ਖਤਰਨਾਕ ਰੁਝਾਨ: ਧਾਰਮਿਕ ਅਤੇ ਸਮਾਜਕ ਵੱਖਰੇਵੇਂ ਕਾਰਣ ਔਰਤਾਂ ਦਾ ਸੈਕਸੂਅਲ ਸੋਸ਼ਣ

9 Sexual assualt offendersਇੰਗਲੈਂਡ ਦੇ ਨਿਊਕਾਸਲ (Newcastle) ਸ਼ਹਿਰ ਵਿੱਚੋਂ ਇੱਕ ਹੋਰ ਦਰਦਨਾਕ ਕਿੱਸਾ ਸਾਹਮਣੇ ਆਇਆ ਹੈ ਜਿਸ ਵਿੱਚ 17 ਮਰਦਾਂ ਅਤੇ 1 ਔਰਤ ਨੂੰ ਅਦਾਲਤ ਨੇ ‘ਔਰਤਾਂ ਨੂੰ ਧੋਖੇ ਨਾਲ ਸੈਕਸ ਲਈ ਤਿਆਰ ਕਰਨ, ਵਰਤਣ ਅਤੇ ਰੇਪ ਕਰਨ’ ਦੇ ਦੋਸਾਂ ਤਹਿਤ ਚਾਰਜ ਕੀਤਾ ਹੈ। ਖਬ਼ਰਾਂ ਮੁਤਾਬਕ ਬਹੁ-ਗਿਣਤੀ ਪੀੜਤ 25 ਸਾਲ ਤੋਂ ਘੱਟ ਉਮਰ ਦੀਆਂ ਗੋਰੀਆਂ ਔਰਤਾਂ ਹਨ ਅਤੇ ਕਈ ਤਾਂ 13 ਸਾਲ ਦੀ ਉਮਰ ਦੀਆਂ ਬਾਲੜੀਆਂ ਹੀ ਹਨ। 18 ਦੋਸ਼ੀਆਂ ਵਿੱਚੋਂ ਇੱਕ ਔਰਤ ਨੂੰ ਛੱਡ ਕੇ ਬਾਕੀ ਸਾਰੇ 17 ਸਾਊਥ ਏਸ਼ੀਅਨ ਮੂਲ ਦੇ ਮਰਦ ਹਨ ਜਿਹਨਾਂ ਦੇ ਨਾਵਾਂ ਤੋਂ ਸੁਝਾਅ ਮਿਲਦਾ ਹੈ ਕਿ ਉਹ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਹਨ।

ਬੇਸ਼ਰਮੀ ਦੀ ਹੱਦ ਤੋਂ ਨੀਵੀਂ ਅਤੇ ਮਨੁੱਖਤਾ ਦੇ ਨਾਮ ਉੱਤੇ ਧੱਬੇ ਵਾਲੇ ਕੇਸ ਨੂੰ ਹੱਲ ਕਰਨ ਵਾਸਤੇ ਨਿਊਕਾਸਲ ਪੁਲੀਸ ਨੇ 50 ਅਫ਼ਸਰ ਤਾਇਨਾਤ ਕੀਤੇ ਜਿਹਨਾਂ ਨੇ 461 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਕੁੱਲ 278 ਪੀੜਤ ਔਰਤਾਂ ਦੱਸੀਆਂ ਜਾਂਦੀਆਂ ਹਨ ਜਿਸਦਾ ਅਰਥ ਹੈ ਕਿ ਅਦਾਲਤ ਵੱਲੋਂ ਦੋਸ਼ੀ ਪਾਏ ਗਏ 18 ਦੋਸ਼ੀ ਵੱਡੀ ਪੱਧਰ ਦੇ ਸਕੈਂਡਲ ਦਾ ਸਤਹੀ ਜਿਹਾ ਝਲਕਾਰਾ ਹੀ ਪੇਸ਼ ਕਰਦੇ ਹਨ। ਇੰਗਲੈਂਡ ਵਿੱਚ ਇਹ ਸੱਤਵਾਂ ਸੈਕਸੂਅਲ ਸਕੈਂਡਲ ਹੈ ਜਿਹਨਾਂ ਵਿੱਚ ਜਿ਼ਆਦਾ ਕਰਕੇ ਦੋਸ਼ੀ ਇੱਕ ਵਿਸ਼ੇਸ਼ ਧਰਮ ਨਾਲ ਸਬੰਧਿਤ ਰਹੇ ਹਨ ਜਦੋਂ ਕਿ ਪੀੜਤ ਔਰਤਾਂ ਸਮਾਜ ਦੇ ਕਮਜ਼ੋਰ ਅਤੇ ਅਸੁਰੱਖਿਅਤ ਵਰਗ ਤੋਂ ਹੁੰਦੀਆਂ ਹਨ। ਰੋਥਰਹੈਮ, ਰੋਸ਼ਡੇਲ, ਆਕਸਫੋਰਡ ਅਤੇ ਬ੍ਰਿਸਟਲ ਵਰਗੇ ਸ਼ਹਿਰਾਂ ਵਿੱਚ ਇੱਕ ਖਾਸ ਕਿਸਮ ਦੇ ਨਸਲੀ ਸੈਕਸੂਅਲ ਹਮਲਿਆਂ ਦਾ ਸਿ਼ਕਾਰ ਹੋਣ ਵਾਲੀਆਂ ਔਰਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਨਹੀਂ ਸਗੋਂ ਹਜ਼ਾਰਾਂ ਵਿੱਚ ਹੈ।

ਇੰਗਲੈਂਡ ਵਿੱਚ ਸੀਨੀਅਰ ਪੁਲੀਸ ਅਤੇ ਅਮਨ-ਕਨੂੰਨ ਵਿਵਸਥਾ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਨੂੰ ਮੰਨਣਾ ਪੈ ਰਿਹਾ ਹੈ ਕਿ ਕਮਜ਼ੋਰ ਵਰਗ ਦੀਆਂ ਅਸੁਰੱਖਿਅਤ ਲੜਕੀਆਂ ਦਾ ਸੋਸ਼ਣ ਇੱਕ ਕੌਮੀ ਚੁਣੌਤੀ ਬਣ ਚੁੱਕੀ ਹੈ। ਇਸ ਸੱਮਸਿਆ ਦੇ ਹੱਲ ਲਈ ਜਿੱਥੇ ਸਰਕਾਰ ਨੂੰ ਬਣਦੇ ਕਦਮ ਚੁੱਕਣ ਦੀ ਸਲਾਹ ਦਿੱਤੀ ਜਾ ਰਹੀ ਹੈ ਉੱਥੇ ਵੱਖ ਵੱਖ ਧਰਮਾਂ ਦੇ ਆਗੂਆਂ ਨੂੰ ਏਕੇ ਨਾਲ ਇਸ ਗੈਰ ਮਨੁੱਖੀ ਵਰਤਾਰੇ ਨੂੰ ਠੱਲਣ ਲਈ ਕੰਮ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ।

ਜੇਕਰ ਸਮਾਜ ਵੱਲੋਂ ਰਲ ਮਿਲ ਕੇ ਸਾਂਝੇ ਭਲੇ ਲਈ ਉਪਰਾਲਾ ਨਹੀਂ ਕੀਤਾ ਜਾਂਦਾ ਤਾਂ ਮੌਕਾ ਪ੍ਰਸਤ ਧਾਰਮਿਕ ਕੱਟੜਵਾਦੀਆਂ ਨੂੰ ਦੂਜੇ ਧਰਮਾਂ ਅਤੇ ਸਮਾਜ ਦੀਆਂ ਕਮਜ਼ੋਰ ਵਰਗ ਦੀਆਂ ਲੜਕੀਆਂ ਨੂੰ ਵਰਗਲਾਉਣ ਦਾ ਮੌਕਾ ਮਿਲਦਾ ਰਹਿੰਦਾ ਹੈ। ਮਿਸਾਲ ਵਜੋਂ ਨਿਊਕਾਸਲ ਦੇ ਇੱਕ ਦੋਸ਼ੀ ਨੇ ਮੁੱਕਦਮੇ ਵਿੱਚ ਪੁਲੀਸ ਉੱਤੇ ਦੋਸ਼ ਲਾਇਆ ਕਿ ਉਸ ਵਿਰੁੱਧ ਜਾਂਚ ਕਰਨੀ ਅਸਲ ਵਿੱਚ ਨਸਲੀ ਭੇਦਭਾਵ ਦਾ ਕੇਸ ਹੈ।

