ਖਰਾਬ ਸਿਹਤ ਦੇ ਬਾਵਜੂਦ ਸਲਮਾਨ ਨੇ ਸ਼ੂਟਿੰਗ ਕੀਤੀ


ਸਲਮਾਨ ਖਾਨ ਆਪਣੀ ਅਗਲੀ ਫਿਲਮ ‘ਟਾਈਗਰ ਜ਼ਿੰਦਾ ਹੈ’ ਵਿੱਚ ਹੈਰਤ ਅੰਗੇਜ਼ ਐਕਸ਼ਨ ਕਰਦੇ ਦਿਸਣਗੇ। ਇਸ ਫਿਲਮ ਨੂੰ ਆਸਟਰੀਆ, ਗ੍ਰੀਸ, ਮੋਰਾਕੋ, ਆਬੂ ਧਾਬੀ ਦੇ ਨਾਲ ਭਾਰਤ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਵੀ ਕਈ ਥਾਂ ਫਿਲਮਾਇਆ ਗਿਆ ਹੈ। ਅਸਟਰੀਆ ਵਿੱਚ ਕੜਾਕੇ ਦੀ ਠੰਢ ਵਿੱਚ ਸਲਮਾਨ ਤੇ ਕੈਟਰੀਨਾ ਕੈਫ ਨੇ ਐਕਸ਼ਨ ਸੀਕਵੈਂਸ ਨੂੰ ਸ਼ੂਟ ਕੀਤਾ। ਐਕਸ਼ਨ ਸੀਨ ਨੂੰ ਫਿਲਮਾਉਣ ਦੇ ਲਈ ਇੰਟਰੈਸ਼ਨਲ ਕਰੂਅ ਦੀ ਵੀ ਮਦਦ ਲਈ ਗਈ।
ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਦੱਸਿਆ, ਆਨ ਸਕਰੀਨ ਕੁਝ ਚੀਜ਼ਾਂ ਦੇਖਣ ਵਿੱਚ ਬੇਹੱਦ ਆਸਾਨ ਦਿਸਦੀਆਂ ਹਨ, ਹਾਲਾਂਕਿ ਉਨ੍ਹਾਂ ਨੂੰ ਸ਼ੂਟ ਕਰਨਾ ਆਸਾਨ ਨਹੀਂ ਹੁੰਦਾ। ਆਸਟਰੀਆ ਵਿੱਚ ਵੀ ਸ਼ੂਟ ਕੀਤਾ ਇੱਕ ਸੀਕਵੈਂਸ ਆਸਾਨ ਨਹੀਂ ਸੀ। ਦਰਅਸਲ ‘ਟਾਈਗਰ ਜ਼ਿੰਦਾ ਹੈ’ ਲਈ ਸਾਨੂੰ ਦੂਰ ਬਰਫ ਨਾਲ ਢਕੀ ਅਤੇ ਥੋੜ੍ਹੀ ਸੁੰਨਸਾਨ ਜਗ੍ਹਾ ਦੀ ਲੋੜ ਸੀ। ਉਹ ਜਗ੍ਹਾ ਆਸਟਰੀਆ ਦੇ ਪਹਾੜਾਂ ਵਿੱਚ ਮਿਲੀ। ਉਥੇ ਕੜਾਕੇ ਦੀ ਠੰਢ ਤੇ ਤਾਪਮਾਨ ਜ਼ੀਰੋ ਤੋਂ 22 ਡਿਗਰੀ ਸੈਲਸੀਅਸ ਦੇ ਹੇਠਾਂ ਸੀ। ਸਾਨੂੰ ਉਥੇ ਕਈ ਔਖੀਆਂ ਸਥਿਤੀਆਂ ਦਾ ਸਾਹਮਣ ਕਰਨਾ ਪਿਆ। ਸਲਮਾਨ ਖਾਨ ਵੀ ਠੀਕ ਨਹੀਂ ਸਨ, ਪਰ ਖਰਾਬ ਸਿਹਤ ਦੇ ਬਾਵਜੂਦ ਉਨ੍ਹਾਂ ਕਠਿਨ ਐਕਸ਼ਨ ਸੀਕਵੈਂਸ ਕੀਤਾ। ਇਥੇ ਅਸੀਂ ਖੂਬਸੂਰਤ ਗਾਣਾ ਵੀ ਫਿਲਮਾਇਆ।
ਕੜਾਕੇ ਦੀ ਠੰਢ ਦੇ ਬਾਵਜੂਦ ਅਸੀਂ ਉਥੇ ਸ਼ੂਟਿੰਗ ਕਰਨ ਵਿੱਚ ਸਫਲ ਰਹੇ। ਸਾਨੂੰ ਇਸ ਗੱਲ ਦੀ ਸੰਤੁਸ਼ਟੀ ਰਹੀ। ਇਹ ਫਿਲਮ 22 ਦਸੰਬਰ ਨੂੰ ਰਿਲੀਜ਼ ਹੋਵੇਗੀ। ਦੱਸਣਾ ਬਣਦਾ ਹੈ ਕਿ ਇਹ ਫਿਲਮ ਸਾਲ 2012 ਵਿੱਚ ਆਈ ‘ਏਕ ਥਾ ਟਾਈਗਰ’ ਦਾ ਸੀਕਵਲ ਹੈ। ਮੂਲ ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਸੀ।