ਕੰਜੂਸ ਦਾ ਆਤਮ-ਨਿਵੇਦਨ

-ਕੇ ਐੱਲ ਗਰਗ
ਅਸੀਂ ਖਾਨਦਾਨੀ ਕੰਜੂਸ ਹਾਂ। ਜਿਵੇਂ ਕੋਈ ਕਹੇਗਾ ਕਿ ਖਾਨਦਾਨੀ ਹਕੀਮ ਜਾਂ ਖਾਨਦਾਨੀ ਰਈਸ। ਖਾਨਦਾਨੀ ਰਈਸ ਵੀ ਕੰਜੂਸੀ ਕਰ-ਕਰ ਹੀ ਬਣਦੇ ਹਨ। ਸ਼ਾਹ-ਖਰਚ ਹੋ ਕੇ ਦੋਵੇਂ ਹੱਥੀ ਧਨ ਦੌਲਤ ਲੁਟਾ ਕੇ ਤੁਸੀਂ ਕਿਸੇ ਨੂੰ ਰਈਸਜ਼ਾਦਾ ਬਣਦਿਆਂ ਨਹੀਂ ਦੇਖਿਆ ਹੋਣਾ। ਦੋਵੇਂ ਹੱਥੀਂ ਧਨ ਲੁਟਾਉਣ ਵਾਲਾ ਤਾਂ ਕੱਲ੍ਹ ਵੀ ਡੁੱਬਿਆ ਤੇ ਅੱਜ ਵੀ। ਤੁਸੀਂ ਵੱਡੀਆਂ-ਵੱਡੀਆਂ ਬਾਦਸ਼ਾਹੀਆਂ ਇਸੇ ਤਰ੍ਹਾਂ ਰੁੜ੍ਹਦੀਆਂ ਦੇਖੀਆਂ ਹੋਣਗੀਆਂ।
ਪੈਸਾ ਸਾਡਾ, ਜੋੜਦੇ ਅਸੀਂ ਹਾਂ, ਫੇਰ ਲੋਕਾਂ ਦੇ ਢਿੱਡ ਵਿੱਚ ਪਤਾ ਨ੍ਹੀਂ ਕਿਉਂ ਸੂਲ ਉਠਦੀ ਰਹਿੰਦੀ ਹੈ। ਅੱਜਕੱਲ੍ਹ ਲੋਕ ਆਪਣੇ ਦੁੱਖ ਕਾਰਨ ਦੁਖੀ ਨਹੀਂ ਹੁੰਦੇ, ਦੂਸਰਿਆਂ ਦਾ ਸੁੱਖ ਦੇਖ ਕੇ ਦੁਖੀ ਹੁੰਦੇ ਹਨ। ਸਾਡੇ ਨਾਂਅ ਨਾਲ ਦੁਖੀ ਹੋ ਕੇ ਚੁਣ-ਚੁਣ ਕੇ ਮੁਹਾਵਰੇ ਘੜਦੇ ਹਨ। ਕਦੇ ਸਾਨੂੰ ‘ਕੰਜੂਸ ਮੱਖੀ ਚੂਸ’ ਆਖਦੇ ਹਨ ਅਤੇ ਕਦੀ ‘ਚਮੜੀ ਜਾਵੇ, ਪਰ ਦਮੜੀ ਨਾ ਜਾਵੇ’ ਦਾ ਮੁਹਾਵਰਾ ਸੁਣਾ ਦਿੰਦੇ ਹਨ। ਇਹ ਲੋਕਾਂ ਦੀ ਖਿਝ, ਘ੍ਰਿਣਾ ਅਤੇ ਨਫਰਤ ਕਾਰਨ ਹੀ ਹੁੰਦਾ ਹੋਣਾ। ਹੁਣ ਜੇ ਕੋਈ ਸਿਆਣਾ-ਬਿਆਣਾ ਇਨ੍ਹਾਂ ਨੂੰ ਪੁੱਛੇ ਕਿ ਕੋਈ ਦੋ ਅੱਖਾਂ ਵਾਲਾ ਬੰਦਾ ਕਦੀ ਦੇਖ ਕੇ ਮੱਖੀ ਚੂਸ ਸਕਦਾ ਹੈ। ਫੇਰ ਕੋਈ ਕੰਜੂਸ ਮੱਖੀ ਕਿਵੇਂ ਚੂਸ ਲੂ। ਹੁਣ ਤੁਸੀਂ ਦੱਸੋ ਕਿ ਜੇ ਚਮੜੀ ਹੀ ਚਲੀ ਜਾਵੇ ਤਾਂ ਬੰਦਾ ਜਿਊਂਦਾ ਕਿਵੇਂ ਰਹੇਗਾ। ਜੇ ਬੰਦਾ ਜਿਊਂਦਾ ਹੀ ਨਾ ਰਿਹਾ, ਫਿਰ ਦਮੜੀ ਕਿਸ ਕੰਮ ਦੀ। ਦਮੜੀਆਂ-ਸ਼ਮੜੀਆਂ ਤਾਂ ਸਭ ‘ਜੱਗ ਜਿਊਂਦਿਆਂ ਦੇ ਮੇਲੇ’ ਹੁੰਦੇ ਨੇ। ਚਮੜੀ ਹੀ ਨਾ ਰਹੀ ਤਾਂ ਦਮੜੀ ਕਿਸ ਕੰਮ ਦੀ? ਊਂ ਜੀ ਇਹ ਦੁਨੀਆ ਤੁਹਾਨੂੰ ਕਿਸੇ ਢੰਗ ਵੀ ਜੀਣ ਨਹੀਂ ਦਿੰਦੀ। ਖੁੱਲ੍ਹ ਕੇ ਖਰਚ ਕਰੋ ਤਾਂ ਕਹਿਣ ਲੱਗ ਜਾਂਦੇ ਨੇ, ‘ਮਾਂ ਫਿਰੇ ਫੋਸੀਂ ਫੋਂਸੀ, ਪੁੱਤ ਗਹੀਰੇ ਬਖਸ਼ੇ।’ ਪਿਉ ਬਾਹਲੀ ਜਾਇਦਾਦ ਛੱਡ ਕੇ ਮਰਿਆ ਹੋਣਾ, ਜਿਹੜਾ ਇਉਂ ਦੋਵੇਂ ਹੱਥੀਂ ਲੁਟਾਈ ਜਾਂਦਾ। ਇਹ ਪਿਉ-ਪੁੱਤ ਦੇ ਗਧੇ ਆਲੀ ਘਾਣੀ ਹੋਗੀ ਜੀ। ਘੱਟ ਖਰਚ ਕਰੋ ਤਾਂ ਥੋਨੂੰ ਸੂਮ ਕਹਿਣ ਲੱਗ ਪੈਂਦੇ ਨੇ। ਧੇਲੇ-ਧੇਲੇ ਪਿੱਛੇ ਮਰਦਾ ਸਹੁਰਾ। ਸਭ ਕੁਛ ਇਥੇ ਈ ਧਰਿਆ ਧਰਾਇਆ ਰਹਿ ਜਾਣਾ। ਨਾ ਕੋਈ ਕੁਸ਼ ਲੈ ਕੇ ਆਇਐ ਤੇ ਨਾ ਕਿਸੇ ਨੇ ਕੁਸ਼ ਲੈ ਕੇ ਜਾਣਾ। ਖਾਣ ਪਹਿਨਣ ਲਈ ਹੀ ਚੀਜ਼ਾਂ ਬਣਾਈਆਂ ਰੱਬ ਨੇ। ‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ।’ ਹੁਣ ਇਹੋ ਜਿਹੇ ਪ੍ਰਵਚਨ ਸੁਣ ਕੇ ਸਾਨੂੰ ਕਹਿਣਾ ਪੈਣਾ, ‘ਭੌਂਕੀ ਜਾਓ, ਭੌਂਕੀ ਜਾਓ, ਭੌਂਕੀ ਜਾਓ ਤੇ ਭੌਂਕੀ ਹੀ ਜਾਓ। ਕੁੱਤੇ ਭੌਂਕਦੇ ਹੀ ਹੁੰਦੇ ਆ।’
