ਕੰਪੀਟੀਸ਼ਨ ਲਈ ਤਿਆਰ ਕ੍ਰਿਤੀ

kriti sanon
ਮਾਡਲਿੰਗ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਕ੍ਰਿਤੀ ਸਨਨ ਨੇ ਬਾਲੀਵੁੱਡ ਵਿੱਚ ਫਿਲਮ ‘ਹੀਰੋਪੰਤੀ’ ਨਾਲ ਕਦਮ ਰੱਖਿਆ ਸੀ, ਜਿਸ ਲਈ ਉਸ ਨੂੰ ਬੈਸਟ ਫੀਮੇਲ ਡੈਬਿਊ ਦਾ ਫਿਲਮਫੇਅਰ ਐਵਾਰਡ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਹ ਐਕਸ਼ਨ ਕਾਮੇਡੀ ਫਿਲਮ ‘ਦਿਲਵਾਲੇ’ ਵਿੱਚ ਸ਼ਾਹਰੁਖ ਖਾਨ, ਕਾਜੋਲ ਤੇ ਵਰੁਣ ਧਵਨ ਨਾਲ ਨਜ਼ਰ ਆਈ। ਉਸ ਨੂੰ ਆਉਣ ਵਾਲੀ ਫਿਲਮ ‘ਬਰੇਲੀ ਕੀ ਬਰਫੀ’ ਤੋਂ ਕਾਫੀ ਉਮੀਦਾਂ ਹਨ।
ਇਸ ਫਿਲਮ ਬਾਰੇ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ, ‘‘ਬਰੇਲੀ ਕੀ ਬਰਫੀ’ ਰੋਮਾਂਟਿਕ ਕਾਮੇਡੀ ਫਿਲਮ ਹੈ, ਜੋ ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ‘ਤੇ ਆਧਾਰਤ ਹੈ। ਇਹ ਬਹੁਤ ਹੀ ਰੌਚਕ ਫਿਲਮ ਹੈ।” ਇਸ ਫਿਲਮ ‘ਚ ਕ੍ਰਿਤੀ ਨੇ ਯੂ ਪੀ ਦੀ ਲੜਕੀ ਦਾ ਕਿਰਦਾਰ ਨਿਭਾਇਆ ਹੈ। ਕੀ ਇਹ ਕਿਰਦਾਰ ਨਿਭਾਉਂਦੇ ਸਮੇਂ ਕੋਈ ਔਕੜ ਉਸ ਨੂੰ ਪੇਸ਼ ਆਈ? ਇਸ ‘ਤੇ ਉਸ ਨੇ ਕਿਹਾ, ‘‘ਜ਼ਿਆਦਾ ਮੁਸ਼ਕਲ ਨਹੀਂ ਸੀ, ਸਿਰਫ ਭਾਸ਼ਾ ‘ਤੇ ਕੰਮ ਕਰਨਾ ਪਿਆ। ਦਰਅਸਲ ਇਹ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ, ਜੋ ਯੂ ਪੀ ਦੇ ਬਰੇਲੀ ਸ਼ਹਿਰ ਵਿੱਚ ਰਹਿੰਦੀ ਹੈ। ਅਜਿਹੇ ਵਿੱਚ ਮੈਂ ਉਥੋਂ ਦੀ ਲੜਕੀ ਵਰਗਾ ਨਾ ਸਿਰਫ ਦਿਸਣਾ ਸੀ, ਸਗੋਂ ਉਸ ਵਰਗੀ ਭਾਸ਼ਾ ਤੇ ਲਹਿਜ਼ੇ ਵਿੱਚ ਬੋਲਣਾ ਵੀ ਸੀ, ਇਸ ਲਈ ਮੈਂ ਇੱਕ ਟਿਊਟਰ ਤੋਂ ਬਰੇਲੀ ਲਹਿਜ਼ੇ ਵਿੱਚ ਬੋਲਣਾ ਸਿਖਿਆ। ਕਿਉਂਕਿ ਫਿਲਮ ਦੀ ਸ਼ੂਟਿੰਗ ਵੀ ਕਈ ਦਿਨਾਂ ਤੱਕ ਬਰੇਲੀ ਵਿੱਚ ਹੋਈ, ਇਸ ਕਰ ਕੇ ਮੈਨੂੰ ਉਥੋਂ ਦੀ ਭਾਸ਼ਾ ਤੇ ਲਹਿਜਾ ਸਿੱਖਣ ਨੂੰ ਮਿਲੇ।”
ਕ੍ਰਿਤੀ ਅਜੇ ਬਾਲੀਵੁੱਡ ਵਿੱਚ ਇੱਕ ਤਰ੍ਹਾਂ ਨਵੀਂ ਹੈ। ਕੀ ਉਸ ਨੂੰ ਇਥੇ ਕਿਸੇ ਤਰ੍ਹਾਂ ਦਾ ਕੰਪੀਟੀਸ਼ਨ ਮਹਿਸੂਸ ਹੁੰਦਾ ਹੈ? ਉਹ ਇਸ ਬਾਰੇ ਕਹਿੰਦੀ ਹੈ, ‘‘ਕਿਸ ਫੀਲਡ ਵਿੱਚ ਕੰਪੀਟੀਸ਼ਨ ਨਹੀਂ ਹੈ? ਮੈਡੀਕਲ ਹੋਵੇ, ਮਾਡਲਿੰਗ ਜਾਂ ਐਕਟਿੰਗ ਸਭ ਵਿੱਚ ਟਫ ਕੰਪੀਟੀਸ਼ਨ ਹੈ, ਪਰ ਲੋੜ ਹੈ ਉਸ ਕੰਪੀਟੀਸ਼ਨ ਦਾ ਸਾਹਮਣਾ ਕਰਨਾ ਦੀ। ਹਾਲਾਂਕਿ ਮੈਂ ਕਿਸੇ ਕੰਪੀਟੀਸ਼ਨ ਵਿੱਚ ਨਹੀਂ ਹਾਂ, ਪਰ ਜੇ ਕੋਈ ਕੰਪੀਟੀਸ਼ਨ ਆਵੇ ਤਾਂ ਮੈਂ ਉਸ ਦਾ ਸਾਹਮਣਾ ਕਰਨਾ ਲਈ ਤਿਆਰ ਹਾਂ। ਉਂਝ ਕੰਪੀਟੀਸ਼ਨ ਜੇ ਹੈਲਦੀ ਹੋਵੇ ਤਾਂ ਇਸ ਨਾਲ ਕਲਾਕਾਰ ਨੂੰ ਵਿਕਾਸ ਕਰਨ ਦਾ ਮੌਕਾ ਮਿਲਦਾ ਹੈ।”