ਕੱਟ ਗਈ ਜੂਨ ਚੁਰਾਸੀ

-ਗੁਰ ਕ੍ਰਿਪਾਲ ਸਿੰਘ ਅਸ਼ਕ
ਉਸ ਨੂੰ ਬਹੁਤੇ ਲੋਕ ਸੀਟੀ ਵਾਲੇ ਬਾਬੇ ਦੇ ਨਾਂ ਨਾਲ ਹੀ ਜਾਣਦੇ ਅਤੇ ਉਹ ਖੁਦ ਆਪਣੇ ਆਪ ਨੂੰ ‘ਸੀਟੀ ਵਾਲਾ ਸੇਵਕ’ ਦੱਸਦਾ। ਲੋਕਾਂ ਨੂੰ ਅਸਲੀ ਨਾਂਅ ਉਸ ਦੇ ਗਲ ਵਿੱਚ ਪਏ ਛੇ ਇੰਚੀ ਦੇ ਬੋਰਡ ਤੋਂ ਪਤਾ ਲੱਗਦਾ ਸਰਦਾਰ ਮਹਿੰਦਰ ਸਿੰਘ। ਐਨ ਚਿੱਟੀ ਦਾਹੜੀ ਤੋਂ ਉਸ ਦੀ ਉਮਰ ਸੱਠਵਿਆਂ ਤੋਂ ਉਪਰ ਜਾਪਦੀ। ਜੇ ਉਸ ਦੀਆਂ ਗਿਣਤੀਆਂ ਮਿਣਤੀਆਂ ਨੂੰ ਮੰਨ ਲਈਏ ਤਾਂ ਉਹ 45 ਕੁ ਸਾਲਾਂ ਦਾ ਸੀ। ਖੁਦ ਉਸ ਦੇ ਦੱਸਣ ਮੁਤਾਬਕ ਜਦੋਂ ਜੂਨ ’84 ‘ਚ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਹ 12-13 ਸਾਲ ਦਾ ਸੀ। ਉਹ ਦੋ ਭੈਣਾਂ ਤੇ ਦੋ ਭਰਾ ਸਨ। ਬਾਪੂ ਫੌਜੀ ਪ੍ਰੀਤਮ ਸਿੰਘ ਦੀ ਔਲਾਦ। ਇਕ ਭੈਣ ਜੰਮੂ ਵਿਆਹੀ ਜਾ ਚੁੱਕੀ ਸੀ। ਕਿਸ ਇਲਾਕੇ ‘ਚ ਅਤੇ ਕਿਸ ਦੇ ਘਰ, ਇਸ ਬਾਰੇ ਉਸ ਨੂੰ ਕੁਝ ਨਹੀਂ ਸੀ ਪਤਾ।
ਜਿਸ ਦਿਨ ਦਿੱਲੀ ਵਿੱਚ ਵੱਢ ਟੁੱਕ ਸ਼ੁਰੂ ਹੋਈ, ਉਹ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੇਵਾ ਕਰਨ ਗਿਆ ਹੋਇਆ ਸੀ। ਉਸ ਨੂੰ ਇਹ ਤਾਂ ਪਤਾ ਨਹੀਂ ਕਿ ਉਸ ਦਿਨ ਉਸ ਦੇ ਮਾਪਿਆਂ ਤੇ ਭੈਣ ਭਰਾ ਨਾਲ ਕੀ ਵਾਪਰਿਆ ਪਰ ਦੱਸਣ ਵਾਲੇ ਕਹਿੰਦੇ ਹਨ ਕਿ ਉਹ ਆਪਣੀ ਵੈਨ ਵਿੱਚ ਗੁਰਦੁਆਰੇ ਆ ਰਹੇ ਸਨ ਕਿ ਰਸਤੇ ਵਿੱਚ ਵੈਨ ਰੋਕ ਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਥੋੜ੍ਹੀ ਬਹੁਤ ਠੰਢ ਵਰਤਣ ‘ਤੇ ਗੁਰਦੁਆਰੇ ‘ਚੋਂ ਕਿਸੇ ਨੇ ਸੌ ਕੁ ਦਮੜੇ ਉਸ ਦੀ ਜੇਬ ‘ਚ ਪਾ ਕੇ ਉਸ ਨੂੰ ਪੰਜਾਬ ਵਾਲੀ ਬੱਸ ‘ਚ ਬੈਠਾ ਦਿੱਤਾ। ਉਸ ਨੂੰ ਪੰਜਾਬ ਵਿੱਚ ਵੀ ਕਿਸੇ ਰਿਸ਼ਤੇਦਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਬਸ ‘ਨਿਹੰਗਣੀ ਮਾਸੀ’ ਯਾਦ ਸੀ, ਜੋ ਯਾਤਰਾ ਉੱਤੇ ਗਈ ਕਈ ਦਿਨ ਉਥੇ ਗੁਰਦੁਆਰੇ ‘ਚ ਆਪਣੇ ਘਰ ਵਾਲੇ ਨਾਲ ਠਹਿਰੀ ਹੋਈ ਸੀ। ਉਸ ਦੀ ਸੇਵਾ ਅਤੇ ਸ਼ਰਧਾ ਤੋਂ ਖੁਸ਼ ਹੋ ਕੇ ਆਖਦੀ ਸੀ, ‘ਪੁੱਤਰਾ ਕਦੇ ਆਪਣੀ ਮਾਸੀ ਕੋਲ ਪੰਜਾਬ ਆਵੀ।’ ਬੱਸ ਲੁਧਿਆਣੇ ਪਹੁੰਚ ਗਈ ਸੀ। ਮਾਸੀ ਦੇ ਘਰ ਦਰ ਬਾਰੇ ਕੁਝ ਨਹੀਂ ਸੀ ਪਤਾ। ਉਸ ਨੂੰ ਬੱਸ ਐਨਾ ਯਾਦ ਸੀ ਕਿ ਮਾਸੀ ਨੇ ਇਕ ਦਿਨ ਦੱਸਿਆ ਸੀ, ‘ਲੋਹੇ ਦੀਆਂ ਮਿਲਾਂ ਵਾਲਾ ਗੋਬਿੰਦਗੜ੍ਹ। ਬੱਸ ਉਥੇ ਗੁਰਦੁਆਰੇ ਨੂੰ ਜਾਂਦੇ ਰੇਲਵੇ ਦੇ ਪੌੜੀਆਂ ਵਾਲੇ ਪੁਲ ਕੋਲ ਤੇਰੇ ਮਾਸੜ ਦੀ ਚਾਹ ਦੁੱਧ ਦੀ ਦੁਕਾਨ ਐ। ਕਿਸੇ ਨੂੰ ਵੀ ਪੁੱਛ ਲਵੀਂ ਚਾਹ ਵਾਲੇ ਨਿਹੰਗ ਦੀ ਦੁਕਾਨ।’
ਲੁਧਿਆਣੇ ਪੁੱਛਦੇ ਪੁਛਾਉਂਦੇ ਨੂੰ ਕਿਸੇ ਨੇ ਰੇਲਵੇ ਸਟੇਸ਼ਨ ਦੇ ਰਾਹ ਪਾ ਦਿੱਤਾ ਤੇ ਗੱਡੀ ਚੜ੍ਹ ਕੇ ਗੋਬਿੰਦਗੜ੍ਹ ਰੇਲਵੇ ਸਟੇਸ਼ਨ ‘ਤੇ ਆ ਉਤਰਿਆ। ਜਿਹੜੇ ਪਲੇਟਫਾਰਮ ‘ਤੇ ਉਸ ਨੇ ਪੈਰ ਧਰਿਆ ਸੀ ਬਸ ਉਸ ਤੋਂ ਕਰੀਬ ਸੌ ਗਜ਼ ਦੇ ਫਾਸਲੇ ‘ਤੇ ਦੁਕਾਨ ਸੀ। ਪੌੜੀਆਂ ਚੜ੍ਹ ਕੇ ਦੁਕਾਨ ਕੋਲ ਉਤਰਿਆ ਹੀ ਸੀ ਕਿ ਦੁਕਾਨ ‘ਤੇ ‘ਮਾਸੜ’ ਕੋਲ ਖੜੀ ਉਸ ਦੀ ਮਾਸੀ ਨੇ ਪਛਾਣ ਲਿਆ ਅਤੇ ਘੁੱਟ ਕੇ ਕਲਾਵੇ ‘ਚ ਲੈ ਲਿਆ। ਸਾਰੀ ਗੱਲ ਸੁਣੀ। ਮਾਸੀ ਦੇ ਕੋਈ ਔਲਾਦ ਨਹੀਂ ਸੀ ਤੇ ਹੁਣ ਮਹਿੰਦਰ ਸਿੰਘ ਉਨ੍ਹਾਂ ਦਾ ਪੁੱਤਰ ਸੀ। ਪੜ੍ਹਿਆ ਉਹ ਪਹਿਲਾਂ ਵੀ ਨਹੀਂ ਸੀ ਤੇ ਹੁਣ ਮਾਸੀ ਨੇ ਵੀ ਪੜ੍ਹਨ ਲਈ ਨਾ ਭੇਜਿਆ। ਸੋਚਿਆ ਹੋਵੇਗਾ ਕਿ 12-13 ਸਾਲ ਦੇ ਇਸ ਮੁੰਡੇ ਨੂੰ ਪਹਿਲੀ ਜਮਾਤ ‘ਚ ਕੌਣ ਬਿਠਾਏਗਾ। ਇਕ-ਇਕ ਕਰ ਕੇ ਮਾਸੀ ਤੇ ਮਾਸੜ ਦੋਵੇਂ ਦੁਨੀਆ ਤੋਂ ਵਿਦਾ ਹੋ ਗਏ। ਚਾਹ ਦੀ ਦੁਕਾਨ ‘ਤੇ ਤਾਲਾ ਲੱਗ ਗਿਆ ਅਤੇ ਸੁੰਨ ਸਰਾਂ ਬਣੇ ਘਰ ਵਿੱਚ ਇਹ ਇਕੱਲਾ ਰਹਿੰਦਾ ਸੀ, ਜਿਸ ਵਿੱਚ ਸ਼ਾਇਦ ਹੀ ਕਦੇ ਚੁੱਲ੍ਹਾ ਮਘਿਆ ਹੋਵੇ।
ਮਹਿੰਦਰ ਸਿੰਘ ਕੋਲ ਹੁਣ ਸਿਰਫ ਗੁਰੂ ਘਰ ਦਾ ਆਸਾਰਾ ਸੀ। ਰੋਜ਼ ਉਸ ਦੀ ਯਾਤਰਾ ਘਰੋਂ ਸਿੱਧੀ ਗੁਰਦੁਆਰੇ ਲਈ ਸ਼ੁਰੂ ਹੁੰਦੀ। ਉਥੇ ਮੱਥਾ ਟੇਕ ਕੇ ਫਿਰ 20-30 ਕਿਲੋਮੀਟਰ ਦੀ ਦੂਰੀ ‘ਤੇ ਬਣੇ ਗੁਰਦੁਆਰੇ ਵੱਲ ਚੱਲ ਪੈਂਦਾ। ਉਹ ਵੀ ਪੈਦਲ। ਬੜੀ ਕਾਹਲ ਨਾਲ ਕਦਮ ਪੁੱਟਦਾ ਚਲਾ ਜਾਂਦਾ। ਉਥੇ ਮੱਥਾ ਟੇਕਦਾ, ਸੇਵਾ ਕਰਦਾ ਅਤੇ ਫਿਰ ਆਪਣੇ ਘਰ ਵੱਲ ਚਾਲੇ ਪਾ ਦਿੰਦਾ। ਰਾਤ ਉਹ ਆਪਣੀ ਕੋਠੜੀ ‘ਚ ਕੱਟਦਾ ਸੀ, ਜਿਸ ਵਿੱਚ ਇਕ ਬਲਬ ਲਟਕਦਾ ਸੀ, ਪਰ ਪੱਖਾ ਕੋਈ ਨਹੀਂ ਸੀ। ਕੁਝ ਦਿਨ ਪਹਿਲਾਂ ਸੰਗਤ ‘ਚੋਂ ਕਿਸੇ ਨੂੰ ਪਤਾ ਲੱਗਾ ਕਿ ਉਹ ਐਨੀ ਗਰਮੀ ‘ਚ ਬਿਨਾਂ ਪੱਖੇ ਤੋਂ ਸੌਂਦਾ ਹੈ ਤਾਂ ਜਦੋਂ ਉਸ ਨੂੰ ਪੱਖਾ ਲੈ ਜਾਣ ਲਈ ਕਿਹਾ ਤਾਂ ਉਸ ਨੇ ਟਾਲਾ ਜਿਹਾ ਵੱਟਦਿਆਂ ਕਿਹਾ, ‘ਕੋਈ ਗੱਲ ਨਹੀਂ ਸੀ। ਲੈ ਜਾਵਾਂਗਾ।’
