ਕੰਜ਼ਰਵੇਟਿਵਾਂ ਵੱਲੋਂ ਐਨ ਡੀ ਪੀ ਨੂੰ ਬਰੈਂਪਟਨ ਈਸਟ ਦਾ ਤੋਹਫਾ?

ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਨਮੋਸ਼ੀ ਨਾਲ ਕੱਢੇ ਗਏ ਸਾਬਕਾ ਲੀਡਰ ਪੈਟਰਿਕ ਬਰਾਊਨ ਨੇ ਇੱਕ ਕਿਤਾਬ ਲਿਖੀ ਹੈ ਜੋ ਉਸ ਵੱਲੋਂ 1 ਨਵੰਬਰ 2018 ਨੂੰ ਰੀਲੀਜ਼ ਕੀਤੀ ਜਾਵੇਗੀ। ਪੁਸਤਕ ਦਾ ਨਾਮ ਹੈ Take Down: The Political Assassination of Patrick Brown (ਲੱਗੀ ਢਾਅ: ਪੈਟਰਿਕ ਬਰਾਊਨ ਦਾ ਸਿਆਸੀ ਕਤਲ)। ਉਮੀਦ ਹੈ ਕਿ ਇਸ ਪੁਸਤਕ ਵਿੱਚ ਉਹ ਖੁਦ ਨਾਲ ਹੋਏ ਕਥਿਤ ਧੋਖੇ, ਬਲੈਕਮੇਲ ਅਤੇ ਪਰਦੇ ਪਿੱਛੇ ਹੋਈਆਂ ਸਿਆਸਤਾਂ ਦਾ ਆਪਣੇ ਪੱਖ ਤੋਂ ਪਰਦੇਫਾਸ਼ ਕਰੇਗਾ। ਜੇ ਉਹ ਥੋੜਾ ਹੋਰ ਇੰਤਜ਼ਾਰ ਕਰਦਾ ਤਾਂ ਸ਼ਾਇਦ ਉਸਦੀ ਕਿਤਾਬ ਵਿੱਚ ਚੈਪਟਰ ਸ਼ਾਮਲ ਕਰਨ ਲਈ ਕਈ ਹੋਰ ਕੰਜ਼ਰਵੇਟਿਵ ਆਪਣੇ ਲੇਖ ਲਿਖ ਕੇ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹੁੰਦੇ। ਬਰੈਂਪਟਨ ਈਸਟ ਤੋਂ ਪਾਰਟੀ ਦੇ ਸਾਬਕਾ ਉਮੀਦਵਾਰ ਸਿਮਰ ਸੰਧੂ ਅਤੇ ਪਾਰਟੀ ਦੇ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਵਾਲੇ ਅਨੇਕਾਂ ਕਾਰਜਕਰਤਾ ਅਜਿਹੇ ਲੇਖ ਲਿਖਣ ਵਾਲਿਆਂ ਵਿੱਚ ਸ਼ਾਮਲ ਹੋ ਸਕਦੇ ਸਨ।

ਕੀ ਸਿਮਰ ਸੰਧੂ ਦਾ 407 ਈ ਟੀ ਆਰ ਦੇ ਗਾਹਕਾਂ ਦਾ ਡਾਟਾ ਚੋਰੀ ਕਰਨ ਵਿੱਚ ਹੱਥ ਹੈ ਜਾਂ ਨਹੀਂ, ਇਸ ਗੱਲ ਦਾ ਪਤਾ ਸਮੇਂ ਨਾਲ ਲੱਗੇਗਾ ਪਰ ਸਿਮਰ ਸੰਧੂ ਵੱਲੋਂ ਬਰੈਂਪਟਨ ਈਸਟ ਰਾਈਡਿੰਘ ਦਾ ਪਿੜ ਖਾਲੀ ਕਰਨ ਤੋਂ ਬਾਅਦ ਜੋ ਕੁੱਝ ਵਾਪਰ ਰਿਹਾ ਹੈ, ਉਸ ਨਾਲ ਬਰੈਂਪਟਨ ਈਸਟ ਦੇ ਐਨ ਡੀ ਪੀ ਦੀ ਝੋਲੀ ਵਿੱਚ ਜਾ ਪੈਣ ਦੇ ਆਸਾਰ ਬਹੁਤ ਵੱਧ ਗਏ ਜਾਪਦੇ ਹਨ। ਡੱਗ ਫੋਰਡ ਦੀ ਟੀਮ ਨੇ ਸਿਮਰ ਸੰਧੂ ਦੀ ਥਾਂ ਸੁਦੀਪ ਵਰਮਾ ਨੂੰ ਉਮੀਦਵਾਰ ਐਲਾਨ ਕੀਤਾ ਹੈ ਜਿਸਦਾ ਇਸ ਰਾਈਡਿੰਗ ਨਾਲ ਕੋਈ ਸਿੱਧਾ ਰਿਸ਼ਤਾ ਨਹੀਂ ਰਿਹਾ ਹੈ। ਰਾਈਡਿੰਗ ਐਸੋਸੀਏਸ਼ਨ ਦੀ ਕਿਸੇ ਨੇ ਗੱਲ ਨਹੀਂ ਸੁਣੀ ਜਿਸ ਕਾਰਣ ਉਹ ਨਮੋਸ਼ੀ ਦੇ ਆਲਮ ਵਿੱਚ ਉੱਤਰੀ ਬੈਠੀ ਹੈ। ਸੁਦੀਪ ਵਰਗਾ ਬਰੈਂਪਟਨ ਸੈਂਟਰ ਤੋਂ ਨੌਮੀਨੇਸ਼ਨ ਦੀ ਚੋਣ ਲੜਿਆ ਸੀ। ਭਰੋਸੇਯੋਗ ਸੂਤਰਾਂ ਮੁਤਾਬਕ ਉਸਨੂੰ 300 ਤੋਂ ਵੀ ਘੱਟ ਵੋਟਾਂ ਮਿਲੀਆਂ ਸੀ। ਜ਼ਮੀਨੀ ਪੱਧਰ ਉੱਤੇ ਸੁਦੀਪ ਵਰਮਾ ਦੀ ਨੌਮੀਨੇਸ਼ਨ ਦਾ ਬਰੈਂਪਟਨ ਈਸਟ ਦੇ ਕੰਜ਼ਰਵੇਟਿਵ ਪਾਰਟੀ ਵਰਕਰਾਂ ਵੱਲੋਂ ਵਿਰੋਧ ਕੀਤੇ ਜਾਣ ਦੀਆਂ ਖਬਰਾਂ ਹਨ। ਕੀ ਡੱਗ ਫੋਰਡ ਵੱਲੋਂ ਸੁਦੀਪ ਵਰਮਾ ਨੂੰ ਨਾਮਜ਼ਦ ਕਰਨ ਦੇ ਫੈਸਲੇ ਨੂੰ ਸਿਆਸੀ ਅਪਰੱਪਕਤਾ ਕਿਹਾ ਜਾਵੇ ਜਾਂ ਐਨ ਡੀ ਪੀ ਲਈ ਤੋਹਫਾ।

ਇਸ ਰਾਈਡਿੰਗ ਦੀ ਨੌਮੀਨੇਸ਼ਨ ਚੋਣ ਵਿੱਚ ਨਵਲ ਬਜਾਜ ਦੂਜੇ ਨੰਬਰ ਉੱਤੇ ਆਇਆ ਸੀ। ਉਹ ਪਿਛਲੇ ਕਈ ਸਾਲਾਂ ਤੋਂ ਇਸ ਰਾਈਡਿੰਗ ਵਿੱਚ ਸਰਗਰਮ ਰਿਹਾ ਹੈ ਅਤੇ ਇੱਕ ਅੱਛਾ ਖਾਸਾ ਪ੍ਰਭਾਵ ਰੱਖਦਾ ਹੈ। ਉਸਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ? ਪਾਰਟੀ ਅੰਦਰ ਉਹ ਕਿਹੜੇ ਤੱਤ ਹਨ ਜਿਹੜੇ ਐਸੇ ਫੈਸਲੇ ਕਰਦੇ ਹਨ ਜਿਹਨਾਂ ਦਾ ਜ਼ਮੀਨੀ ਹਕੀਕਤਾਂ ਨਾਲ ਕੋਈ ਦੂਰ ਨੇੜੇ ਦਾ ਵੀ ਰਿਸ਼ਤਾ ਨਹੀਂ ਹੁੰਦਾ। ਜੇ ਮੰਨ ਲਿਆ ਜਾਵੇ ਕਿ ਪੈਦਾ ਹੋਈ ਲਹਿਰ ਕਾਰਣ ਕੰਜ਼ਰਵੇਟਿਵ ਇਸ ਰਾਈਡਿੰਗ ਨੂੰ ਜਿੱਤ ਵੀ ਜਾਂਦੇ ਹਨ, ਤਾਂ ਵੀ ਪਾਰਟੀ ਦੇ ਅੰਦਰੂਨੀ ਲੋਕਤੰਤਰ ਦਾ ਨੁਕਸਾਨ ਹੋ ਚੁੱਕਾ ਹੋਵੇਗਾ।

ਡੱਗ ਫੋਰਡ ਦੀ ਟੀਮ ਵੱਲੋਂ ਹੁਣ ਤੱਕ 9 ਉਮੀਦਵਾਰਾਂ ਨੂੰ ਖੂੰਜੇ ਲਾਇਆ ਜਾ ਚੁੱਕਾ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦੱਸਦੇ ਹਨ ਕਿ ਪਾਰਟੀ ਪ੍ਰੈਜ਼ੀਡੈਂਟ ਜੈਗ ਬਡਵਾਲ ਅਤੇ ਉਸਦੀ ਟੀਮ ਨੂੰ ਡੱਗ ਫੋਰਡ ਦੇ ਅਪਰੇਟਰਾਂ ਵੱਲੋਂ ਬਹੁਤਾ ਭਰੋਸੇ ਵਿੱਚ ਨਹੀਂ ਲਿਆ ਜਾਂਦਾ।

ਬਰੈਂਪਟਨ ਨੂੰ ਐਥਨਿਕ ਵੋਟਾਂ ਦੇ ਲਿਹਾਜ਼ ਨਾਲ ਕੈਨੇਡਾ ਦੀ ਸਿਆਸੀ ਲੈਬਾਰਟਰੀ ਮੰਨਿਆ ਜਾਂਦਾ ਹੈ। ਕੀ ਕੰਜ਼ਰਵੇਟਿਵ ਪਾਰਟੀ ਅਪਰੇਟਰ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕੇ ਕਿ ਇਸ ਸ਼ਹਿਰ ਇੱਕ ਰਾਈਡਿੰਗ ਨਾਲ ਕਚਿਆਈ ਭਰੀ ਛੇੜ ਛਾੜ ਕਰਨ ਦਾ ਅਰਥ ਹੈ ਕਿ ਬਰੈਂਪਟਨ ਦੀਆਂ ਸਾਰੀਆਂ ਰਾਈਡਿੰਗਾਂ ਵਿੱਚ ਅਸਥਿਰਤਾ ਪੈਦਾ ਕਰਨਾ।

ਕੰਜ਼ਰਵੇਟਿਵ ਹਾਈ ਕਮਾਂਡ ਵੱਲੋਂ ਬਰੈਂਪਟਨ ਈਸਟ ਵਿੱਚ ਕੀਤੀ ਕਾਹਲ ਦਾ ਅਰਥ ਐਨ ਡੀ ਪੀ ਦੇ ਉਮੀਦਵਾਰ ਗੁਰਰਤਨ ਸਿੰਘ ਦੀ ਸਫਲਤਾ ਨੂੰ ਮਜ਼ਬੂਤ ਕਰਨਾ ਹੈ। ਬੇਸ਼ੱਕ ਪਰਸੋਂ ਤੱਕ ਇਸ ਰਾਈਡਿੰਗ ਤੋਂ ਲੜਨ ਵਾਲੇ ਤਿੰਨੇ ਪਾਰਟੀਆਂ ਦੇ ਉਮੀਦਵਾਰ ਲਿਬਰਲ (ਡਾਕਟਰ ਪਰਮਿੰਦਰ ਸਿੰਘ), ਕੰਜ਼ਰਵੇਟਿਵ (ਸਿਮਰ ਸੰਧੂ) ਅਤੇ ਐਨ ਡੀ ਪੀ ਗੁਰਰਤਨ ਸਿੰਘ ਨਵੇਂ ਅਤੇ ਅਣਪਰਖੇ ਸਨ ਪਰ ਸਿਮਰ ਸੰਧੂ ਦੀ ਸਫਲਤਾ ਦੇ ਚਾਂਸ ਕਾਫੀ ਹੱਦ ਤੱਕ ਬਣੇ ਹੋਏ ਸੀ। ਜੋ ਵੋਟਰ ਲਿਬਰਲ ਸਰਕਾਰ ਦੇ ਲੰਬੇ ਰਾਜ ਕਾਲ ਤੋਂ ਅੱਕ ਚੁੱਕੇ ਸਨ, ਉਹਨਾਂ ਵੱਲੋਂ ਕੰਜ਼ਰਵੇਟਿਵ ਪਾਰਟੀ ਨੂੰ ਸਮਰੱਥਨ ਦਿੱਤੇ ਜਾਣ ਦੀ ਸੰਭਾਵਨਾ ਬਣੀ ਹੋਈ ਸੀ। ਕੰਜ਼ਰਵੇਟਿਵਾਂ ਵੱਲੋਂ ਖੁਦ ਪੈਰੀਂ ਕੁਹਾੜਾ ਮਾਰਨ ਤੋਂ ਬਾਅਦ ਲਿਬਰਲਾਂ ਤੋਂ ਅੱਕੀਆਂ ਸਾਰੀਆਂ ਵੋਟਾਂ ਦਾ ਐਨ ਡੀ ਪੀ ਦੇ ਹੱਕ ਵਿੱਚ ਭੁਗਤ ਜਾਣਾ ਕੋਈ ਅਲੋਕਾਰੀ ਗੱਲ ਨਹੀਂ ਹੋਵੇਗੀ।