦੇ ਮਾਲਕ ਵੈਦਨਾਥ ਮੰਡਲ ਅਤੇ ਕਾਰਤਿਕ ਚੰਦਰ ਮੰਡਲ ਸਣੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ। ਵੈਦਨਾਥ ਬੀਰਭੂਮ ਦੇ ਮੁਹੰਮਦ ਬਾਜ਼ਾਰ ਥਾਣਾ ਖੇਤਰ ਦੇ ਕਪਾਸਡਾਂਗਾ ਦਾ ਰਹਿਣ ਵਾਲਾ ਹੈ, ਜਦ ਕਿ ਕਾਰਤਿਕ ਜ਼ਿਲਾ ਪੁਲਸ ‘ਚ ਕੰਮ ਕਰਦਾ ਹੈ। ਮਿਲੀ ਸੂਚਨਾ ਮੁਤਾਬਕ ਝਾਰਖੰਡ ਦੇ ਸ਼ਿਕਾਰੀਪਾੜੀ ਥਾਣੇ ਦੇ ਲਿਪੀਪਾੜਾ ਨਾਲ ਲੱਗਦੇ ਮੁਹੰਮਦ ਬਾਜ਼ਾਰ ਦੇ ਗੋਸਾਈ ਪਹਾੜ ਸਥਿਤ ਪੱਥਰ ਦੀ ਖਾਨ ‘ਚ ਬੀਤੇ ਦਿਨੀਂ ਵੱਡੀ ਗਿਣਤੀ ‘ਚ ਮਜ਼ਦੂਰ ਕੰਮ ਕਰ ਰਹੇ ਸਨ। ਜੇ ਸੀ ਬੀ ਮਸ਼ੀਨ ਨਾਲ ਜ਼ਮੀਨ ਦੀ ਖੁਦਾਈ ਕੀਤੀ ਜਾ ਰਹੀ ਸੀ ਤਦ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਪੂਰਾ ਇਲਾਕਾ ਮਿੱਟੀ ਦੇ ਗੁਬਾਰ ਨਾਲ ਢੱਕ ਗਿਆ। ਜਦੋਂ ਧੂੜ ਹਟੀ ਤਾਂ ਚਾਰੋਂ ਪਾਸੇ ਖੂਨ ਨਾਲ ਲਥਪਥ ਲੋਕ ਪਏ ਸਨ। ਕਈਆਂ ਦੇ ਹੱਥ ਪੈਰ ਉਡ ਗਏ ਸਨ। ਧਮਾਕੇ ਦੀ ਆਵਾਜ਼ ਸੁ ਕੇ ਵੱਡੀ ਗਿਣਤੀ ‘ਚ ਲੋਕ ਮਦਦ ਲਈ ਦੌੜੇ। ਤਿੰਨ ਮਜ਼ਦੂਰਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦ ਕਿ ਦੋ ਹੋਰ ਨੇ ਹਸਪਤਾਲ ਜਾ ਕੇ ਦਮ ਤੋੜਿਆ।