ਖਬ਼ਰਦਾਰ! ਮਤੇ ਦਿਲ ਦੀ ਤੰਦ ਉਲਝ ਜਾਏ

ਨਿਊਯਾਰਕ ਦੇ Icahn School of Medicine ਦੇ ਖੋਜੀਆਂ ਨੇ ਇੱਕ ਸਟੱਡੀ ਜਾਰੀ ਕੀਤੀ ਹੈ ਜਿਸ ਉੱਤੇ ਉਹ ਜਾਨਵਰ ਅਤੇ ਪੰਛੀ ਜਰੂਰ ਖੁਸ਼ ਹੋਣਗੇ ਜਿਹਨਾਂ ਨੂੰ ਮਨੁੱਖ ਜਾਤੀ ਆਪਣੇ ਭੋਜਨ ਦੇ ਹਿੱਸੇ ਵਜੋਂ ਖਾਂਦੀ ਹੈ। ਇਸ ਸਟੱਡੀ ਵਿੱਚ 15 ਹਜ਼ਾਰ 569 ਲੋਕਾਂ ਨੇ ਭਾਗ ਲਿਆ ਜਿਹਨਾਂ ਦੇ ਖਾਣ ਦੀਆਂ ਆਦਤਾਂ ਅਤੇ ਸਿਹਤ ਨੂੰ ਖੋਜੀ ਡਾਕਟਰਾਂ ਵੱਲੋਂ ਚਾਰ ਸਾਲ ਤੱਕ ਮਾਪਿਆ ਗਿਆ। ਸਟੱਡੀ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਕੰਦ ਮੂਲ ਭਾਵ ਪੌਦਿਆਂ ਆਧਾਰਤ ਖਾਣਾ (ਸਬਜ਼ੀਆਂ) ਖਾਂਦੇ ਹਨ, ਉਹਨਾਂ ਨੂੰ ਮੀਟ, ਪਾਸਤਾ ਆਦਿ ਖਾਣ ਵਾਲੇ ਲੋਕਾਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦੇ 42% ਘੱਟ ਆਸਾਰ ਹਨ।

ਇਸ ਸਟੱਡੀ ਵਿੱਚ ਲੋਕਾਂ ਦੀਆਂ ਖਾਣ ਦੀਆਂ ਆਦਤਾਂ ਨੂੰ ਪੰਜ ਵਰਗਾਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਇੱਕ ਵਰਗ ਵਿੱਚ ਰੈਡ ਮੀਟ, ਪਾਸਤਾ, ਫਰਾਈ ਕੀਤੇ ਆਲੂ, ਫਾਸਟ ਫੂਡ ਸ਼ਾਮਲ ਸਨ। ਦੂਜੇ ਵਰਗ ਵਿੱਚ ਪੌਦਿਆਂ ਆਧਾਰਤ ਪੱਤਿਆਂ ਵਾਲੀਆਂ ਸਬਜ਼ੀਆਂ, ਫਲ, ਫ਼ਲੀਆਂ ਆਦਿ ਦਾ ਭੋਜਨ ਕਰਨ ਵਾਲੇ ਸਨ। ਤੀਜੀ ਸ਼੍ਰੈਣੀ ਵਿੱਚ ਮਿੱਠਾ ਆਧਾਰਤ ਭੋਜਨ ਸੀ ਜਿਸ ਵਿੱਚ ਆਈਸ ਕਰੀਮ, ਬਰੈੱਡ, ਮਿੱਠੇ ਬਰੇਕਫਾਸਟ ਦੀਆਂ ਆਈਟਮਾਂ, ਚੌਕਲੇਟ, ਕੈਂਡੀਆਂ ਸਨ। ਚੌਥੇ ਵਰਗ ਵਿੱਚ ਆਂਡੇ, ਫਰਾਈ ਫੂਡ, ਪ੍ਰੋਸੈਸਡ ਮੀਟ, ਚੀਨੀ ਅਤੇ ਕੋਕਾ ਕੋਲਾ ਵਰਗੇ ਮਿੱਠੇ ਪੇਅ ਅਦਾਰਥ ਸਨ। ਪੰਜਵੇਂ ਗਰੁੱਪ ਵਿੱਚ ਮੱਖਣ, ਵਾਈਨ, ਸ਼ਰਾਬ, ਸਲਾਦ ਡਰੈਸਿੰਗ ਅਤੇ ਟਮਾਟਰ ਵਗੈਰਾ ਸ਼ਾਮਲ ਸਨ।

Journal of the American College of Cardiology  ਵਿੱਚ ਛਪੀ ਇੱਕ ਹੋਰ ਸਟੱਡੀ ਮੁਤਾਬਕ ਜੋ ਲੋਕ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਸਹੀ ਮਾਤਰਾ ਵਿੱਚ ਗਿਰੀਆਂ (ਬਦਾਮ, ਅਖਰੋਟ, ਪਿਸਤਾ, ਮੂੰਗਫ਼ਲੀ ਆਦਿ) ਖਾਂਦੇ ਹਨ, ਉਹਨਾਂ ਨੂੰ ਦਿਲ ਦੀ ਬਿਮਾਰੀ ਹੋਣ ਦੇ 23% ਘੱਟ ਆਸਾਰ ਹੁੰਦੇ ਹਨ। ਇਸ ਸਟੱਡੀ ਨੂੰ ਪੂਰਾ ਕਰਨ ਲਈ ਹਾਰਵਰਡ ਯੂਨੀਵਰਸਿਟੀ ਨੇ 2 ਲੱਖ ਲੋਕਾਂ ਦਾ ਅਧਿਐਨ ਕੀਤਾ ਸੀ।

ਦਿਲ ਦੀ ਬਿਮਾਰੀ ਉਹ ਸਥਿਤੀ ਹੈ ਜਿਸ ਵਿੱਚ ਦਿਲ ਦੀ ਖੂੁਨ ਪੰਪ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਵੈਸੇ ਤਾਂ ਇਹ ਬਿਮਾਰੀ ਹਰ ਦੇਸ਼ ਅਤੇ ਹਰ ਨਸਲ ਦੇ ਲੋਕਾਂ ਵਿੱਚ ਪਾਈ ਜਾਂਦੀ ਹੈ ਅਤੇ ਜਿ਼ਆਦਾਤਰ ਸਹੀ ਖੁਰਾਕ ਨਾ ਖਾਣ ਅਤੇ ਕਸਰਤ ਵੱਲ ਧਿਆਨ ਨਾ ਦੇਣ ਕਾਰਣ ਖੁਦ ਸਹੇੜੀ ਹੁੰਦੀ ਹੈ। ਦੁਨੀਆਂ ਵਿੱਚ ਹੰੁਦੀਆਂ ਕੁੱਲ ਦਿਲ ਦੀਆਂ ਬਿਮਾਰੀਆਂ ਦਾ 60% ਹਿੱਸਾ ਸਾਊਥ ਏਸ਼ੀਅਨਾਂ ਦੇ ਹਿੱਸੇ ਆਉਂਦਾ ਹੈ।

ਖੈਰ ਜਿਸ ਸਟੱਡੀ ਵਿੱਚ ਸਬਜ਼ੀਆਂ ਆਧਾਰਤ ਭੋਜਨ ਦਾ ਗੁਣਗਾਨ ਕੀਤਾ ਗਿਆ ਹੈ, ਉਹਨਾਂ ਤੋਂ ਜਿ਼ਆਦਾਤਰ ਸਾਊਥ ਏਸ਼ੀਅਨਾਂ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਬੇਸ਼ੱਕ ਜਿ਼ਆਦਾਤਰ ਸਾਊਥ ਏਸ਼ੀਅਨਾਂ ਦਾ ਭੋਜਨ ਮਾਸਾਹਾਰੀ ਨਾਲੋਂ ਸ਼ਾਕਾਹਾਰੀ ਵਧੇਰੇ ਹੁੰਦਾ ਹੈ ਪਰ ਬਹੁਤ ਕੇਸਾਂ ਵਿੱਚ ਸਾਡਾ ਸ਼ਾਕਾਹਾਰੀ ਭੋਜਨ ਵੀ ਮਾਸਾਹਾਰੀਆਂ ਨਾਲੋਂ ਵੱਧ ਖਤਰਨਾਕ ਹੁੰਦਾ ਹੈ। ਕਾਰਣ ਇਹ ਕਿ ਅਸੀਂ ਸਬਜ਼ੀਆਂ ਭਾਜੀਆਂ ਜੋ ਤੜਕੇ ਲਾ ਕੇ ਸੱਤਵੇਂ ਅਸਮਾਨੀ ਚੜਾ ਦੇਂਦੇ ਹਾਂ। ਇੱਕ 30 ਕੁ ਸੈਂਟ ਦਾ ਨਿਮਾਣਾ ਜਿਹਾ ਸਮੋਸਾ ਹੀ ਕਈ ਕਿਸਮ ਦੇ ਗੁਲ ਖਿਲਾ ਜਾਂਦਾ ਹੈ ਜਿਹੜੇ 2-4 ਤਾਂ ਅਸੀਂ ਐਵੇਂ ਚਾਹ ਨਾਲ ਹੀ ਖਾ ਜਾਂਦੇ ਹਾਂ। ਤਲਣ ਅਤੇ ਭਾਰੀਪਣ ਦੇ ਮਾਮਲੇ ਵਿੱਚ ਹੋਰ ਖਾਣੇ ਦੀਆਂ ਆਈਟਮਾਂ ਦਾ ਹਾਲ ਵੀ ਥੋੜੇ ਬਹੁਤੇ ਫ਼ਰਕ ਨਾਲ ਸਮੋਸਿਆਂ ਵਾਲਾ ਹੀ ਹੁੰਦਾ ਹੈ। ਦੁਨੀਆਂ ਵਿੱਚ ਕੁੱਲ ਹੁੰਦੀਆਂ ਦਿਲ ਦੀਆਂ ਬਿਮਾਰੀਆਂ ਦਾ 60% ਹਿੱਸਾ ਸਾਊਥ ਏਸ਼ੀਅਨਾਂ ਵਿੱਚ ਵਾਪਰਦਾ ਹੈ।

2014 ਵਿੱਚ ਕੀਤੀ ਗਈ ਇੱਕ ਹੋਰ ਸਟੱਡੀ ਮੁਤਾਬਕ ਦੋ ਕਿਸਮ ਦੇ ਸਾਊਥ ਏਸ਼ੀਅਨਾਂ ਨੂੰ ਦਿਲ ਦੀਆਂ ਬਿਮਾਰੀਆਂ ਵਧੇਰੇ ਹੰੁਦੀਆਂ ਹਨ। ਪਹਿਲਾ ਵਰਗ ਹੈ ਉਹਨਾਂ ਸਾਊਥ ਏਸ਼ੀਅਨਾਂ ਦਾ ਹੈ ਜਿਹੜੇ ਆਪਣੇ ਪਿਛਲੇ ਸੱਭਿਆਚਾਰਕ ਮੂਲ ਨਾਲ ਲੋੜੋਂ ਵੱਧ ਮੋਹ ਤੇਹ ਰੱਖਦੇ ਹਨ। ਖਤਰੇ ਦੇ ਜ਼ੋਨ ਵਿੱਚ ਆਉਣ ਵਾਲਾ ਦੂਜਾ ਵਰਗ ਉਹਨਾਂ ਸਾਊਥ ਏਸ਼ੀਅਨਾਂ ਦਾ ਹੈ ਜਿਹੜੇ ਆਪਣੇ ਪਿਛਲੇ ਸੱਭਿਆਚਾਰਕ ਮੂਲ ਨਾਲੋਂ ਉੱਕਾ ਹੀ ਟੁੱਟ ਚੁੱਕੇ ਹਨ। ਇਸ ਸਟੱਡੀ ਮੁਤਾਬਕ ਜਿਹੜੇ ਸਾਊਥ ਏਸ਼ੀਅਨ ਪਿਛਲੇ ਸੱਭਿਆਚਾਰਕ ਪਿਛੋਕੜ ਨਾਲ ਸਿਹਤਮੰਦ ਨਾਤਾ ਕਾਇਮ ਰੱਖਦੇ ਹੋਏ ਥੋੜਾ ਬਹੁਤਾ ਪੱਛਮੀਂ ਮੁਲਕਾਂ (ਕੈਨੇਡਾ ਅਮਰੀਕਾ) ਦੇ ਜਨ-ਜੀਵਨ ਵਿੱਚ ਘੁਲ ਮਿਲ ਜਾਂਦੇ ਹਨ, ਉਹਨਾਂ ਨੂੰ ਦਿਲ ਦੀ ਬਿਮਾਰੀ ਘੱਟ ਹੁੰਦੀ ਹੈ।

