ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਕਿਡਨੀ ਦੀ ਸਮੱਸਿਆ, ਆਪਰੇਸ਼ਨ ਕਰਨਾ ਪੈ ਸਕਦੈ


ਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਭਾਰਤ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਕਿਡਨੀ ਦੀ ਕਿਸੇ ਸਮੱਸਿਆ ਤੋਂ ਪੀੜਤ ਹਨ। ਇਸ ਬੀਮਾਰੀ ਕਾਰਨ ਉਨ੍ਹਾਂ ਦਾ ਆਪਰੇਸ਼ਨ ਕਰਾਉਣਾ ਪੈ ਸਕਦਾ ਹੈ।
ਅਰੁਣ ਜੇਤਲੀ ਨੇ ਪੁਸ਼ਟੀ ਕਰਦਿਆਂ ਇਕ ਟਵੀਟ ਰਾਹੀਂ ਕਿਹਾ, ‘ਮੇਰਾ ਕਿਡਨੀ ਨਾਲ ਜੁੜੀ ਬਿਮਾਰੀ ਤੇ ਕੁਝ ਹੋਰ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ ਹੈ। ਮੈਂ ਘਰ ਦੇ ਸੁਖਾਵੇਂ ਮਾਹੌਲ ਵਿੱਚੋਂ ਕੰਮ ਕਰ ਰਿਹਾ ਹਾਂ। ਅੱਗੇ ਇਹ ਇਲਾਜ ਕਿਸ ਤਰ੍ਹਾਂ ਹੋਵੇਗਾ, ਇਸ ਦਾ ਫ਼ੈਸਲਾ ਡਾਕਟਰ ਕਰਨਗੇ।’
ਵਰਨਣ ਯੋਗ ਹੈ ਕਿ ਪਿਛਲੇ ਸੋਮਵਾਰ ਤੋਂ ਅਰੁਣ ਜੇਤਲੀ ਅਪਣੇ ਦਫ਼ਤਰ ਨਹੀਂ ਜਾ ਰਹੇ ਤੇ ਅਪਣੇ ਘਰੋਂ ਕੰਮ ਕਰ ਰਹੇ ਹਨ। ਜੇਤਲੀ ਦੀ ਸਿਹਤ ਖ਼ਰਾਬ ਹੋਣ ਪਿੱਛੋਂ ਉਨ੍ਹਾਂ ਦੀ ਅਗਲੇ ਹਫ਼ਤੇ ਲੰਦਨ ਯਾਤਰਾ ਰੱਦ ਕਰ ਦਿਤੀ ਗਈ ਹੈ, ਜਿਥੇ ਉਨ੍ਹਾਂ ਨੇ ਸਾਲਾਨਾ ਆਰਥਕ ਗੱਲਬਾਤ ਵਿੱਚ ਹਿੱਸਾ ਲੈਣਾ ਸੀ। ਰਾਜ ਸਭਾ ਦੇ ਨਵੇਂ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਅਰੁਣ ਜੇਤਲੀ ਗ਼ੈਰ ਹਾਜ਼ਰ ਸਨ। ਉੱਤਰ ਪ੍ਰਦੇਸ਼ ਤੋਂ ਦੋਬਾਰਾ ਚੁਣੇ ਜਾਣ ਪਿੱਛੋਂ ਉਨ੍ਹਾਂ ਨੇ ਨਵੇਂ ਸਿਰੇ ਤੋਂ ਰਾਜ ਸਭਾ ਮੈਂਬਰ ਦੀ ਸਹੁੰ ਚੁਕਣੀ ਸੀ, ਕਿਉਂਕਿ 2 ਅਪ੍ਰੈਲ ਨੂੰ ਉਨ੍ਹਾਂ ਦਾ ਗੁਜਰਾਤ ਦੇ ਰਾਜ ਸਭਾ ਮੈਂਬਰ ਵਜੋਂ ਸਮਾਂ ਖ਼ਤਮ ਹੋ ਗਿਆ ਸੀ।
ਅਰੁਣ ਜੇਤਲੀ (65) ਆਪਣੇ ਟੈਸਟ ਕਰਵਾ ਰਹੇ ਹਨ ਅਤੇ ਡਾਕਟਰਾਂ ਨੇ ਸੰਕੇਤ ਦਿਤਾ ਹੈ ਕਿ ਉਹ ਕਿਡਨੀ ਦੀ ਬੀਮਾਰੀ ਤੋਂ ਪੀੜਤ ਹਨ, ਪਰ ਉਨ੍ਹਾ ਨੂੰ ਹਾਲੇ ਤਕ ਹਸਪਤਾਲ ਦਾਖ਼ਲ ਨਹੀਂ ਕੀਤਾ ਗਿਆ। ਡਾਕਟਰਾਂ ਨੇ ਇਨਫ਼ੈਕਸ਼ਨ ਹੋਣ ਦੇ ਡਰ ਕਾਰਨ ਉਨ੍ਹਾਂ ਨੂੰ ਜਨਤਕ ਸਮਾਗਮਾਂ ਵਿਚ ਜਾਣ ਤੋਂ ਰੋਕਿਆ ਹੈ। ਭਾਜਪਾ ਸਰਕਾਰ ਦੇ ਸੱਤਾ ਵਿਚ ਆਉਣ ਪਿੱਛੋਂ ਸਾਲ 2014 ਵਿਚ ਵੀ ਅਰੁਣ ਜੇਤਲੀ ਦਾ ਆਪਰੇਸ਼ਨ ਹੋਇਆ ਸੀ। ਸੂਤਰਾਂ ਮੁਤਾਬਕ ਏਮਜ਼ ਦੇ ਡਾਕਟਰ ਅਰੁਣ ਜੇਤਲੀ ਦੀ ਰਿਹਾਇਸ਼ ਵਿਖੇ ਹੀ ਦੇਖ-ਰੇਖ ਕਰ ਰਹੇ ਹਨ ਅਤੇ ਅਪਰੇਸ਼ਨ ਦਾ ਫ਼ੈਸਲਾ ਬਾਅਦ ਵਿਚ ਕੀਤਾ ਜਾਵੇਗਾ।