ਖਤਰਿਆਂ ਨਾਲ ਲਬਰੇਜ਼ ਹੈ ਉਂਟੇਰੀਓ ਦੀ ਹਾਈਡਰੋ ਸਿਆਸਤ

zzzzzzzz-300x11112
ਉਂਟੇਰੀਓ ਪ੍ਰੀਮੀਅਰ ਕੈਥਲਿਨ ਵਿੱਨ ਨੂੰ ਇਸ ਗੱਲ ਦਾ ਸਿਹਰਾ ਦੇਣਾ ਹੋਵੇਗਾ ਕਿ ਉਸਦੇ ਦਿਲ ਵਿੱਚ ਉਂਟੇਰੀਓ ਦੇ ਗਰੀਬ ਬਿਜਲੀ ਖਪਤਕਾਰਾਂ ਬਹੁਤ ਖਾਸ ਥਾਂ ਹੈ। ਜਦੋਂ ਉਹ ਵੇਖਦੀ ਹੈ ਕਿ ਉਂਟੇਰੀਓ ਵਾਸੀ ਖਾਸ ਕਰਕੇ ਪੇਂਡੂੰ ਇਲਾਕੇ ਦੇ (people of Ontario’s rural communities) ਦੇ ਲੋਕ ਅਤੇ ਛੋਟੇ ਬਿਜਸਨਮੈਨ ਬਿਜਲੀ ਬਿੱਲਾਂ ਦੇ ਭਾਰ ਥੱਲੇ ਦੱਬੇ ਜਾ ਰਹੇ ਹਨ, ਉਸਦਾ ਦਿਲ ਅੰਦਰ ਤੱਕ ਪਸੀਜ ਜਾਂਦਾ ਹੈ। ਉਹ ਦਿਲ ਵੀ ਕੈਸਾ ਜੋ ਪਸੀਜੇ ਲੇਕਿਨ ਕੋਈ ਕਾਰਗਰ ਕਦਮ ਨਾ ਚੁੱਕੇ । ਸ਼ੁਕਰ ਹੈ ਕਿ ਸਾਡੀ ਪ੍ਰੀਮੀਅਰ ਕੈਥਲਿਨ ਵਿੱਨ ਦਾ ਦਿਲ ਸਿਰਫ ਪਸੀਜਦਾ ਹੀ ਨਹੀਂ ਸਗੋਂ ਲੋਕ ਭਲਾਈ ਲਈ ਤੜਪ ਉੱਠਦਾ ਹੈ। ਤਾਂ ਹੀ ਉਸਨੇ ਬੀਤੇ ਦਿਨ ਐਲਾਨ ਕੀਤਾ ਹੈ ਕਿ ਆ ਰਹੀ ਗਰਮੀ ਦੀ ਰੁੱਤ ਤੱਕ ਬਿਜਲੀ ਦੇ ਰੇਟਾਂ ਵਿੱਚ 25% ਦੀ ਕਟੌਤੀ ਕੀਤੀ ਜਾਵੇਗੀ।

ਪ੍ਰੀਮੀਅਰ ਵਿੱਨ ਵਰਗੇ ਵਿਅਕਤੀ ਦੇ ਦਿਲ ਵਿੱਚ ਜਦੋਂ ਲੋਕ ਭਲਾਈ ਦਾ ਭੂਤ ਸਵਾਰ ਹੋ ਜਾਵੇ ਤਾਂ ਉਹ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ। ਪ੍ਰੀਮੀਅਰ ਵਿੱਨ ਨੇ ਲੋਕਾਂ ਨੂੰ ਹਾਈਡਰੋ ਬਿੱਲਾਂ ਵਿੱਚ 25 % ਰਾਹਤ ਦੇਣੀ ਸੀ, ਸੋ ਪਹਿਲਾਂ ਹਾਈਡਰੋ ਦਰਾਂ ਨੂੰ ਅਸਮਾਨੀਂ ਚੜਾਉਣ ਦੀ ਮਜਬੂਰੀ ਹੰਢਾਉਣੀ ਪਈ। ਐਨਾ ਹੀ ਨਹੀਂ ਸਗੋਂ ਕਾਰਬਨ ਟੈਕਸ ਦੇ ਰੂਪ ਵਿੱਚ 8% ਦਾ ਹੋਰ ਵਾਧਾ ਕਰਨ ਲਈ ਮਜਬੂਰ ਹੋਣਾ ਪਿਆ। ਨਰਮ ਦਿਲ ਇਨਸਾਨ ਨੂੰ ਪਬਲਿਕ ਭਲਾਈ ਲਈ ਕੀ ਕੁੱਝ ਨਹੀਂ ਝਲੱਣਾ ਪੈਂਦਾ। ਲਿਬਰਲ ਸਰਕਾਰ ਨੂੰ ਪਿਛਲੇ ਦਸ ਸਾਲ ਬਿਜਲੀ ਦਰਾਂ ਵਿੱਚ 100% ਤੋਂ ਵੱਧ ਦਾ ਵਾਧਾ ਕਰਨ ਲਈ ਸਖ਼ਤ ਮਿਹਤਨ ਕਰੀ ਪਈ। ਕੀਤੀ ਸਖ਼ਤ ਮਿਹਨਤ ਦਾ ਫਲ ਖਾਣ ਦਾ ਹੁਣ ਸਮਾਂ ਆ ਗਿਆ ਹੈ। ਬੀਬੀ ਵਿੱਨ 25% ਦਰ ਘੱਟ ਕਰ ਰਹੀ ਹੈ (17% ਜੇਕਰ ਕਾਰਬਨ ਟੈਕਸ ਦੇ 8% ਨੂੰ ਕੱਢ ਦਿੱਤਾ ਜਾਵੇ)।

ਬੀਬੀ ਕੈਥਲਿਨ ਵਿੱਨ ਸਿਰਫ ਨਰਮ ਦਿਲ ਹੀ ਨਹੀਂ ਸਗੋਂ ਇਮਾਨਦਾਰ ਵੀ ਪੁੱਜ ਕੇ ਹੈ। ਉਹ ਸ਼ਰੇਆਮ ਮੰਨ ਰਹੀ ਹੈ ਕਿ ਬਿਜਲੀ ਦਰਾਂ ਵਿੱਚ ਵਾਧੇ ਲਈ ਉਹ ਖੁਦ ਜੁੰਮੇਵਾਰ ਹੈ। ਉਹ ਇਹ ਵੀ ਮੰਨ ਰਹੀ ਹੈ ਕਿ ਜੋ 25% ਦੀ ਕਟੌਤੀ ਹੁਣ ਕੀਤੀ ਜਾ ਰਹੀ ਹੈ, ਉਸਦਾ ਭਾਰ ਆਉਣ ਵਾਲੇ ਸਾਲਾਂ ਵਿੱਚ ਉਂਟੇਰੀਓ ਵਾਸੀਆਂ ਤੋਂ ਟੈਕਸ ਦੇ ਰੂਪ ਵਿੱਚ ਉਗਰਾਹ ਲਿਆ ਜਾਵੇਗਾ।

ਅਰਥ ਸਾਫ਼ ਹੈ ਕਿ ਚੋਣਾਂ ਆਉਣ ਤੋਂ ਪਹਿਲਾਂ ਦਰਾਂ ਘਟਾਓ, ਚੋਣਾਂ ਜਿੱਤੇ ਅਤੇ ਪਬਲਿਕ ਨੂੰ ਫੇਰ ਰਗੜਾ ਲਾਓ। ਇਹੋ ਜਿਹੀ ਨਰਮ ਦਿਲੀ ਅਤੇ ਇਮਾਨਦਾਰੀ ਹੋਰ ਕਿੱਥੇ ਲੱਭ ਸਕਦੀ ਹੈ। ਹੋਰ ਵੇਖੋ ਕਿ ਪ੍ਰੀਮੀਅਮ ਦਾ ਨਰਮ ਦਿਲ ਉਸਨੂੰ ਆਰਥਕਤਾ, ਸਿਹਤ, ਰੁਜ਼ਗਾਰ ਅਤੇ ਆਟੋ ਸੈਕਟਰ ਵਿੱਚ ਆ ਰਹੇ ਨਿਘਾਰ ਵਰਗੇ ਅਹਿਮ ਮੁੱਦਿਆਂ ਬਾਰੇ ਗੱਲ ਕਰਨ ਦੀ ਇਜ਼ਾਜਤ ਨਹੀਂ ਦੇ ਰਿਹਾ, ਮਤੇ ਉਂਟੇਰੀਓ ਵਾਸੀ ਖਾਮਖਾਹ ਉਦਾਸ ਹੋ ਜਾਣ। ਚੋਣਾਂ ਦੇ ਦਿਨ ਨੇੜੇ ਹੋਣ ਅਤੇ ਲੋਕ ਉਦਾਸ ਹੋ ਜਾਣ, ਇਹ ਸਰਕਾਰ ਦਾ ਧਰਮ ਨਹੀਂ ਹੁੰਦਾ।