ਅਮਰੀਕਾ ਦੀ ਸਾਨ-ਫਰਾਂਸਿਸਕੋ ਯੂਨੀਵਰਸਿਟੀ ਦੀ ਮੈਡੀਸਨ ਦੀ ਡਾਕਟਰ ਅਲਕਾ ਕਨਾਇਆ ( Alka Kanaya)  ਵੱਲੋਂ Mediators of Atherosclerosis in South Asians Living in America  ਨਾਮਕ ਸਟੱਡੀ ਕਰਵਾਈ ਜਾ ਰਹੀ ਹੈ ਜਿਸਨੂੰ ਅੰਗਰੇਜ਼ੀ ਦੇ ਅੱਖਰਾਂ ਦੇ ਛੋਟੇ ਰੂਪ ਵਿੱਚ MASALA study  (ਮਸਾਲਾ ਸਟੱਡੀ) ਕਿਹਾ ਜਾਂਦਾ ਹੈ। ਇਸ ਸਟੱਡੀ ਦੇ ਮੁੱਢਲੇ ਸਿੱਟੇ ਇੱਕ ਦਿਲਚਸਪ ਗੱਲ ਪੇਸ਼ ਕਰਦੇ ਹਨ। ਇਸ ਮੁਤਾਬਕ ਸਾਊਥ ਏਸ਼ੀਅਨ ਲੋਕਾਂ ਨੂੰ ਜਦੋਂ ਕਿਸੇ ਨਸਲੀ ਵਿਤਕਰੇ ਜਾਂ ਅਨਿਆ ਭਰੇ ਵਤੀਰੇ ਵਿੱਚੋਂ ਗੁਜ਼ਰਨ ਦੀ ਨਮੋਸ਼ੀ ਝੱਲਣੀ ਪੈਂਦੀ ਹੈ ਤਾਂ ਉਹ ਵੱਧ ਮਿਠਿਆਈ ਖਾਣ ਲੱਗ ਪੈਂਦੇ ਹਨ। ਦਿਲ ਵਾਸਤੇ ਤਾਂ ਨਸਲੀ ਵਿਤਕਰੇ ਦਾ ਬੋਝ ਹੀ ਬਹੁਤ ਮਾਰੂ ਹੁੰਦਾ ਹੈ ਪਰ ਉੱਤੋਂ ਵਿਚਾਰੇ ਦਿਲ ਉੱਤੇ ਭਾਰੀ ਮਿਠਿਆਈਆਂ ਦਾ ਬੋਝ ਹੋਰ ਆ ਪੈਂਦਾ ਹੈ।

ਇਹਨਾਂ ਸਾਰੀਆਂ ਸੱਟਡੀਆਂ ਦੇ ਸਨਮੁਖ ਸਾਊਥ ਏਸ਼ੀਅਨਾਂ ਲਈ ਸਮਝ ਬਣਾਉਣੀ ਚੰਗੀ ਰਹੇਗੀ ਕਿ ਦਿਲ ਦੀ ਚੰਗੀ ਸਿਹਤ ਵਾਸਤੇ ਮਹਿਜ਼਼ ਸ਼ਾਕਾਹਾਰੀ ਭੋਜਨ ਖਾਣਾ ਬਹੁਤ ਨਹੀਂ ਹੈ। ਦਿਲ ਨੂੰ ਥਾਂ ਟਿਕਾਣੇ ਰੱਖਣ ਲਈ ਚੰਗਾ/ਸਾਵਾਂ ਸਹੀ ਮਾਤਰਾ ਵਿੱਚ ਸ਼ਾਕਾਹਾਰੀ ਭੋਜਨ ਖਾਣ ਦੀ ਲੋੜ ਹੈ। ਇਹ ਸੱਟਡੀਆਂ ਸਾਡੇ ਲਈ ਤਾਂ ਹੀ ਲਾਭਦਾਇਕ ਹੋ ਸਕਦੀਆਂ ਹਨ ਜਦੋਂ ਅਸੀਂ ਆਪਣੇ ਖਾਣ ਦੀ ਆਦਤ ਦਾ ਖੁਦ ਗਹੁ ਨਾਲ ਅਧਿਐਨ ਕਰਨ ਤੋਂ ਬਾਅਦ ਇੱਕ ਅਮਲੀ ਯੋਜਨਾ ਤਹਿਤ ਖਾਣਾ ਖਾਵਾਂਗੇ।