ਇਸ ਮਸਤਾਨੇ ਕੋਲ ਕਮਾਲ ਦਾ ਸਬਰ ਸੀ। ਕੋਲ ਮਹਿਕਾਂ ਛੱਡਦੇ ਪਕਵਾਨਾਂ ਦੇ ਢੇਰ ਪਏ ਰਹਿਣ ਤਾਂ ਵੀ ਉਸ ਨੇ ਕਦੇ ਅੱਖ ਚੁੱਕ ਕੇ ਨਹੀਂ ਸੀ ਵੇਖਿਆ। ਲੰਗਰ ਵਿੱਚ ਵੀ ਜੇ ਕਿਸੇ ਨੇ ਪ੍ਰਸ਼ਾਦਾ ਛਕਾ ਦਿੱਤਾ ਤਾਂ ਛਕ ਲਿਆ, ਨਹੀਂ ਤਾਂ ਉਵੇਂ ਹੀ ਚਾਲੇ ਪਾ ਦੇਣੇ। ਜੇ ਕਿਸੇ ਨੇ ਬਸਤਰ ਸਿਲਵਾ ਦੇਣੇ ਤਾਂ ਉਸ ਨੇ ਠੁੱਕ ਨਾਲ ਪਹਿਨਣੇ, ਨਹੀਂ ਤਾਂ ਮਸਤਾਨੇ ਹੋਏ ਬਸਤਰਾਂ ‘ਚ ਹੀ ਤੁਰੇ ਰਹਿਣਾ।
ਹੁਣ ਜਦੋਂ ਵੀ ਕੋਈ ਉਸ ਨਾਲ ਉਸ ਦੀ ਦਿੱਲੀ ਵਿੱਚ ਪਈ ਜਾਇਦਾਦ ਦੀ ਗੱਲ ਕਰਦਾ ਜਾਂ ਸਰਕਾਰ ਤੋਂ ਦਿੱਤੀ ਜਾਣ ਵਾਲੀ ਸਹਾਇਤਾ ਦੀ ਗੱਲ ਛੇੜਦਾ ਤਾਂ ਉਸ ਦਾ ਜਵਾਬ ਹੁੰਦਾ, ‘ਛੱਡੇ ਜੀ ਦਿੱਲੀ ਦੀ ਗੱਲ। ਉਧਰ ਤਾਂ ਜਾਣਾ ਹੀ ਨਹੀਂ। ਕੀ ਕਰਨੀਆਂ ਨੇ ਜਾਇਦਾਦਾਂ ਤੇ ਪੈਸੇ? ਉਥੇ ਹੁਣ ਕੌਣ ਹੈ ਮੇਰਾ?’ ਚਿਹਰੇ ‘ਤੇ ਬਿਨਾਂ ਕੋਈ ਪ੍ਰਭਾਵ ਲਿਆਇਆਂ ਉਹ ਫਿਰ ਬੇਪਰਵਾਹੀ ਨਾਲ ਅੱਗੇ ਚੱਲ ਪੈਂਦਾ ਹੈ।
ਕਰੀਬ ਤਿੰਨ ਦਹਾਕੇ ਪਹਿਲਾਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਮੇਂ ਪ੍ਰਬੰਧਕਾਂ ‘ਚ ਕਿਸੇ ਨੇ ਉਸ ਦੇ ਗਲ ਵਿੱਚ ਇਕ ਸੀਟੀ ਪਾ ਦਿੱਤੀ ਤੇ ਹੱਥ ਵਿੱਚ ਲਾਲ ਤੇ ਹਰੀ ਝੰਡੀ ਫੜਾ ਦਿੱਤੀ ਸੀ। ਪ੍ਰਬੰਧ ਬਦਲ ਲਿਆ, ਪ੍ਰਬੰਧਕ ਬਦਲ ਗਏ, ਪਰ ਜਦੋਂ ਨਗਰ ਕੀਰਤਨ ਦਾ ਆਰੰਭ ਹੁੰਦਾ ਤਾਂ ਮਹਿੰਦਰ ਸਿੰਘ ਦੇ ਗੋਰੇ ਚਿਹਰੇ ‘ਤੇ ਰੌਣਕ ਦੇਖਣ ਵਾਲੀ ਹੁੰਦੀ। ਨਗਰ ਕੀਰਤਨ ‘ਚ ਸਭ ਤੋਂ ਮੂਹਰੇ ਉਹੀ ਹੁੰਦਾ। ਮੂੰਹ ਵਿੱਚ ਸੀਟੀ ਤੇ ਹੱਥ ਵਿੱਚ ਝੰਡੀਆਂ। ਸੀਟੀ ਮਾਰ ਕੇ ਜਦੋਂ ਉਹ ਤੁਰਨ ਜਾਂ ਰੁਕਣ ਦਾ ਇਸ਼ਾਰਾ ਕਰਦਾ ਤਾਂ ਉਸ ਨੂੰ ਜਾਪ ਰਿਹਾ ਹੁੰਦਾ ਕਿ ਇਹ ਦੁਨੀਆ ਤਾਂ ਉਸ ਦੇ ਇਸ਼ਾਰੇ ‘ਤੇ ਹੀ ਚੱਲਦੀ ਹੈ।