ਕੱਚੇ ਤੇਲ ਦੇ ਰਣਨੀਤਕ ਭੰਡਾਰ ਲਈ ਆਬੂਧਾਬੀ ਤੋਂ ਭਾਰਤ ਨੂੰ ਪਹਿਲੀ ਖੇਪ ਰਵਾਨਾ


ਦੁਬਈ, 16 ਮਈ (ਪੋਸਟ ਬਿਊਰੋ)- ਭਾਰਤ ਵਿੱਚ ਮੰਗਲੌਰ ਵਿੱਚ ਕੱਚੇ ਤੇਲ ਦੇ ਰਣਨੀਤਕ ਪੈਟਰੋਲੀਅਮ ਭੰਡਾਰ ਲਈ 20 ਲੱਖ ਬੈਰਲ ਕੱਚੇ ਤੇਲ ਦੀ ਪਹਿਲੀ ਖੇਪ ਯੂ ਏ ਈ ਤੋਂ ਰਵਾਨਾ ਹੋ ਗਈ ਹੈ। ਕੱਚੇ ਤੇਲ ਦੇ ਇਸ ਭੰਡਾਰ ਨਾਲ ਭਾਰਤ ਨੂੰ ਸਪਲਾਈ ਵਿੱਚ ਹੋਣ ਵਾਲੀਆਂ ਰੁਕਾਵਟਾਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ ਹੈ।
ਆਬੂਧਾਬੀ ਨੈਸ਼ਨਲ ਆਇਲ ਕੰਪਨੀ (ਏ ਡੀ ਐੱਨ ਓ ਸੀ) ਅਤੇ ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ (ਆਈ ਐੱਸ ਪੀ ਆਰ ਐੱਲ) ਵਿਚਾਲੇ ਸਮਝੌਤੇ ਹੇਠ ਇਹ ਕੱਚੇ ਤੇਲ ਦੀ ਪਹਿਲੀ ਖੇਪ ਹੈ। ਆਈ ਐੱਸ ਪੀ ਆਰ ਐੱਲ ਭਾਰਤ ਸਰਕਾਰ ਦੀ ਮਾਲਕੀ ਵਾਲੀ ਕੰਪਨੀ ਹੈ, ਜੋ ਰਣਨੀਤਕ ਜ਼ਰੂਰਤਾਂ ਲਈ ਕੱਚੇ ਤੇਲ ਦਾ ਭੰਡਾਰਨ ਕਰੇਗੀ। ਦੁਬਈ ਵਿੱਚ ਵਿੱਚ ਰਣਨੀਤਕ ਤੇਲ ਭੰਡਾਰਨ ਲਈ ਕੱਲ੍ਹ ਲਗਭਗ 20 ਲੱਖ ਬੈਰਲ ਕੱਚੇ ਤੇਲ ਦਾ ਭਰਨ ਵੇਲੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਯੂ ਏ ਈ ਦੇ ਮੰਤਰੀ ਅਤੇ ਏ ਡੀ ਐੱਨ ਓ ਸੀ ਗਰੁੱਪ ਦੇ ਸੀ ਈ ਓ ਸੁਲਤਾਨ ਅਹਿਮਦ ਅਲ ਜ਼ਬਰ ਵੀ ਮੌਜੂਦ ਸਨ। ਉਨ੍ਹਾਂ ਨੇ ਇਸ ਨੂੰ ਸ਼ੁਰੂਆਤ ਕਿਹਾ ਹੈ।