‘ਕੱਲੇ ਹੀ ਰਹਿ ਜਾਈਏ

-ਸੁਖਦੇਵ ਸ਼ਰਮਾ ਧੂਰੀ

ਦੁਸ਼ਮਣ ਯਾਰ ਬਣਾ ਬੈਠੇ ਹਾਂ।
ਕਿੱਡਾ ਧੋਖਾ ਖਾ ਬੈਠੇ ਹਾਂ।
ਦਿਲਗੀਰਾਂ ਦੀ ਦੁਨੀਆ ਅੰਦਰ,
ਦਿਲ ਦਾ ਹਾਲ ਸੁਣਾ ਬੈਠੇ ਹਾਂ।

ਟੁੱਟੀ ਹੋਈ ਵੀਣਾ ਦੇ ਵਿੱਚੋਂ,
ਗੀਤ ਗਮਾਂ ਦੇ ਗਾ ਬੈਠੇ ਹਾਂ।
ਕੁੰਦਨ ਨਾ ਹੋਈ ਸਾਡੀ ਕਾਇਆ,
ਪਾਰਸ ਤਾਈਂ ਘਸਾ ਬੈਠੇ ਹਾਂ।

ਕਿਸੇ ਵੈਦ ਤੋਂ ਗਿਆ ਨਾ ਫੜਿਆ,
ਰੋਗ ਅਵੱਲਾ ਲਾ ਬੈਠੇ ਹਾਂ।
ਜਿਹੜੀ ਵਸਤ ਵਿਕਾਊ ਹੈ ਨਹੀਂ,
ਉਸ ਦਾ ਹੀ ਪੁੱਛ ਭਾਅ ਬੈਠੇ ਹਾਂ।

ਕੁੱਲ ਦੁਨੀਆ ਦੀ ਪੀੜ ਵੇਖ ਕੇ,
ਆਪਣਾ ਦਰਦ ਛੁਪਾ ਬੈਠੇ ਹਾਂ।
ਕਿਹੜਾ ਨਾਲ ਕਿਸੇ ਦੇ ਮਰਦਾ,
ਮਨ ਨੂੰ ਇਹ ਸਮਝਾ ਬੈਠੇ ਹਾਂ।

ਭਾਵੇਂ ‘ਕੱਲੇ ਹੀ ਰਹਿ ਜਾਈਏ,
ਤਾਂ ਵੀ ਸੱਚ ਸੁਣਾ ਬੈਠੇ ਹਾਂ।