‘ਕ੍ਰੇਜ਼ੀ’ ਹੋਈ ਲਾਰਾ ਦੱਤਾ

lara dutta
ਕਾਫੀ ਸਮੇਂ ਤੋਂ ਸੁਨਹਿਰੀ ਪਰਦੇ ਤੋਂ ਦੂਰ ਰਹੀ ਲਾਰਾ ਦੱਤਾ ਇੱਕ ਵਾਰ ਫਿਰ ਦਰਸ਼ਕਾਂ ਸਾਹਮਣੇ ਆਉਣ ਵਾਲੀ ਹੈ। ਉਹ ਛੇਤੀ ਹੀ ਫਿਲਮ ‘ਕ੍ਰੇਜ਼ੀ ਹਮ’ ਵਿੱਚ ਦਿਖਾਈ ਦੇ ਸਕਦੀ ਹੈ। ਸੂਤਰਾਂ ਅਨੁਸਾਰ ਫਿਲਮ ਵਿੱਚ ਲਾਰਾ ਆਈਫਾ ਮੁਖੀ ਦੀ ਭੂਮਿਕਾ ਵਿੱਚ ਨਜ਼ਰ ਆ ਸਕਦੀ ਹੈ। ਫਿਲਮ ਦੀ ਕਹਾਣੀ ਆਈਫਾ ਅਤੇ ਹੋਰ ਫਿਲਮੀ ਐਵਾਰਡਾਂ ‘ਤੇ ਬਣ ਰਹੀ ਹੈ। ਫਿਲਮ ਵਿੱਚ ਪਰਦੇ ਦੇ ਪਿੱਛੇ ਦੀਆਂ ਗੱਲਾਂ ਨੂੰ ਦਿਖਾਇਆ ਜਾਵੇਗਾ।
ਫਿਲਮ ਵਿੱਚ ਆਦਿੱਤਯ ਰਾਏ ਕਪੂਰ, ਸੋਨਾਕਸ਼ੀ ਸਿਨਹਾ, ਦਿਲਜੀਤ ਦੁਸਾਂਝ ਅਤੇ ਬੋਮਨ ਈਰਾਨੀ ਵੀ ਹੋਣਗੇ। ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਵਿੱਚ ਕਰਣ ਜੌਹਰ ਦੇ ਕੰਮ ਕਰਨ ਦੀ ਗੱਲ ਚੱਲ ਰਹੀ ਹੈ। ਇਸ ਫਿਲਮ ਵਿੱਚ ਆਪਣਾ ਰੋਲ ਸੁਣਦਿਆਂ ਹੀ ਉਸ ਨੇ ਇਸ ਦੇ ਲਈ ਹਾਂ ਕਹਿ ਦਿੱਤੀ। ਇਸ ਬਾਰੇ ਲਾਰਾ ਦੱਸਦੀ ਹੈ, ‘‘ਅਸੀਂ ਇਸ ਦੀ ਕੁਝ ਸ਼ੂਟਿੰਗ ਨਿਊ ਯਾਰਕ ਵਿੱਚ ਕਰ ਲਈ ਹੈ। ਸ਼ੂਟਿੰਗ ਮੌਕੇ ਖੂਬ ਮਸਤੀ ਤੇ ਉਤਸ਼ਾਹ ਦਾ ਮਾਹੌਲ ਸੀ। ਇਸ ਫਿਲਮ ਦਾ ਹਿੱਸਾ ਬਣ ਕੇ ਮੈਂ ਬਹੁਤ ਖੁਸ਼ ਹਾਂ। ਇਸ ਫਿਲਮ ਨਾਲ ਅਸੀਂ ਪਹਿਲੀ ਵਾਰ ਸਟੇਜ ਰਿਐਲਿਟੀ ਫਿਲਮ ਦੇ ਜੋਨਰ ਵਿੱਚ ਹੱਥ ਅਜ਼ਮਾ ਰਹੇ ਹਾਂ।” ਸਾਲ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਫਿਲਮਾਂ ਵਿੱਚ ਕਦਮ ਰੱਖਣ ਵਾਲੀ ਲਾਰਾ ਪਿਛਲੀ ਵਾਰ ਸਾਲ 2015 ਵਿੱਚ ਆਈ ਅਕਸ਼ੈ ਦੀ ਫਿਲਮ ‘ਸਿੰਘ ਇਜ਼ ਬਲਿੰਗ’ ਵਿੱਚ ਨਜ਼ਰ ਆਈ ਸੀ।