ਕੰਵਲ ਦੀ ਤੰਦਰੁਸਤੀ ਦਾ ਰਾਜ਼


-ਨਵਦੀਪ ਸਿੰਘ ਗਿੱਲ
ਪੰਜਾਬੀ ਸਾਹਿਤ ਦਾ ਬਾਬਾ ਬੋਹੜ ਅਤੇ ਸਰੂ ਜਿਹੇ ਕੱਦ ਵਾਲਾ ਜਸਵੰਤ ਸਿੰਘ ਕੰਵਲ ਉਮਰ ਦੇ ਸੌਵੇਂ ਵਰ੍ਹੇ ਵਿੱਚ ਦਾਖਲ ਹੋ ਚੁੱਕਾ ਹੈ। ਉਮਰ ਦਾ ਸੈਂਕੜਾ ਮਾਰ ਕੇ ਬਾਬਾ ਅਜੇ ਵੀ ਕਾਇਮ ਹੈ। ਕੰਵਲ ਸਾਹਿਬ ਦਾ 100ਵਾਂ ਜਨਮ ਦਿਨ ਪੰਜਾਬ ਦੇ ਸਾਹਿਤ ਜਗਤ ਦੇ ਸਾਹਿਤ ਪ੍ਰੇਮੀਆਂ ਲਈ ਵਿਆਹ ਜਾਂ ਤਿਉਹਾਰ ਦੀ ਖੁਸ਼ੀ ਵਾਂਗ ਆਇਆ ਜਿਸ ਨੂੰ ਮਨਾਇਆ ਵੀ ਇਸੇ ਢੰਗ ਨਾਲ ਗਿਆ। ਸਭ ਤੋਂ ਵੱਡੀ ਅਤੇ ਅਹਿਮ ਗੱਲ ਇਹ ਰਹੀ ਕਿ ਰਸਮੀ ਤੌਰ ‘ਤੇ ਕਿਸੇ ਵੱਡੇ ਸ਼ਹਿਰ ਵਿੱਚ ਸਮਾਗਮ ਕਰਵਾਉਣ ਜਾਂ ਕੇਕ ਕੱਟਣ ਦੀ ਬਜਾਏ ਸਾਹਿਤ ਸਭਾਵਾਂ, ਅਕੈਡਮੀਆਂ ਤੇ ਪ੍ਰੀਸ਼ਦਾਂ ਦੇ ਅਹੁਦੇਦਾਰ ਖੁਦ ਚੱਲ ਕੇ ਪਿੰਡ ਢੁੱਡੀਕੇ ਗਏ ਅਤੇ ਉਥੇ ਜਾ ਕੇ ਕੰਵਲ ਸਾਹਿਬ ਦੇ 100ਵੇਂ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਸਵੰਤ ਸਿੰਘ ਕੰਵਲ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਤ ਕਰਨ ਅਤੇ 100ਵੇਂ ਜਨਮ ਦਿਨ ਮੌਕੇ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਲਈ ਭਾਰਤ ਦੀ ਸਰਕਾਰ ਕੋਲ ਮੰਗ ਰੱਖੀ ਹੈ। ਪੰਜਾਬ ਕਲਾ ਪ੍ਰੀਸ਼ਦ ਵੱਲੋਂ ਡਾ. ਸੁਰਜੀਤ ਪਾਤਰ ਨੇ ਉਨ੍ਹਾਂ ਨੂੰ ਇਕ ਲੱਖ ਰੁਪਏ ਸਮੇਤ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਪੰਜਾਬੀ ਸਾਹਿਤ ਅਕੈਡਮੀ ਦੇ ਮੌਜੂਦਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਤੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਦੀ ਅਗਵਾਈ ਵਿੱਚ ਸਾਹਿਤਕਾਰਾਂ ਦੇ ਜੱਥੇ ਨਾਲ ਢੁੱਡੀਕੇ ਵਿਖੇ 100ਵਾਂ ਜਨਮ ਦਿਨ ਮਨਾਇਆ। ਕਈ ਦਿਨ ਜਸ਼ਨ ਚੱਲੇ ਅਤੇ ਹਰ ਕੋਈ ਜਸ਼ਨਾਂ ਦੀਆਂ ਤਸਵੀਰਾਂ ਦੇਖ ਕੇ ਕੰਵਲ ਸਾਹਿਬ ਦੀ ਚੰਗੀ ਸਿਹਤ ਦੀ ਪ੍ਰਸ਼ੰਸਾ ਕਰਦਾ ਰਿਹਾ। ਕੰਵਲ ਨਾਲ ਮੇਰਾ ਜਿੰਨਾ ਵੀ ਵਾਹ ਪਿਆ, ਉਨ੍ਹਾਂ ਦੇ ਜੀਵਨ ਜਿਊਣ ਦੇ ਤਰੀਕੇ ਅਤੇ ਸੁਭਾਅ ਨੂੰ ਦੇਖਦਿਆਂ ਉਨ੍ਹਾਂ ਦੀ ਤੰਦਰੁਸਤੀ ਦੇ ਰਾਜ਼ ਸਹਿਜੇ ਹੀ ਪਤਾ ਲੱਗ ਗਏ। ਅਜਿਹੀਆਂ ਹੀ ਦੋ ਚਾਰ ਘਟਨਾਵਾਂ ਸਾਂਝੀਆਂ ਕਰ ਰਿਹਾ ਹਾਂ।
ਕੰਵਲ ਸਾਹਿਬ ਨਾਲ ਗਾਹੇ-ਬਗਾਹੇ ਮੇਲ-ਮਿਲਾਪ ਤੋਂ ਬਿਨਾਂ ਹਰ ਦੋ ਸਾਲ ਬਾਅਦ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਹੋਣ ਵਾਲੀ ਪੰਜਾਬੀ ਸਾਹਿਤ ਅਕੈਡਮੀ ਦੀ ਚੋਣ ਮੌਕੇ ਜ਼ਰੂਰ ਮੇਲ ਹੁੰਦਾ ਹੈ। ਕੰਵਲ ਸਾਹਿਬ ਹਰ ਵਾਰ ਕਤਾਰ ਵਿੱਚ ਖੜੋ ਕੇ ਵੋਟ ਪਾਉਂਦੇ ਅਤੇ ਭਾਰਤ ਨਗਰ ਚੌਕ ਤੋਂ ਪੰਜਾਬੀ ਭਵਨ ਤੱਕ ਤੁਰ ਕੇ ਆਉਂਦੇ ਅਤੇ ਉਹ ਵਾਪਸ ਵੀ ਤੁਰ ਕੇ ਅਜੀਤਵਾਲ ਵਾਲੀ ਬੱਸ ਫੜਦੇ ਹਨ। ਕੰਵਲ ਜਦੋਂ ਵੋਟ ਪਾਉਣ ਲਈ ਕਤਾਰ ‘ਚ ਖੜੇ ਹੁੰਦੇ ਤਾਂ ਉਨ੍ਹਾਂ ਤੋਂ ਅੱਗੇ ਖੜੇ ਕਈ ਲੋਕਾਂ ਨੇ ਉਨ੍ਹਾਂ ਨੂੰ ਅੱਗੇ ਆਉਣ ਲਈ ਕਹਿਣਾ, ਪਰ ਉਨ੍ਹਾਂ ਨੇ ਨਿਮਰਤਾ ਨਾਲ ਇਹ ਕਹਿ ਕੇ ਪੇਸ਼ਕਸ਼ ਠੁਕਰਾ ਦੇਣੀ ਕਿ ‘ਹਾਲੇ ਮੇਰੀਆਂ ਲੱਤਾਂ ਮੇਰਾ ਭਾਰ ਝੱਲਦੀਆਂ ਹਨ, ਮੈਂ ਲਾਈਨ ‘ਚ ਖੜ ਕੇ ਆਪਣੀ ਵਾਰੀ ‘ਤੇ ਹੀ ਵੋਟ ਪਾਵਾਂਗਾ।’ ਕੰਵਲ ਸਾਹਿਬ ਨੂੰ ਤੁਰ ਕੇ ਭਾਰਤ ਨਗਰ ਚੌਕ ਵੱਲ ਜਾਂਦਿਆਂ ਇਕ ਦੋ ਵਾਰ ਮੈਂ ਕਾਰ ‘ਤੇ ਛੱਡਣ ਦੀ ਪੇਸ਼ਕਸ਼ ਕੀਤੀ, ਉਨ੍ਹਾਂ ਸਿੱਧੀ ਨਾਂਹ ਕਰਦਿਆਂ ਇਹ ਗੱਲ ਕਹਿਣੀ, ‘ਕਾਕਾ ਮੇਰੀਆਂ ਆਦਤਾਂ ਨਾ ਵਿਗਾੜ, ਮੈਂ ਤੁਰ ਕੇ ਠੀਕ ਹਾਂ।’
ਕੰਵਲ ਬਾਰੇ ਜਿੰਨੀਆਂ ਗੱਲਾਂ ਮੈਂ ਆਪਣੇ ਗੁਰੂ ਜੀ ਪ੍ਰਿੰਸੀਪਲ ਸਰਵਣ ਸਿੰਘ ਦੇ ਮੂੰਹੋਂ ਸੁਣੀਆਂ ਜਾਂ ਪੜ੍ਹੀਆਂ, ਉਨ੍ਹਾਂ ਦੀ ਤਾਈਦ ਹਰ ਵਾਰ ਕੰਵਲ ਸਾਹਿਬ ਨੂੰ ਮਿਲ ਕੇ ਹੁੰਦੀ ਰਹੀ। ਸਰਵਣ ਸਿੰਹੁ ਹਮੇਸ਼ਾ ਹੀ ਕੰਵਲ ਸਾਹਿਬ ਦੀ ਖੇਡਾਂ ਵਿੱਚ ਦਿਲਚਸਪੀ ਅਤੇ ਸਾਦ ਮੁਰਾਦੇ ਜੀਵਨ ਜਿਊਣ ਦੇ ਤਰੀਕਿਆਂ ਦੀ ਗੱਲ ਕਰਦੇ ਰਹਿੰਦੇ ਹਨ ਤੇ ਇਹੋ ਪੰਜਾਬੀ ਸਾਹਿਤ ਦੇ ਸਰੂ ਦੇ ਬੂਟੇ ਦੀ ਸਿਹਤ ਦਾ ਮੁੱਖ ਰਾਜ਼ ਹੈ। ਢੁੱਡੀਕੇ ਵਿਖੇ ਕਬੱਡੀ ਟੂਰਨਾਮੈਂਟ ਨੂੰ ਨੀਝ ਨਾਲ ਗਰਾਊਂਡ ਵਿੱਚ ਦੇਖਣ ਦੀ ਸੁਣੀ ਗੱਲ ਦੀ ਕਬੱਡੀ ਵਿਸ਼ਵ ਕੱਪ ਦੇ ਢੁੱਡੀਕੇ ਵਿਖੇ ਹੋਏ ਮੈਚਾਂ ਦੌਰਾਨ ਹੋਰ ਪੁਸ਼ਟੀ ਹੋਈ। ਢੁੱਡੀਕੇ ਵਿਖੇ ਮੈਚ ਦੌਰਾਨ ਕੰਵਲ ਸਾਹਿਬ ਆਮ ਦਰਸ਼ਕਾਂ ਵਾਂਗ ਗਰਾਊਂਡ ‘ਚ ਬੈਠੇ ਮੈਚ ਦੇਖ ਰਹੇ ਸਨ। ਪ੍ਰੋ. ਗੁਰਭਜਨ ਗਿੱਲ ਦੀ ਨਜ਼ਰ ਜਦੋਂ ਕੰਵਲ ਸਾਹਿਬ ਉਤੇ ਪਈ ਤਾਂ ਉਨ੍ਹਾਂ ਕੰਵਲ ਸਾਹਿਬ ਨੂੰ ਸਟੇਜ ਉਪਰ ਮੁੱਖ ਮਹਿਮਾਨ ਨਾਲ ਬਿਠਾਉਣ ਦੀ ਗੱਲ ਕੀਤੀ। ਕੰਵਲ ਇਕ ਵਾਰ ਤਾਂ ਕਹਿਣ ‘ਤੇ ਸਟੇਜ ‘ਤੇ ਆ ਗਏ, ਪਰ ਇਹ ਕਿਸੇ ਨੂੰ ਪਤਾ ਨਾ ਲੱਗਿਆ ਕਿ ਉਹ ਕਿਹੜੇ ਸਮੇਂ ਰੇਡਰ ਦੀ ਫੁਰਤੀ ਵਾਂਗ ਸਟੇਜ ਤੋਂ ਮੁੜ ਗਰਾਊਂਡ ‘ਚ ਆਮ ਦਰਸ਼ਕਾਂ ‘ਚ ਜਾ ਬੈਠੇ। ਜਦੋਂ ਵਾਪਸ ਉਨ੍ਹਾਂ ਕੋਲ ਜਾ ਕੇ ਮੈਂ ਮੁੜ ਸਟੇਜ ‘ਤੇ ਆਉਣ ਦੀ ਗੱਲ ਕਹੀ ਤਾਂ ਉਨ੍ਹਾਂ ਇਹੋ ਕਿਹਾ, ‘ਕਾਕਾ ਮੈਂ ਇਥੇ ਠੀਕ ਹਾਂ। ਆਹ ਵੀ ਆਈ ਪੀ ਬਣ ਕੇ ਸਟੇਜ ‘ਤੇ ਬੈਠ ਕੇ ਮੈਚ ਦੇਖਣ ਦਾ ਕੋਈ ਸੁਆਦ ਨਹੀਂ ਆਉਂਦਾ। ਮੈਚ ਦਾ ਨਜ਼ਾਰਾ ਗਰਾਊਂਡ ‘ਚ ਦਰਸ਼ਕਾਂ ‘ਚ ਬੈਠ ਕੇ ਆਉਂਦਾ ਹੈ।’ ਇਹੋ ਸਿਫਤ ਗੀਤਕਾਰ ਸ਼ਮਸ਼ੇਰ ਸੰਧੂ ਦੀ ਹੈ, ਜਿਨ੍ਹਾਂ ਨਾਲ ਕਈ ਖੇਡ ਟੂਰਨਾਮੈਂਟ ਦੇਖਣ ਦਾ ਮੌਕਾ ਮਿਲਿਆ ਤੇ ਹਰ ਵਾਰ ਉਹ ਗਰਾਊਂਡ ‘ਚ ਬੈਠ ਕੇ ਮੈਚ ਦੇਖਣ ਨੂੰ ਤਰਜੀਹ ਦਿੰਦੇ।
