ਕ੍ਰਿਕਟ ਖਿਡਾਰੀ ਮੈਦਾਨ ਉੱਤੇ ਸਮਾਰਟ ਘੜੀਆਂ ਨਹੀਂ ਪਾ ਸਕਦੇ


ਦੁਬਈ, 26 ਮਈ (ਪੋਸਟ ਬਿਊਰੋ)- ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਖੇਡ ਤੋਂ ਭਿ੍ਰਸ਼ਟਾਚਾਰ ਖਤਮ ਕਰਨ ਵੱਲ ਕਦਮ ਚੁੱਕਦੇ ਹੋਏ ਖਿਡਾਰੀਆਂ ਤੇ ਅਧਿਕਾਰੀਆਂ ‘ਤੇ ਖੇਡ ਦੇ ਸਮੇਂ ਮੈਦਾਨ ‘ਤੇ ਅਤੇ ਡ੍ਰੈਸਿੰਗ ਰੂਮ ਵਿੱਚ ਕਿਸੇ ਵੀ ਤਰ੍ਹਾਂ ਦੇ ਸੰਚਾਰ ਜੰਤਰ ਅਤੇ ਸਮਾਰਟ ਘੜੀਆਂ ਦੇ ਇਸਤੇਮਾਲ ‘ਤੇ ਰੋਕ ਲਾ ਦਿੱਤੀ ਹੈ।
ਆਈ ਸੀ ਸੀ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਹੈ ਕਿ ਖਿਡਾਰੀ ਅਤੇ ਮੈਚ ਅਧਿਕਾਰੀਆਂ ਦੇ ਖੇਤਰ (ਪੀ ਐਮ ਓ) ਦੇ ਦਿਸ਼ਾ ਨਿਰਦੇਸ਼ਾਂ ਹੇਠ ਮੈਦਾਨ ਵਿੱਚ ਅਤੇ ਪੀ ਐਮ ਓ ਲਈ ਬਣਾਏ ਗਏ ਖੇਤਰ ਵਿੱਚ ਸਮਾਰਟ ਘੜੀਆਂ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਆਈ ਸੀ ਸੀ ਨੇ ਕਿਹਾ ਹੈ ਕਿ ਪੀ ਐਮ ਓ ਵਿੱਚ ਸੰਚਾਰ ਜੰਤਰਾਂ ‘ਤੇ ਰੋਕ ਹੋਵੇਗੀ ਅਤੇ ਕਿਸੇ ਵੀ ਖਿਡਾਰੀ ਨੂੰ ਇਸ ਤਰ੍ਹਾਂ ਸੰਚਾਰ ਜੰਤਰਾਂ ਨੂੰ ਰੱਖਣ ਜਾਂ ਇਸਤੇਮਾਲ ਕਰਨ ਦੀ ਆਗਿਆ ਨਹੀਂ ਹੋਵੇਗੀ ਜੋ ਇੰਟਰਨੈਟ ਨਾਲ ਜੁੜੇ ਹੋਣ। ਆਈ ਸੀ ਸੀ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਨੂੰ ਵਿਸ਼ੇਸ਼ ਜੰਤਰ ਵਰਤਣ ਲਈ ਦਿੱਤੇ ਜਾਂਦੇ ਹਨ, ਜਿਸ ਨਾਲ ਉਹ ਸਾਥੀਆਂ ਨਾਲ ਗੱਲਬਾਤ ਕਰ ਸਕਦੇ ਹਨ।
ਮੈਚ ਫਿਕਸਿੰਗ ਦੇ ਕਿਸੇ ਤਰ੍ਹਾਂ ਦੇ ਦੋਸ਼ਾਂ ਤੋਂ ਬਚਾਉਣ ਲਈ ਪਾਕਿਸਤਾਨੀ ਖਿਡਾਰੀਆਂ ਨੂੰ ਲਾਰਡਸ ਵਿੱਚ ਪਹਿਲੇ ਟੈਸਟ ਮੈਚ ਦੌਰਾਨ ਸਮਾਰਟ ਘੜੀਆਂ ਪਾਉਣ ਤੋਂ ਰੋਕਣ ਦੇ ਇਕ ਦਿਨ ਪਿੱਛੋਂ ਇਹ ਕਦਮ ਚੁੱਕਿਆ ਗਿਆ ਹੈ। ਅਸਲ ਵਿੱਚ ਇੰਗਲੈਂਡ ਖਿਲਾਫ ਲਾਰਡਸ ਦੇ ਮੈਦਾਨ ‘ਤੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਪਹਿਲੇ ਦਿਨ ਪਾਕਿਸਤਾਨ ਦੇ ਕਈ ਖਿਡਾਰੀ ਡਿਜ਼ੀਟਨ ਘੜੀਆਂ ਪਾ ਕੇ ਉਤਰੇ ਸਨ। ਇਸ ਬਾਰੇ ਪਾਕਿਸਤਾਨ ਦੇ ਦੋ ਖਿਡਾਰੀ ਆਈ ਸੀ ਸੀ ਦੀ ‘ਐਂਟੀ ਕੁਰਪਸ਼ਨ ਯੂਨਿਟ’ ਦੇ ਨਿਸ਼ਾਨੇ ਉੱਤੇ ਆਏ ਸਨ। ਬੀਤੇ ਦਿਨੀਂ ਅਸਦ ਸ਼ਫੀਕ ਤੇ ਬਾਬਰ ਆਜਮ ਸਮਾਰਟ ਘੜੀਆਂ ਨਾਲ ਨਜ਼ਰ ਆਏ ਅਤੇ ਇਸ ਤੋਂ ਬਾਅਦ ਆਈ ਸੀ ਸੀ ਦੀ ਐਂਟੀ ਕੁਰਪਸ਼ਨ ਯੂਨਿਟ ਦੇ ਅਧਿਕਾਰੀ ਹਰਕਤ ਵਿੱਚ ਆ ਗਏ। ਮੈਚ ਦੌਰਾਨ ਕਿਸੇ ਵੀ ਤਰ੍ਹਾਂ ਦਾ ਭਿ੍ਰਸ਼ਟਾਚਾਰ ਰੋਕਣ ਲਈ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਨੂੰ ਆਪਣੇ ਮੋਬਾਈਲ ਅਤੇ ਇਲੈਕਟ੍ਰਾਨਿਕ ਟਰਾਂਸਮਿਸ਼ਨ ਵਾਲੇ ਜੰਤਰ ਜਮ੍ਹਾਂ ਕਰਵਾਉਣੇ ਹੁੰਦੇ ਹਨ ਅਤੇ ਇਸ ਤਰ੍ਹਾਂ ਦੀਆਂ ਸਾਰੀਆਂ ਸਮੱਗਰੀਆਂ ਦਿਨ ਦੇ ਖੇਡ ਤੋਂ ਬਾਅਦ ਵਾਪਸ ਕਰ ਦਿੱਤੇ ਜਾਂਦੇ ਹਨ।