ਇੰਗਲੈਂਡ ਵਿੱਚ ਇਹ ਸਮੱਸਿਆ ਐਨਾ ਗੁੰਝਲਾਦਾਰ ਸਮਾਜਿਕ ਵਰਤਾਰਾ ਬਣ ਚੁੱਕਾ ਹੈ ਕਿ ੂUniversity of Leeds School of sociology and Social Policy  ਵੱਲੋਂ ‘ਬ੍ਰਿਟਿਸ਼ ਸਿੱਖ ਡਾਇਸਪੋਰਾ ਵਿੱਚ ਜ਼ਬਰੀ ਧਰਮ ਪਰਵਰਤਨ’ ਨਾਮਕ ਸਟੱਡੀ ਵੀ ਕਰਵਾਈ ਜਾ ਚੁੱਕੀ ਹੈ। ਸਾਡੇ ਆਪਣੇ ਸ਼ਹਿਰ ਮਿਸੀਸਾਗਾ ਵਿੱਚ ਪਿਛਲੇ ਸਾਲ ਸੱਜੇ ਪੱਖੀ ਵੈੱਬ ਬਲਾਗਰ (Web blogger) ਕੈਵਿਨ ਜੌਹਨਸਟਨ ਨੇ ਸਿੱਖ ਲੜਕੀਆਂ ਨੂੰ ਮੁਸਲਮਾਨ ਲੜਕਿਆਂ ਵੱਲੋਂ ਵਰਗਲਾਉਣ ਦੀ ਗੱਲ ਕਰਨ ਵਾਲੀ ਇੱਕ ਵੀਡੀਓ ਕਲਿੱਪ ਪਾ ਦਿੱਤੀ ਸੀ ਜਿਸਨੂੰ ਇੱਕ ਹਫ਼ਤੇ ਵਿੱਚ ਹੀ 45 ਹਜ਼ਾਰ ਤੋਂ ਵੱਧ ਲੋਕਾਂ ਨੇ ਵੇਖਿਆ ਸੀ।

ਗੱਲ ਕੈਨੇਡਾ ਦੀ ਕੀਤੀ ਜਾਵੇ ਤਾਂ ਰੱਬ ਦਾ ਸ਼ੁਕਰ ਹੈ ਕਿ ਇੱਥੇ ਹਾਲੇ ਤੱਕ ਧਰਮ ਨੂੰ ਆੜ ਬਣਾ ਕੇ ਔਰਤਾਂ ਦੇ ਸੋਸ਼ਣ ਦੇ ਕੇਸ ਸਾਹਮਣੇ ਨਹੀਂ ਆਏ ਹਨ। ਪਰ ਕੀ ਐਨੀ ਕੁ ਗੱਲ ਤੋਂ ਧੀਆਂ ਦੇ ਮਾਪਿਆਂ ਨੂੰ ਅਵੇਸਲੇ ਹੋ ਬਹਿ ਜਾਣਾ ਚਾਹੀਦਾ ਹੈ? ਸ਼ਾਇਦ ਆਪਣੇ ਘਰਾਂ ਅਤੇ ਸਮਾਜਕ ਦਾਇਰਿਆਂ ਵਿੱਚ ਗੱਲਬਾਤ ਕਰਨੀ ਬਣਦੀ ਹੈ ਤਾਂ ਜੋ ਪਰਿਵਾਰ ਅਤੇ ਸਮਾਜ ਨੂੰ ਨਰੋਆ ਰੱਖਿਆ ਜਾ ਸਕੇ।

ਵੈਸੇ ਵੀ ਕੈਨੇਡਾ ਵਿੱਚ ਔਰਤਾਂ ਦੀ ਤਸਕਰੀ ਭਾਵ ਹਿਊਮਨ ਟ੍ਰੈਫਿਕਿੰਗ ਦਾ ਹੋਣਾ ਇੱਕ ਕੌੜਾ ਸੱਚ ਹੈ। ਬੀਤੇ ਦਿਨੀਂ ਟੋਰਾਂਟੋ ਪੁਲੀਸ ਨੇ ਇੱਕ ਹੋਟਲ ਦਾ ਭੁਲੇਖੇ ਪਾਉਣ ਵਾਲੀ ਵੈੱਬਸਾਈਟ ਜਾਰੀ ਕੀਤੀ ਤਾਂ ਜੋ ਔਰਤਾਂ ਦਾ ਵਿਉਪਾਰ ਕਰਨ ਵਾਲਿਆਂ ਦੀ ਮਨੋਦਸ਼ਾ ਨੂੰ ਸਮਝਿਆ ਸਕੇ। ਇਸ ਵੈੱਬਸਾਈਟ ਦੀ ਇਬਾਰਤ ਅਤੇ ਫੋਟੋਆਂ ਅਜਿਹੀਆਂ ਹਨ ਜਿਸਤੋਂ ਔਰਤਾਂ ਨੂੰ ਵਰਤਣ ਵਾਲਿਆਂ ਨੂੰ ਇਸ਼ਾਰੇ ਮਿਲ ਸਕਦੇ ਹਨ ਅਤੇ ਪੁਲੀਸ ਉਹਨਾਂ ਉੱਤੇ ਨਜ਼ਰ ਰੱਖ ਸਕਦੀ ਹੈ। ਇਸ ਵੈੱਬਸਾਈਟ ਦਾ ਨਾਮ https://www.hoteldejeunesse.com/index.htm ਹੈ।

ਉਂਟੇਰੀਓ ਪਾਰਲੀਮੈਂਟ ਵਿੱਚ ਕੰਜ਼ਰਵੇਟਿਵ ਐਮ ਪੀ ਪੀ ਲੌਰੀ ਸਕਾਟ ਨੇ Saving the Girl Next Door Act  ੳਚਟ ਪੇਸ਼ ਕੀਤਾ ਹੋਇਆ ਹੈ ਜਿਸਦਾ ਮਕਸਦ ਮਨੁੱਖੀ ਤਸਕਰੀ ਨੂੰ ਰੋਕਣਾ ਹੈ ਜੋ ਮੋਟੇ ਰੂਪ ਵਿੱਚ ਔਰਤਾਂ ਦੀ ਤਸਕਰੀ ਹੁੰਦੀ ਹੈ। ਐਮ ਪੀ ਪੀ ਸਕਾਟ ਮੁਤਾਬਕ ਅਜੋਕੇ ਯੁੱਗ ਵਿੱਚ ਹੁੰਦੀ ਔਰਤਾਂ ਦੀ ਤਸਕਰੀ ਬੀਤੇ ਯੁੱਗ ਵਿੱਚ ਹੁੰਦੀ ਮਨੁੱਖੀ ਗੁਲਾਮੀ ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਹੈ। ਕੈਨੇਡਾ ਵਿੱਚ ਮਨੁੱਖੀ ਤਸਕਰੀ ਦਾ ਸਿ਼ਕਾਰ ਹੋਣ ਵਾਲੀਆਂ 90% ਔਰਤਾਂ ਕੈਨੇਡਾ ਦੀਆਂ ਜੰਮਪਲ ਹੁੰਦੀਆਂ ਹਨ ਜਿਸਦਾ ਅਰਥ ਹੈ ਕਿ ਇਹ ਸਮੱਸਿਆ ਸਾਡੇ ਆਲੇ ਦੁਆਲੇ ਦੀ ਪੈਦਾਇਸ਼ ਹੈ। ਉਂਟੇਰੀਓ ਵਿੱਚ ਮਨੁੱਖੀ ਤਸਕਰੀ ਦਾ ਜਮਘਟ ਹੋਰਾਂ ਪ੍ਰੋਵਿੰਸਾਂ ਨਾਲੋਂ ਕਿਤੇ ਵੱਧ ਹੈ ਜਿੱਥੇ ਹਾਈਵੇਅ 401 ਦਾ ਟੋਰਾਂਟੋ ਤੋਂ ਵਾਟਰਲੂਅ ਕਿਚਨਰ ਤੱਕ ਦਾ ਕੌਰੀਡੋਰ ਖਾਸ ਕਰਕੇ ਬਦਨਾਮ ਹੈ।