ਜਸਵੰਤ ਸਿੰਘ ਕੰਵਲ ਨੇ ਇਕ ਸਦੀ ਉਮਰ ਜਿਊਈ ਤੇ ਕਰੀਬ ਸਾਢੇ ਸੱਤ ਦਹਾਕੇ ਉਮਰ ਲਿਖਣ ਦੇ ਲੇਖੇ ਲਾਈ ਹੈ। 1944 ਉਨ੍ਹਾਂ ਆਪਣਾ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ ਲਿਖਿਆ ਅਤੇ 98 ਸਾਲ ਦੀ ਉਮਰ ਤੱਕ ਲਗਾਤਾਰ ਨਾਵਲ ਲਿਖੇ। ਪਿੰਡ ਦੀ ਸਰਪੰਚੀ ਵੀ ਕੀਤੀ। ਪਿੰਡ ਵਿੱਚ ਲਾਲਾ ਲਾਜਪਤ ਰਾਏ ਦੀ ਯਾਦ ‘ਚ ਸਰਕਾਰੀ ਕਾਲਜ ਸਥਾਪਤ ਕਰਨ ‘ਚ ਮੋਹਰੀ ਭੂਮਿਕਾ ਨਿਭਾਈ। ਬਾਲੀਵੁੱਡ ਦੀ ਸ਼ਾਹਕਾਰ ਹਸਤੀ ਬਲਰਾਜ ਸਾਹਨੀ ਨਾਲ ਗੂੜ੍ਹੀ ਮਿੱਤਰਤਾ ਰਹੀ, ਜਿਹੜੇ ਆਪਣੀਆਂ ਛੁੱਟੀਆਂ ਬਿਤਾਉਣ ਲਈ ਉਚੇਚੇ ਤੌਰ ‘ਤੇ ਕੰਵਲ ਸਾਹਿਬ ਕੋਲ ਢੁੱਡੀਕੇ ਆਉਂਦੇ ਸਨ।
50 ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਜਸਵੰਤ ਸਿੰਘ ਕੰਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ, ਪਰ ਉਹ ਕਦੇ ਤੜਕ-ਭੜਕ ਤੋਂ ਪ੍ਰਭਾਵਿਤ ਨਹੀਂ ਹੋਏ ਅਤੇ ਆਪਣਾ ਸਾਦ ਮੁਰਾਦਾ ਜੀਵਨ ਜਿਊਣ ਦਾ ਢੰਗ ਨਹੀਂ ਛੱਡਿਆ। ਉਨ੍ਹਾਂ ਦੇ 100ਵੇਂ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਣ ਦਾ ਮੌਕਾ ਸਾਨੂੰ ਤੰਦਰੁਸਤੀ ਦੇ ਇਨ੍ਹਾਂ ਰਾਜ਼ਾਂ ਕਾਰਨ ਹੀ ਮਿਲਿਆ ਹੈ ਤੇ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਜੀਵਨ ਦੇ ਪੰਧ ‘ਤੇ ਸਫਲਤਾਪੂਰਵਕ ਵਧਣ ਦਾ ਜਿਗਰਾ ਵੀ ਮਿਲਦਾ ਹੈ। ਸਾਹਿਤ ਜਗਤ ਲਈ ਇਹ ਅਨੋਖੀ ਖੁਸ਼ੀ ਦਾ ਸਮਾਂ ਹੈ ਅਤੇ ਹਰ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਨੇ ਇਸ ਘੜੀ ਨੂੰ ਯਾਦਗਾਰ ਬਣਾਉਣ ਲਈ ਢੁੱਡੀਕੇ ਵੱਲ ਵਹੀਰਾਂ ਘੱਤੀਆਂ। ਇਤਿਹਾਸਕ ਪਿੰਡ ਢੁੱਡੀਕੇ ਦੇ ਇਤਿਹਾਸ ਵਿੱਚ ਇਕ ਹੋਰ ਅਹਿਮ ਘਟਨਾ ਜੁੜ ਗਈ।