ਕੱਲ੍ਹ ਕੀ ਹੋਵੇਗਾ ਪਤਾ ਨਹੀਂ : ਤਮੰਨਾ ਭਾਟੀਆ

tamanna
ਸੰਨ 2005 ਵਿੱਚ ਆਈ ਹਿੰਦੀ ਫਿਲਮ ‘ਚਾਂਦ ਸਾ ਰੋਸ਼ਨ ਚਿਹਰਾ’ ਨਾਲ ਐਕਟਿੰਗ ਵਿੱਚ ਡੈਬਿਊ ਕਰਨ ਵਾਲੀ ਤਮੰਨਾ ਭਾਟੀਆ ਦਾ ਕਰੀਅਰ ਜਦੋਂ ਹਿੰਦੀ ਫਿਲਮਾਂ ਵਿੱਚ ਰੋਸ਼ਨ ਨਾ ਹੋ ਸਕਿਆ ਤਾਂ ਉਹ ਸਾਊਥ ਵਿੱਚ ਚਲੀ ਗਈ। ਉਥੇ ਉਸ ਦਾ ਸਿਤਾਰਾ ਚਮਕ ਗਿਆ ਅਤੇ ਅੱਜ ਤਮਿਲ ਤੇ ਤੇਲਗੂ ਦੀਆਂ ਕਈ ਹਿੱਟ ਫਿਲਮਾਂ ਉਸ ਦੇ ਖਾਤੇ ਵਿੱਚ ਦਰਜ ਹਨ। ‘ਬਾਹੂਬਲੀ’ ਦੀ ਕਾਮਯਾਬੀ ਤੋਂ ਲੈ ਕੇ ਉਸ ਨੇ ਸਾਊਥ ਦੇ ਨਾਲ-ਨਾਲ ਹਿੰਦੀ ਫਿਲਮਾਂ ਦੇ ਦਰਸ਼ਕਾਂ ਦੇ ਦਿਲ ਵਿੱਚ ਜਗ੍ਹਾ ਬਣਾ ਲਈ। ਪੇਸ਼ ਹਨ ਤਮੰਨੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਐਕਟਰੈੱਸ ਬਣਨ ਲਈ ਤੁਹਾਨੂੰ ਕਿਸ ਤੋਂ ਪ੍ਰੇਰਨਾ ਮਿਲੀ?
– ਇਹ ਮੇਰਾ ਹੀ ਫੈਸਲਾ ਸੀ। ‘ਦਿਲ ਤੋ ਪਾਗਲ ਹੈ’ ਦੇਖ ਕੇ ਮੇਰੇ ਮਨ ‘ਚ ਐਕਟਰੈੱਸ ਬਣਨ ਦੀ ਤਮੰਨਾ ਜਾਗੀ। ਉਂਝ ਫਿਲਮਾਂ ਨੇ ਮੈਨੂੰ ਸ਼ੁਰੂ ਤੋਂ ਹੀ ਪ੍ਰਭਾਵਤ ਕੀਤਾ। ਬਚਪਨ ਵਿੱਚ ਮੈਂ ਹਰ ਸੰਡੇ ਕਈ ਫਿਲਮਾਂ ਦੇਖਦੀ ਹੁੰਦੀ ਸੀ।
* ਤੁਸੀਂ ਫਿਲਮੀ ਪਿਛੋਕੜ ਤੋਂ ਨਹੀਂ ਹੋ ਤਾਂ ਕੀ ਫਿਲਮਾਂ ਵਿੱਚ ਕਰੀਅਰ ਬਣਾਉਣ ਵਿੱਚ ਮੁਸ਼ਕਲ ਨਹੀਂ ਆਈ?
– ਮੌਕੇ ਆਪਣੇ ਆਪਣੇ ਮਿਲਦੇ ਚਲੇ ਗਏ। ਨਾ ਮੇਰੀ ਬੈਕਿੰਗ ਸੀ ਤੇ ਨਾ ਹੀ ਸਪੋਰਟ। ਹੋਇਆ ਇੰਝ ਕਿ ਜੇ ਮੈਂ ਕੋਈ ਐਡ ਫਿਲਮ ਕੀਤੀ ਤੇ ਉਹ ਲੋਕਾਂ ਨੂੰ ਪਸੰਦ ਆਈ ਤਾਂ ਆਪਣੇ ਆਪ ਦੂਸਰਾ ਕੰਮ ਮਿਲ ਗਿਆ। ਇਸੇ ਤਰ੍ਹਾਂ ਮੇਰਾ ਕਰੀਅਰ ਅੱਗੇ ਵਧਿਆ। ਫਿਰ ਸਾਊਥ ਵਿੱਚ ਮੇਰੀ ਪਹੁੰਚ ਬਣਦਿਆਂ ਦੇਰ ਨਹੀਂ ਲੱਗੀ, ਪਰ ਓਧਰ ਮੈਨੂੰ ਇਕਦਮ ਕਾਮਯਾਬੀ ਨਹੀਂ ਮਿਲ ਗਈ ਸੀ। ‘ਬਾਹੂਬਲੀ’ ਮੇਰੀ ਬਲਾਕਬਸਟਰ ਫਿਲਮ ਸੀ। ਮੇਰੀਆਂ ਓਧਰ ਦੀਆਂ ਫਿਲਮਾਂ ਦੀ ਇੱਕ ਪੂਰੀ ਕਤਾਰ ਹੈ। ਜਦੋਂ ਮੈਂ ਕਰੀਅਰ ਦੀ ਸ਼ੁਰੂ ਕੀਤਾ ਤਾਂ ਘੱਟ ਉਮਰ ਦੀ ਸੀ। ਮੇਰੇ ਕੋਲ ਅੱਗੇ ਵਧਣ ਦਾ ਕੋਈ ਪਲਾਨ ਉਦੋਂ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਕੱਲ੍ਹ ਕੀ ਹੋਵੇਗਾ।
* ਸਾਊਥ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਮਿਹਨਤਾਨਾ ਪ੍ਰਾਪਤ ਕਰਨ ਵਾਲੀਆਂ ਅਭਿਨੇਤਰੀਆਂ ‘ਚੋਂ ਹੋ। ਤੁਹਾਨੂੰ ਲੱਗਦਾ ਹੈ ਕਿ ਇਥੇ ਵੀ ਤੁਹਾਨੂੰ ਓਨਾ ਹੀ ਬਿਹਤਰ ਪੈਸਾ ਮਿਲੇਗਾ?
– ਦੇਖੋ, ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਮੈਂ ਆਪਣੇ ਕਰੀਅਰ ਦੀ ਕੋਈ ਪਲਾਨਿੰਗ ਨਹੀਂ ਕੀਤੀ। ਮੇਰੇ ਕਰੀਅਰ ਦੀ ਸਭ ਤੋਂ ਵੱਡੀ ਸਰਪ੍ਰਾਈਜ਼ ‘ਬਾਹੂਬਲੀ’ ਸੀ। ਕੁਝ ਅਸਫਲ ਹਿੰਦੀ ਫਿਲਮਾਂ ਕਰਨ ਪਿੱਛੋਂ ਮੈਨੂੰ ‘ਬਾਹੂਬਲੀ’ ਉਦੋਂ ਮਿਲੀ, ਜਦੋਂ ਮੈਂ ਇਸ ਤਰ੍ਹਾਂ ਦੀ ਫਿਲਮ ਦੀ ਉਮੀਦ ਨਹੀਂ ਰੱਖਦੀ ਸੀ। ਇਮਾਨਦਾਰੀ ਨਾਲ ਆਖਾਂ ਤਾਂ ‘ਬਾਹੂਬਲੀ 2’ ਦੇ ਹਿੰਦੀ ਵਰਜ਼ਨ ਨੂੰ ਲੈ ਕੇ ਕਾਫੀ ਪਾਜ਼ੀਟਿਵ ਰਿਪੋਰਟਾਂ ਮਿਲੀਆਂ ਸਨ। ਫਿਰ ਵੀ ਮੇਰਾ ਕਹਿਣਾ ਹੈ ਕਿ ਸਹੀ ਸਮਾਂ ਆਵੇ ਤਾਂ ਸਭ ਸਹੀ ਹੋਵੇਗਾ, ਸਹੀ ਫਿਲਮਾਂ ਮਿਲਣਗੀਆਂ, ਪਰ ਮੈਂ ਇਹ ਸੋਚਦੀ ਹਾਂ ਕਿ ਮੈਂ ਐਕਟਰੈੱਸ ਹਾਂ ਅਤੇ ਹਮੇਸ਼ਾ ਐਕਟਿੰਗ ਕਰਦੀ ਰਹਾਂਗੀ।
* ਕਿਸ ਤਰ੍ਹਾਂ ਦਾ ਰੋਲ ਚੈਲੇਜਿੰਗ ਲੱਗਦਾ ਹੈ ਤੁਹਾਨੂੰ?
