ਕੰਬੋਡੀਆ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨੂੰ ਧਮਕੀ


ਨੋਮ ਪੈਨਹ, ਕੰਬੋਡੀਆ, 22 ਫਰਵਰੀ (ਪੋਸਟ ਬਿਊਰੋ)- ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਆਸਟਰੇਲੀਆ ਨੂੰ ਧਮਕੀ ਦਿੱਤੀ ਹੈ ਕਿ ਜੇ ਘਰੇਲੂ ਰਾਜਨੀਤੀ ਵਿੱਚ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਤਾਂ ਉਹ ਆਸਟਰੇਲੀਆ ਨੂੰ ਸ਼ਰਮਿੰਦਾ ਕਰ ਦੇਣਗੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇ ਨੌਬਤ ਆਈ ਤਾਂ ਉਹ ਅਗਲੇ ਮਹੀਨੇ ਸਿਡਨੀ ਵਿਚ ਹੋਣ ਵਾਲੇ ਆਸੀਆਨ ਸੰਮੇਲਨ ਵਿਚ ਸਾਂਝੀ ਗੱਲਬਾਤ ਉੱਤੇ ਵੀ ਪਾਬੰਦੀ ਲਾ ਦੇਣਗੇ।
ਵਰਨਣ ਯੋਗ ਹੈ ਕਿ ਪਿਛਲੇ ਮਹੀਨਿਆਂ ਵਿਚ ਪੱਛਮੀ ਦੇਸ਼ਾਂ ਨੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੂੰ ਮੁੱਖ ਵਿਰੋਧੀ ਧਿਰ ਨੂੰ ਤੋੜਨ, ਸੁਤੰਤਰ ਸਮਾਚਾਰ ਪੱਤਰਾਂ ਨੂੰ ਬੰਦ ਕਰਨ ਅਤੇ ਅਦਾਲਤਾਂ ਵਿਚ ਆਲੋਚਕਾਂ ਨੂੰ ਖਦੇੜਨ ਦੇ ਦੋਸ਼ ਵਿਚ ਨੁਕਤਾਚੀਨੀ ਦਾ ਸਿ਼ਕਾਰ ਬਣਾਇਆ ਹੈ। ਬੁੱਧਵਾਰ ਦਿੱਤੇ ਭਾਸ਼ਣ ਵਿਚ ਹੁਨ ਸੇਨ ਨੇ ਕਿਹਾ ਕਿ ਆਸੀਆਨ ਸੰਮੇਲਨ ਵਿਚ ਉਹ ਘਰੇਲੂ ਰਾਜਨੀਤੀ ਬਾਰੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਰਦਾਸ਼ਤ ਨਹੀਂ ਕਰਨਗੇ।
ਆਸੀਆਨ ਦਾ ਇਹ ਪਹਿਲਾ ਸੰਮੇਲਨ ਮਾਰਚ ਵਿਚ ਹੋਵੇਗਾ, ਜਿਸ ਦੀ ਮੇਜ਼ਬਾਨੀ ਆਸਟ੍ਰੇਲੀਆ ਕਰੇਗਾ। ਹੁਨ ਸੇਨ ਨੇ ਕਿਹਾ, “ਜੇ ਤੁਸੀਂ ਮੇਰੇ ਨਾਲ ਗਲਤ ਤਰੀਕੇ ਨਾਲ ਪੇਸ਼ ਆਏ ਤਾਂ ਪਲਟਵਾਰ ਕਰਾਂਗਾ ਅਤੇ ਸਾਰਿਆਂ ਲੋਕਾਂ ਦੇ ਸਾਹਮਣੇ ‘ਸ਼ਰਮਿੰਦਾ’ ਕਰ ਦੇਵਾਂਗਾ।” ਪਿਛਲੇ ਮਹੀਨਿਆਂ ਵਿਚ ਆਪਣੀ ਸਖਤ ਕਾਨੂੰਨੀ ਕਾਰਵਾਈ ਕਾਰਨ ਕੰਬੋਡੀਆ ਹੁਣ ਚੀਨ ਦੇ ਬਹੁਤ ਕਰੀਬ ਆ ਗਿਆ ਹੈ। ਇਹ ਪਹਿਲੀ ਵਾਰੀ ਨਹੀਂ, ਜਦੋਂ ਆਪਣੇ ਕਿਸੇ ਸਾਂਝੇ ਬਿਆਨ ਨੂੰ ਰੱਦ ਕਰਨ ਦੇ ਲਈ ਕੰਬੋਡੀਆ ਨੇ ਅਜਿਹਾ ਰੁਖ ਵਰਤਿਆ ਹੋਵੇ। ਸਾਲ 2012 ਵਿਚ ਵੀ ਵਿਦੇਸ਼ ਮੰਤਰੀ ਇਕ ਸਾਂਝੀ ਗੱਲਬਾਤ ਨੂੰ ਪੇਸ਼ ਕਰਨ ਵਿਚ ਅਸਫਲ ਰਹੇ ਸਨ। ਉਸ ਸਮੇਂ ਫਿਲੀਪੀਨ ਨੇ ਦੱਖਣੀ ਚੀਨ ਸਾਗਰ ਵਿਚ ਬੀਜਿੰਗ ਦੇ ਕੰਮਾਂ ਦੀ ਆਲੋਚਨਾ ਨੂੰ ਰੋਕਣ ਲਈ ਕੰਬੋਡੀਆ ਉੱਤੇ ਦੋਸ਼ ਲਗਾਇਆ ਸੀ।