ਸਾਡੀ ਪਿਆਰੀ ਸਰਕਾਰ ਵੀ ਛੋਟੀਆਂ-ਛੋਟੀਆਂ ਬੱਚਤਾਂ ਲਈ ਹੱਲਾਸ਼ੇਰੀ ਦਿੰਦੀ ਹੈ। ਚੰਗੇ ਵਿਆਜ ਦਾ ਲਾਲਚ ਵੀ ਦਿੰਦੀ ਹੈ। ਤੁਸੀਂ ਖੁਦ ਸਿਆਣੇ ਹੋ, ਅੰਤਾਂ ਦੀ ਇਸ ਮਹਿੰਗਾਈ ਵਿੱਚ ਕੋਈ ਮਾਈ ਦਾ ਲਾਲ ਬੱਚਤ ਕਰ ਸਕਦੈ? ਢਿੱਡ ਤੇ ਮੂੰਹ ਬੰਨ੍ਹ ਕੇ ਹੀ ਬੱਚਤ ਹੋ ਸਕਦੀ ਹੈ। ਗੜਪ-ਗੜਪ ਚਰ ਕੇ ਥੋੜ੍ਹੇ ਬੱਚਤਾਂ ਹੁੰਦੀਆਂ। ਬੱਚਤ ਨਾ ਕਰਾਂਗੇ ਤਾਂ ਬੁਢਾਪੇ ਵਿੱਚ ਸਾਨੂੰ ਕੀਹਨੇ ਪੁੱਛਣੈ? ਧੀਆਂ ਪੁੱਤ ਤਾਂ ਚੱਲਦੇ ਹੱਡਾਂ-ਪੈਰਾਂ ਵਾਲਿਆਂ ਨੂੰ ਨ੍ਹੀਂ ਪੁੱਛਦੇ ਅੱਜਕੱਲ੍ਹ। ਕੱਲ੍ਹ ਨੂੰ ਜਦੋਂ ਨੈਣ-ਪਰਾਣ ਖੜ੍ਹਗੇ, ਫੇਰ ਕਿਸੇ ਮੂੰਹ ‘ਚ ਪਾਣੀ ਨ੍ਹੀਂ ਪਾਉਣਾ। ਉਦੋਂ ਸਾਡੀ ਕੰਜੂਸੀ ਹੀ ਕੰਮ ਆਉਣੀ ਹੈ। ਕੰਜੂਸੀ ਨੇ ਸਾਡੇ ਨਾਲ ਨਿਭਣੈ। ਇਸੇ ਲਈ ਅਸੀਂ ਵਰਤਮਾਨ ਨੂੰ ਮਾਰ-ਮਾਰ ਭਵਿੱਖ ਨੂੰ ਜਿਉਂਦਾ ਰੱਖਦੇ ਹਾਂ। ਜ਼ਮਾਨਾ ਬੜਾ ਮਾੜਾ ਆ ਰਿਹੈ। ਇਸ ਲਈ ਹੁਣ ਜਿਹੜੇ ਚੁਟਕੀਆਂ ਮਾਰ-ਮਾਰ ਗੱਲਾਂ ਕਰਦੇ ਆ, ਬੁਢਾਪੇ ‘ਚ ਮੂੰਹ ਤੋਂ ਮੱਖੀ ਨ੍ਹੀਂ ਉਡਾ ਹੋਣੀ। ਸਾਵਧਾਨ ਹੋ ਜੋ।
ਅਸੀਂ ਪੂਰੇ-ਸੂਰੇ ਬੁੱਧਵਾਦੀ ਹਾਂ। ਮਹਾਤਮਾ ਬੁੱਧ ਦੇ ਪੱਕੇ ਸ਼ਰਧਾਲੂ ਹਾਂ। ਉਨ੍ਹਾਂ ਕਿਹਾ ਸੀ, ‘ਹੇ ਮਨੁੱਖ, ਸੁਖੀ ਰਹਿਣ ਲਈ ਇੱਛਾਵਾਂ ਦਾ ਤਿਆਗ ਕਰ।’ ਅਸੀਂ ਉਹੀ ਤਾਂ ਕਰ ਰਹੇ ਹਾਂ। ਅਸੀਂ ਮਹਾਕਵੀ ਤੁਲਸੀ ਦਾਸ ਦੇ ਆਖੇ ਸਲੋਕ ਵੱਲ ਵੀ ਕੰਨ ਨਹੀਂ ਧਰਦੇ। ‘ਸਗਲ ਪਦਾਰਥ ਹੈ ਜੱਗ ਮਹਿੰ, ਕਰਮਹੀਨ ਨਰ ਪਾਵਤ ਨਾਹੀਂ।’ ਦੁਨੀਆ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਨਾਲ ਭਰੀ ਪਈ ਹੈ, ਸੁਆਦ ਤੋਂ ਸੁਆਦ ਚੀਜ਼ਾਂ, ਚਮਕਦੀਆਂ, ਪੋਸ਼ਾਕਾਂ, ਵੱਡੀਆਂ-ਵੱਡੀਆਂ ਸਜਾਵਟੀ ਇਮਾਰਤਾਂ…। ਸਾਨੂੰ ਕਿਸੇ ਚੀਜ਼ ਨਾਲ ਸਰੋਕਾਰ ਨਹੀਂ। ਅਸੀਂ ਉਸ ਸਾਧ ਦੀ ਗੱਲ ਹੀ ਸੁਣਦੇ, ਜਿਸ ਨੇ ਪੂਰੀ ਲੋਰ ਵਿੱਚ ਆ ਕੇ ਆਖਿਆ ਸੀ, ‘ਰੁੱਖੀ ਸੁੱਕੀ ਖਾ ਕੇ ਠੰਢਾ ਪਾਣੀ ਪੀ, ਤੈਨੂੰ ਕਿਸੇ ਨਾਲ ਕੀ, ਸੁਣੀਆਂ ਈ?’ ਟੀ ਵੀ ਉਤੇ ਦਿਨ-ਰਾਤ ਵੱਡੀਆਂ-ਵੱਡੀਆਂ ਕੰਪਨੀਆਂ ਆਪਣੀਆਂ ਚੀਜ਼ਾਂ ਦੇ ਇਸ਼ਤਿਹਾਰ ਦਿੰਦੀਆਂ ਨੇ। ਕਦੀ ਅਮਿਤਾਭ ਬੱਚਨ ਬੋਲਦਾ, ਕਦੀ ਸ਼ਾਹਰੁਖ ਖਾਨ ਤੇ ਕਦੀ ਕਰੀਨਾ ਕਪੂਰ। ਅਸੀਂ ਉਨ੍ਹਾਂ ਵੱਲ ਝਾਕਦੇ ਤੱਕ ਨ੍ਹੀਂ। ਜਦੋਂ ਐਡ ਆਉਣ ਲੱਗਦੀ ਆ, ਚੈਨਲ ਬਦਲ ਦਿੰਦੇ ਹਾਂ। ਉਨ੍ਹਾਂ ਦੇ ਪੂਰਾ ਜ਼ੋਰ ਲਾਉਣ ‘ਤੇ ਵੀ ਅਸੀਂ ਕੁੜਿੱਕੀ ਵਿੱਚ ਨਹੀਂ ਫਸੇ। ਬਹੁਤਾ ਕਰਨਗੇ, ਅਸੀਂ ਟੀ ਵੀ ਦੇਖਣਾ ਬੰਦ ਕਰ ਦਿਆਂਗੇ।
ਉਂਝ ਦੇਖਿਆ ਜਾਵੇ ਤਾਂ ਜਿਊਣ ਲਈ ਬੰਦੇ ਨੂੰ ਚਾਹੀਦਾ ਹੀ ਕੀ ਹੁੰਦਾ? ‘ਚਾਰ ਰੋਟੀਆਂ, ਏਕ ਲੰਗੋਟੀ, ਬਾਕੀ ਸਭ ਬਕਵਾਸ ਹੈ।’ ਲੋਕ ਐਵੇਂ ਕੱਪੜਿਆਂ ਦੀਆਂ ਅਲਮਾਰੀਆਂ ਤੂਸੀ ਰੱਖਦੇ ਆ। ਕੱਪੜੇ ਹੰਢਾਏ ਜਾਣ ਨੂੰ ਤਰਸਦੇ ਰਹਿੰਦੇ ਆ। ਜਦੋਂ ਇਹੋ ਜਿਹਾ ਬੰਦਾ ਕੱਪੜੇ ਪਾਉਣ ਲਈ ਅਲਮਾਰੀ ‘ਚੋਂ ਕੱਢਣ ਲੱਗਦੇ ਤਾਂ ਕੱਪੜੇ ਉਠ-ਉਠ ਉਸ ਵੱਲ ਉਲਰਦੇ ਆ, ‘ਮਾਲਕ, ਸਾਨੂੰ, ਸਾਨੂੰ ਹਾੜੇ-ਹਾੜੇ ਸਾਨੂੰ।’ ਅਸੀਂ ਕਦੀ ਆਪਣੇ ਕੱਪੜਿਆਂ ਨੂੰ ਇਉਂ ਤਰਸੇਵੇਂ ‘ਚ ਨ੍ਹੀਂ ਪਾਉਂਦੇ। ਰੱਜ ਕੇ ਖਾਂਦੇ, ਰੱਜ ਕੇ ਹੰਢਾਉਂਦੇ ਹਾਂ, ਕਿਉਂਕਿ ਉਹੀ ਦੋ ਜੋੜੀ ਕੱਪੜੇ ਹੁੰਦੇ ਆ ਤੇ ਉਹੀ ਚਾਰ ਰੋਟੀਆਂ।
ਹੋਰ ਤਾਂ ਹੋਰ, ਦੁਨੀਆ ਦੀ ਸਾਰੀ ਤਰੱਕੀ ਸਾਡੇ ਜਿਹੇ ਕੰਜੂਸਾਂ ਕਾਰਨ ਹੀ ਹੋਈ ਹੈ। ਜੇ ਇਨਸਾਨ ਸ਼ੁਰੂ ਤੋਂ ਹੀ ਚਾਰ ਪੈਸੇ ਨਾ ਜੋੜਦਾ ਹੁੰਦਾ ਤਾਂ ਏਡੀਆਂ-ਏਡੀਆਂ ਇਮਾਰਤਾਂ ਤੇ ਖਾਣ ਦੇ ਭੰਡਾਰ ਕਿਵੇਂ ਬਣਨੇ ਸੀ। ਜੇ ਸੱਚ ਪੁੱਛੋ ਤਾਂ ਦੁਨੀਆ ਦੀ ਇਸ ਸਾਰੀ ਧਨ, ਦੌਲਤ, ਭੰਡਾਰ ਦਾ ਕਾਰਨ ਸਾਡੀ ਕੰਜੂਸੀ ਹੈ। ਪੈਸਾ ਜੁੜਦਾ ਤਾਂ ਕੰਜੂਸੀ ਨਾਲ ਹੀ ਹੈ। ਤੁਸੀਂ ਜੇ ਪੜ੍ਹੇ ਲਿਖੇ ਹੋ ਤਾਂ ਇਹ ਮੁਹਾਵਰਾ ਜ਼ਰੂਰ ਪੜ੍ਹਿਆ ਹੋਣੈ ‘ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ, ਟੁਨੀ-ਟੁਨੀ ਨਾਲ ਤਿਜੌਰੀ ਭਰ ਜਾਂਦੀ ਆ।’ ਇਹ ਸਾਡੀ ਜੋੜੀ ਬੂੰਦ-ਬੂੰਦ ਹੀ ਹੈ, ਜੋ ਐਡੀ ਸੋਹਣੀ ਤੇ ਅਨੁਪਮ ਦੁਨੀਆ ਸਿਰਜੀ ਜਾ ਸਕੀ ਹੈ।
ਪੈਸਾ ਕਮਾਉਣਾ ਬਹੁਤ ਔਖਾ ਤੇ ਖਰਚ ਕਰਨਾ ਉਸ ਤੋਂ ਵੀ ਔਖਾ ਐ। ਕੰਜੂਸ ਨਾ ਹੁੰਦੇ ਤਾਂ ਬੈਂਕ ਨਾ ਹੁੰਦੇ। ਬੈਂਕਾਂ ਦਾ ਏਡਾ ਕਾਰੋਬਾਰ ਸਭ ਕੰਜੂਸਾਂ ਦੇ ਸਿਰ ‘ਤੇ ਹੀ ਚੱਲਦਾ ਹੈ। ਪੈਸਾ ਜੁੜੂ ਤਾਂ ਬੈਂਕ ‘ਚ ਜਮ੍ਹਾ ਹੋਊ, ਬੈਂਕ ‘ਚ ਜਮ੍ਹਾ ਹੋਊ ਤਾਂ ਬੈਂਕ ਦੀ ਗੱਡੀ ਚੱਲੂ। ਸਾਰੇ ਲੋਕ ਪੈਸਾ ਕਢਾਈ ਜਾਣ ਤੇ ਜਮ੍ਹਾ ਨਾ ਹੋਵੇ ਤਾਂ ਬੈਂਕ ਅੱਜ ਵੀ ਫੇਲ ਤੇ ਕੱਲ੍ਹ ਵੀ ਫੇਲ੍ਹ। ਅਸੀਂ ਆਖਿਆ ਹੈ ਕਿ ਪੈਸਾ ਖਰਚ ਕਰਨਾ ਬਹੁਤ ਔਖਾ ਹੁੰਦਾ ਹੈ। ਗਾੜ੍ਹੇ ਪਸੀਨੇ ਦੀ ਕਮਾਈ ਕੋਈ ਐਵੇਂ ਕਿਵੇਂ ਖਰਚ ਕਰ ਸਕਦੈ? ਸਾਨੂੰ ਉਸ ਕੰਮ-ਚੋਰ ਮੁੰਡੇ ਦੀ ਕਹਾਣੀ ਯਾਦ ਆਉਂਦੀ ਹੈ, ਜੋ ਮਾਂ ਦੇ ਚੋਰੀਓਂ ਦਿੱਤੇ ਪੈਸੇ ਨੂੰ ਪਿਓ ਦੇ ਕਹਿਣ ‘ਤੇ ਰੋਜ਼ ਖੂਹ ਵਿੱਚ ਸੁੱਟ ਦਿੰਦਾ ਹੈ, ਪਰ ਜਿੱਦਣ ਆਪ ਕਮਾਈ ਕਰ ਕੇ ਲਿਆਇਆ, ਤਾਂ ਹੱਸ ਕੇ ਪਿਓ ਨੂੰ ਕਹਿ ਦਿੰਦਾ ਹੈ, ‘ਗਾੜ੍ਹੇ ਪਸੀਨੇ ਦੀ ਕਮਾਈ ਐ, ਖੂਹ ਵਿੱਚ ਕਿਵੇਂ ਸੁੱਟ ਦਿਆਂ। ਤੈਨੂੰ ਨਾ ਖੂਹ ‘ਚ ਸੁੱਟ ਦਿਆਂ?’
ਹੁਣ ਤੁਹਾਨੂੰ ਇੱਕ ਸੱਚੀ ਗੱਲ ਦੱਸਦੇ ਹਾਂ। ਪੈਸਾ ਖਰਚਣ ਨੂੰ ਸਾਡਾ ਵੀ ਮਨ ਕਰਦਾ ਹੈ, ਪਰ ਜਦੋਂ ਖਰਚ ਕਰਨ ਲੱਗੀਏ, ਪਤਾ ਨ੍ਹੀਂ ਕੌਣ ਸਾਡਾ ਹੱਥ ਫੜ ਕੇ ਮਨ੍ਹਾ ਕਰ ਦਿੰਦਾ ਹੈ। ਬੱਸ ਫੇਰ ਉਕਦੇ ਉਕਦੇ ਹੀ ਉਕ ਜਾਂਦੇ ਹਾਂ। ਨਾਲੇ ਅਸੀਂ ਆਪ ਤਾਂ ਕੁਸ਼ ਕਰਦੇ ਹੀ ਨਹੀਂ। ਅਸੀਂ ਬੁੱਧ-ਗਾਂਧੀ ਦੇ ਦੱਸੇ ਮਾਰਗ ਉਤੇ ਚੱਲ ਰਹੇ ਹਾਂ ‘ਇੱਛਾਵਾਂ ਘਟਾਓ ਤੇ ਮਹਾਂਸੁੱਖ ਪਾਓ।’ ਅਸੀਂ ਕੰਜੂਸ ਨਹੀਂ, ਬੱਸ ਥੋੜ੍ਹੀਆਂ ਨਾ ਸਹੀ, ਬਹੁਤੀਆਂ ਸਹੀ, ਇੱਛਾਵਾਂ ਘੱਟ ਕੀਤੀਆਂ ਨੇ। ਇੱਛਾਵਾਂ ਘੱਟ ਕਰਨਾ ਕੋਈ ਪਾਪ ਥੋੜ੍ਹੇ ਹੈ? ਮੋਟਾਪਾ ਮਹਾਰੋਗ ਮੰਨਿਆ ਜਾਂਦਾ ਹੈ। ਅਨੇਕਾਂ ਬਿਮਾਰੀਆਂ ਦੀ ਜੜ੍ਹ। ਮੋਟਾਪੇ ਕਾਰਨ ਹੀ ਦਿਲ-ਰੋਗ, ਸ਼ੂਗਰ, ਬਦਹਜ਼ਮੀ, ਕਫ ਪਿੱਤ ਤੇ ਹੋਰ ਪਤਾ ਨ੍ਹੀਂ ਇਸ ਨਿਮਾਣੇ ਸਰੀਰ ਨੂੰ ਕੀ-ਕੀ ਚਿੰਬੜ ਜਾਂਦਾ ਹੈ। ਕੰਜੂਸੀ ਤੇ ਮੋਟਾਪੇ ਦਾ ਜਨਮ-ਜਨਮਾਂਤਰਾ ਦਾ ਵੈਰ ਹੈ। ਕੰਜੂਸ ਆਦਮੀ ਮੋਟਾ ਹੋ ਹੀ ਨਹੀਂ ਸਕਦਾ। ਕੰਜੂਸੀ ਸਾਡੇ ਲਈ ਵਰਦਾਨ ਹੈ। ਕੰਜੂਸ ਆਦਮੀ ਨੂੰ ਸੋਕੜਾ ਹੋ ਸਕਦੈ, ਪਰ ਮੋਟਾਪਾ ਕਦੀ ਨਹੀਂ ਹੁੰਦਾ। ਕੰਜੂਸੀ ਸਾਨੂੰ ਵੈਦਾਂ, ਹਕੀਮਾਂ, ਡਾਕਟਰਾਂ ਤੋਂ ਬਚਾਉਂਦੀ ਹੈ। ਟੀਕਿਆਂ, ਦਵਾਈਆਂ ਤੋਂ ਸਾਡੀ ਰੱਖਿਆ ਕਰਦੀ ਹੈ। ਸਾਡੇ ਢਿੱਡ ‘ਤੇ ਹੀ ਨਹੀਂ, ਸਾਡੀ ਜੇਬ ‘ਤੇ ਵੀ ਕੰਟਰੋਲ ਰੱਖਦੀ ਹੈ।
ਕੰਜੂਸ ਬੰਦੇ ਦਾ ਸੁਭਾਅ ਬਹੁਤ ਨਿਰਮਲ ਹੁੰਦਾ ਹੈ। ਗੁੱਸਾ ਉਸ ਨੂੰ ਚੜ੍ਹ ਹੀ ਨਹੀਂ ਸਕਦਾ। ਸਿਆਣੇ ਆਖਦੇ ਹਨ ਕਿ ਗੁੱਸਾ ਸਰੀਰ ਵਿੱਚ ਅਸੁਖਾਵੇਂ ਤੱਤਾਂ ਦੇ ਜਾਣ ਨਾਲ ਪੈਦਾ ਹੁੰਦਾ ਹੈ। ਕੰਜੂਸ ਆਦਮੀ ਜਨਮ ਤੋਂ ਹੀ ਡਰਪੋਕ ਹੁੰਦਾ ਹੈ। ਉਸ ਵਿੱਚ ਗੁੱਸੇ ਦੀ ਪੁੱਜਤ ਹੀ ਨਹੀਂ ਹੁੰਦੀ। ਸਭ ਲੜਾਈਆਂ ਰੱਜੇ ਹੋਏ ਲੋਕ ਕਰਿਆ ਕਰਦੇ ਹਨ। ‘ਗਰੀਬੀ ਗਦਾ ਹਮਾਰੀ’ ਗੁੱਸਾ ਤਣਾਅ ਪੈਦਾ ਕਰਦਾ ਹੈ। ਮਾਸਪੇਸ਼ੀਆਂ ਵਿੱਚ ਕਸਾਵ ਲਿਆਉਂਦਾ ਹੈ। ਇਸ ਗੱਲੋਂ ਅਸੀਂ ਸੁਖ ਦੀ ਨੀਂਦ ਸੌਂਦੇ ਹਾਂ। ਨਾ ਅਟਲਮ ਪਟਲਮ ਖਾਈਏ, ਨਾ ਗੁੱਸਾ ਚੜ੍ਹੇ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਕੰਜੂਸ ਬਣੋ ਤਾਂ ਪਾਓ ਲੰਮੀ, ਸ਼ਾਂਤ ਉਮਰ ਦਾ ਵਰਦਾਨ। ਕੰਜੂਸ ਆਦਮੀ ਦਾ ਵਰਤਮਾਨ ਭਾਵੇਂ ਭੈੜਾ ਹੋਵੇ, ਪਰ ਭਵਿੱਖ ਸੁਨਹਿਰਾ ਹੁੰਦਾ ਹੈ। ਬਚਪਨ ਤੇ ਜਵਾਨੀ ਭਾਵੇਂ ਜੰਗਲਾਤ ਹੋਵੇ, ਪਰ ਬੁਢਾਪਾ ਸੁਨਹਿਰੀ ਹੁੰਦਾ ਹੈ। ਜੈ ਕੰਜੂਸੀ, ਬੋਲੋ ਜੈ ਕੰਜੂਸੀ।