– ‘ਬਾਹੂਬਲੀ’ ਤੋਂ ਪਹਿਲਾਂ ਮੈਂ ਤਲਵਾਰ ਨੂੰ ਕਦੇ ਹੱਥ ਲਾ ਕੇ ਨਹੀਂ ਸੀ ਦੇਖਿਆ। ਤਲਵਾਰ ਨਾਲ ਲੜਨਾ ਤਾਂ ਦੂਰ ਦੀ ਗੱਲ ਸੀ। ਇਸ ਦੇ ਲਈ ਬਾਕਾਇਦਾ ਟਰੇਨਿੰਗ ਦਿੱਤੀ ਗਈ ਤਾਂ ਕਿ ਮੈਂ ਰੋਲ ਵਿੱਚ ਬਿਲਕੁਲ ਫਿੱਟ ਨਜ਼ਰ ਆਵਾਂ ਅਤੇ ਸਰੀਰਕ ਤੇ ਮਾਨਸਿਕ ਪੱਖੋਂ ਉਸ ਕਿਰਦਾਰ ਵਿੱਚ ਉਤਰ ਸਕਾਂ। ਮੈਂ ਉਸ ਤਰ੍ਹਾਂ ਦਾ ਕਿਰਦਾਰ ਕਰਨਾ ਪਸੰਦ ਕਰਦੀ ਹਾਂ, ਜੋ ਸਰੀਰਕ ਤੇ ਮਾਨਸਿਕ ਪੱਖੋਂ ਚੈਲੇਜਿੰਗ ਹੋਵੇ। ਮੈਂ ਇੱਕ ਤਾਕਤਵਰ ਰੋਲ ਕਰਨਾ ਪਸੰਦ ਕਰਾਂਗੀ। ਆਉਣ ਵਾਲੇ ਸਮੇਂ ਵਿੱਚ ਮੈਂ ਕੁਝ ਇਸ ਤਰ੍ਹਾਂ ਦਾ ਹੀ ਕਰਨਾ ਹੈ।
* ਕਿਸ ਐਕਟਰ ਅਤੇ ਐਕਟਰੈੱਸ ਨਾਲ ਕੰਮ ਕਰਨ ਦੀ ਖਾਹਿਸ਼ ਹੈ ਤੁਹਾਡੀ?
– ਮੈਂ ਸ਼ਾਹਰੁਖ ਖਾਨ ਤੇ ਰਣਵੀਰ ਸਿੰਘ ਨਾਲ ਐਡ ਫਿਲਮਾਂ ਕੀਤੀਆਂ। ਅਜੇ ਤੱਕ ਮੈਂ ਜਿੰਨੇ ਵੀ ਸਟਾਰਜ਼ ਨੂੰ ਮਿਲੀ ਹਾਂ, ਉਨ੍ਹਾਂ ਵਿੱਚੋਂ ਇਹ ਦੋਵੇਂ ਮੈਨੂੰ ਸਭ ਤੋਂ ਵੱਧ ਨਿਮਰ ਲੱਗੇ। ਰਣਵੀਰ ਕਪੂਰ ਵੀ ਮੈਨੂੰ ਪਸੰਦ ਹੈ। ਉਸ ਨੇ ਆਪਣੀ ਐਕਟਿੰਗ ਨਾਲ ਜੋ ਮੁਕਾਮ ਬਣਾਇਅ ਾਹੈ, ਉਹ ਕਿਸੇ ਵੀ ਐਕਟਰ ਦੀ ਚਾਹਤ ਹੋ ਸਕਦੀ ਹੈ। ਉਸ ਦੀ ਐਕਟਿੰਗ ‘ਚ ਗੰਭੀਰਤਾ ਦੇ ਨਾਲ-ਨਾਲ ਬਰੀਕੀਆਂ ਨੂੰ ਫੜਨ ਦੀ ਅਦਭੁੱਤ ਸਮਰੱਥਾ ਹੈ।
* ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਦੱਸੋ?
– ਇੱਕ ਤਮਿਲ ਫਿਲਮ ‘ਸਕੈੱਚ’ ਅਤੇ ਇਕ ਅਨਾਮ ਤੇਲਗੂ ਫਿਲਮਾਂ ਤੋਂ ਇਲਾਵਾ ਹਿੰਦੀ ਵਿੱਚ ‘ਖਾਮੋਸ਼ੀ’ ਕਰ ਰਹੀ ਹਾਂ, ਜਿਸ ਨੂੰ ਚੱਕਰੀ ਤੋਲੇਤੀ ਡਾਇਰੈਕਟ ਕਰ ਰਹੇ ਹਨ। ਕੁਝ ਹੋਰ ਪ੍ਰੋਜੈਕਟਾਂ ‘ਤੇ ਵੀ ਗੱਲ ਚੱਲ ਰਹੀ ਹੈ। ਅਜੇ ਕੁਝ ਫਾਈਨਲ ਨਹੀਂ ਹੋਇਆ।