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਨੂੰ ਕੈਥਲਿਨ ਵਿੱਨ ਦੀ ਨਰਮ ਦਿਲ ਖੇਡ ਦਾ ਸ਼ਿਕਾਰ ਹੋਣ ਵਿੱਚ ਮਜ਼ਾ ਆ ਰਿਹਾ ਹੈ। ਸੈਕਸ ਸਿੱਖਿਆ ਦੇ ਸਿਲੇਬਸ, ਆਰਥਕਤਾ ਦਾ ਮੁੱਦਾ, ਸਿਹਤ ਦਾ ਮਾਮਲਾ ਜਾਂ ਕਾਰਬਨ ਟੈਕਸ ਦਾ ਮਸਲਾ ਉਸਨੂੰ ਐਨਾ ਪਰੇਸ਼ਾਨ ਨਹੀਂ ਕਰਦੇ ਜਿੰਨਾ ਹਾਈਡਰੋ ਦੇ ਬਿੱਲਾਂ ਵਿੱਚ ਵਾਧਾ। ਜਿਵੇਂ ਸਾਵਨ ਦੇ ਅੰਨੇ ਨੂੰ ਹਰਾ ਹੀ ਹਰਾ ਵਿਖਾਈ ਦੇਂਦਾ ਹੈ, ਜਾਪਦਾ ਹੈ ਕਿ ਕੈਥਲਿਨ ਵਿੱਨ ਅਤੇ ਪੈਟਰਿਕ ਬਰਾਊਨ ਨੂੰ ਹਾਈਡਰੋ ਤੋਂ ਬਿਨਾ ਉਂਟੇਰੀਓ ਵਿੱਚ ‘ਸੱਭ ਹੱਛਾ’ ਹੀ ਵਿਖਾਈ ਦੇ ਰਿਹਾ ਹੈ। ਕੈਥਲਿਨ ਵਿੱਨ ਨੇ ਹਾਈਡਰੋ ਵਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਰਾਹ ਬਣਾ ਦਿੱਤਾ, ਕੀ ਸੱਤਾ ਵਿੱਚ ਆ ਕੇ ਪੈਟਰਿਕ ਇਸਨੂੰ ਮੁੜ ਸਰਕਾਰੀ ਅਦਾਰਾ ਬਣਾ ਦੇਵੇਗਾ? ੀeਹ ਗੱਲ ਜੇਕਰ ਨਾ ਹੀ ਪੁੱਛੀ ਜਾਵੇ ਤਾਂ ਚੰਗਾ ਹੈ, ਮਤੇ ਲੋਕ ਪਰੇਸ਼ਾਨ ਹੋ ਜਾਣ!

ਐਨ ਡੀ ਪੀ ਦੇ ਸਟੈਂਡ ਬਾਰੇ ਗੱਲ ਨਾ ਹੀ ਕੀਤੀ ਜਾਵੇ ਤਾਂ ਚੰਗਾ ਹੈ। ਐਂਡਰੀਆ ਹਾਵਰਥ ਨੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਬਣਨ ਦੀ ਸੂਰਤ ਵਿੱਚ ਬਿਜਲੀ ਬਿੱਲਾਂ ਵਿੱਚ 30% ਕਟੌਤੀ ਕੀਤੀ ਜਾਵੇਗੀ। ਘੱਟ ਕਰਨ ਲਈ ਡਾਲਰ ਕਿੱਥੋਂ ਆਉਣਗੇ? ਇਹ ਕੰਮ ਦੱਸਣਾ ਐਨ ਡੀ ਪੀ ਦਾ ਕੰਮ ਨਹੀਂ, ਉਹਨਾਂ ਨੇ ਕਿਹੜਾ ਸੱਤਾ ਵਿੱਚ ਆਉਣ ਦਾ ਸੁਫਨਾ ਵੇਖਣਾ ਹੈ!

ਇਸ ਸਾਰੇ ਰਾਮ ਝਮੇਲੇ ਵਿੱਚ ਇੱਕ ਗੱਲ ਸਾਫ਼ ਹੁੰਦੀ ਹੈ ਕਿ ਸਾਡੀ ਸਿਆਸੀ ਜਮਾਤ ਉਂਟੇਰੀਓ ਨੂੰ ਦਰਪੇਸ਼ ਗੰਭੀਰ ਮੁੱਦਿਆਂ ਵੱਲ ਝਾਕਣ ਦੀ ਥਾਂ, ਗੈਰ ਮੁੱਦਿਆਂ ਨੂੰ ਮੁੱਦੇ ਬਣਾ ਕੇ (by making issues out of non issues) ਲੋਕਾਂ ਨੂੰ ਉਲਝਾਉਣ ਵਿੱਚ ਵਧੇਰੇ ਦਿਲਚਸਪੀ ਰੱਖ ਰਹੇ ਹਨ। ਇਸ ਖਤਰਨਾਕ ਰੁਝਾਨ ਤੋਂ ਉਂਟੇਰੀਓ ਵੋਟਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ।