ਕੰਗਾਰੂਆਂ ਨੂੰ 50 ਦੌੜਾਂ ਨਾਲ ਹਰਾ ਕੇ ਭਾਰਤ ਨੇ ਬਣਾਈ 2-0 ਦੀ ਬੜ੍ਹਤ

sandeep

india won

kohali

ਕੋਲਕਾਤਾ, 21 ਸਤੰਬਰ (ਪੋਸਟ ਬਿਊਰੋ)- ਕਪਤਾਨ ਵਿਰਾਟ ਕੋਹਲੀ (92) ਦੀ ਬਿਹਤਰੀਨ ਪਾਰੀ ਤੋਂ ਬਾਅਦ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਹੈਟ੍ਰਿਕ ਨਾਲ  ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਵੀਰਵਾਰ ਨੂੰ ਇੱਥੇ ਈਡਨ ਗਾਰਡਨ ਵਿਚ ਦੂਜੇ ਵਨ ਡੇ ਵਿਚ 50 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਹਾਸਲ ਕਰ ਲਈ।
ਭਾਰਤ ਨੇ ਵਿਰਾਟ ਦੀ ਕਪਤਾਨੀ ਪਾਰੀ ਨਾਲ 50 ਓਵਰਾਂ ਵਿਚ  252 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਆਸਟ੍ਰੇਲੀਆ ਨੂੰ 43.1 ਓਵਰਾਂ ਵਿਚ 202 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤ ਨੇ ਇਸ ਤਰ੍ਹਾਂ ਆਪਣੀ ਲਗਾਤਾਰ 11ਵੀਂ ਜਿੱਤ ਹਾਸਲ ਕਰ ਲਈ।  ਆਸਟ੍ਰੇਲੀਆਈ ਟੀਮ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਦੋਵੇਂ ਓਪਨਰਾਂ ਹਿਲਟਰਨ ਕਾਰਟਰਾਈਟ ਤੇ ਡੇਵਿਡ ਵਾਰਨਰ ਨੂੰ ਪਹਿਲੇ ਪੰਜ ਓਵਰਾਂ ਵਿਚ ਆਊਟ ਕਰਨ ਦੇ ਝਟਕਿਆਂ ਤੋਂ ਉਭਰ ਨਹੀਂ ਸਕੀ। ਰਹੀ ਸਹੀ ਕਸਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਦੋ  ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਹੈਟ੍ਰਿਕ ਨੇ ਪੂਰੀ ਕਰ ਦਿੱਤੀ।
ਆਲਰਾਊਂਡਰ ਹਾਰਦਿਕ ਪੰਡਯਾ ਨੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੂੰ ਆਊਟ ਕਰ ਕੇ ਭਾਰਤ ਦੇ ਰਸਤੇ ਦਾ ਸਭ ਤੋਂ ਵੱਡਾ ਕੰਡਾ ਦੂਰ ਕਰ ਦਿੱਤਾ। ਸਮਿਥ ਨੇ 76 ਗੇਂਦਾਂ ‘ਤੇ 59 ਦੌੜਾਂ ਵਿਚ 8 ਚੌਕੇ ਲਾਏ। ਟ੍ਰੈਵਿਸ ਹੈੱਡ ਨੇ 39 ਤੇ ਗਲੈਨ ਮੈਕਸਵੈੱਲ ਨੇ 14 ਦੌੜਾਂ ਬਣਾਈਆਂ। ਵਿਰਾਟ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਨੇ 107 ਗੇਂਦਾਂ ‘ਤੇ ਅੱਠ ਚੌਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ।