ਕ੍ਰਾਈਸਟ ਨੂੰ ‘ਕਾਲਾ’ ਪੇਂਟ ਕਰਨ ਵਾਲਾ

-ਜੌਨ ਹੈਨਰਿਕ ਕਲਾਰਕ
ਕਾਲੇ ਬੱਚਿਆਂ ਲਈ ਰਾਖਵੇਂ ਮਸਕੋਜੀ ਕਾਊਂਟੀ ਸਕੂਲ ਦਾ ਉਹ ਸਭ ਤੋਂ ਲਾਇਕ ਵਿਦਿਆਰਥੀ ਸੀ। ਇਸ ਸਕੂਲ ਨਾਲ ਜਿਸ ਵਿਅਕਤੀ ਦਾ ਵੀ ਥੋੜ੍ਹਾ ਬਹੁਤਾ ਵਾਸਤਾ ਸੀ, ਉਹ ਇਸ ਗੱਲ ਤੋਂ ਵਾਕਫ ਸੀ। ਉਸ ਦੀ ਅਧਿਆਪਕਾ ਬੜੇ ਉਤਸ਼ਾਹ ਨਾਲ ਉਸ ਦਾ ਨਾਮ ਪੁਕਾਰਦੀ। ਉਹ ਉਸ ਨੂੰ ‘ਆਦਰਸ਼ ਵਿਦਿਆਰਥੀ’ ਮੰਨਦੀ ਸੀ। ਇਕ ਵੇਰਾਂ ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ, ‘ਜੇ ਉਹ ਗੋਰਾ ਹੁੰਦਾ ਤਾਂ ਹੋ ਸਕਦਾ ਹੈ ਕਿਸੇ ਦਿਨ ਉਹ ਅਮਰੀਕਾ ਦਾ ਰਾਸ਼ਟਰਪਤੀ ਹੁੰਦਾ।’
ਆਰੋਨ ਕਰਾਫੋਰਡ ਵਿੱਚ ਸਾਰੇ ਗੁਣ ਸਨ, ਸਿਰਫ ਉਹ ਗੋਰਾ ਨਹੀਂ ਸੀ। ਉਸ ਦੀ ਸਿਆਹ ਚਮੜੀ ਬੜੀ ਚਮਕੀਲੀ ਸੀ। ਇਹ ਚਮਕ ਉਸ ਦੇ ਅੰਦਰੂਨੀ ਗੁਣਾਂ ਦਾ ਝਲਕਾਰਾ ਸੀ। ਇਹ ਰਹੱਸ ਆਮ ਆਦਮੀ ਦੀ ਸਮਝ ਤੋਂ ਪਰ੍ਹਾਂ ਸੀ। ਉਂਜ ਉਸ ਦੇ ਸਾਰੇ ਅੰਗ ਬੜੇ ਬੇਤਰਤੀਬੇ ਤੇ ਬੇਢੰਗੇ ਜਿਹੇ ਸਨ। ਉਸ ਦਾ ਨੱਕ ਤੇ ਉਸ ਦੇ ਬੁੱਲ੍ਹ ਇੰਨੇ ਵੱਡੇ ਸਨ ਕਿ ਉਸ ਦੇ ਚਿਹਰੇ ‘ਤੇ ਭੋਰਾ ਵੀ ਨਹੀਂ ਸਨ ਫੱਬਦੇ। ਉਸ ਨੂੰ ਬਦਸੂਰਤ ਕਹਿਣਾ ਤਾਂ ਉਸ ਨਾਲ ਅਨਿਆਂ ਹੋਵੇਗਾ ਤੇ ਉਸ ਨੂੰ ਖੂਬਸੂਰਤ ਕਹਿਣਾ ਅਤਿਕਥਨੀ। ਸੱਚੀ ਗੱਲ ਇਹ ਹੈ ਕਿ ਮੈਂ ਉਸ ਬਾਬਤ ਆਪਣੀ ਕੋਈ ਪੱਕੀ ਰਾਇ ਬਣਾ ਹੀ ਨਹੀਂ ਸਕਿਆ। ਕਦੇ-ਕਦੇ ਮੈਨੂੰ ਉਹ ਪ੍ਰਾਚੀਨ ਇਤਿਹਾਸ ਦੀ ਪੁਸਤਕ ਦਾ ਹਿੱਸਾ ਜਾਪਦਾ, ਧਰਤੀ ਦੀ ਸੁੰਦਰਤਾ ਨੂੰ ਨਸ਼ਟ ਕਰਨ ਵਾਲੇ ਮਸ਼ੀਨੀ ਯੁੱਗ ਤੋਂ ਕਿਤੇ ਪਹਿਲਾਂ ਦੇ ਯੁੱਗ ਦੀ ਆਖਰੀ ਨਿਸ਼ਾਨੀ!
ਉਸ ਦੇ ਅਧਿਆਪਕ ਉਸ ਦੀ ਬਹੁੁਪੱਖੀ ਪ੍ਰਤਿਭਾ ਨੂੰ ਵੇਖ-ਵੇਖ ਹੈਰਾਨ ਹੁੰਦੇ। ਉਸ ਦੇ ਜਮਾਤੀਆਂ ਦੇ ਦਿਲਾਂ ਵਿੱਚ ਉਸ ਲਈ ਸ਼ਰਧਾ, ਈਰਖਾ ਤੇ ਭੈਅ ਦੀਆਂ ਰਲਵੀਆਂ ਮਿਲਵੀਆਂ ਭਾਵਨਾਵਾਂ ਸਨ। ਜਾਰਜ ਵਾਸ਼ਿੰਗਟਨ ਦੇ ਜਨਮ ਦਿਹਾੜੇ ‘ਤੇ ਉਹ ਬਲੈਕ ਬੋਰਡ ਉਤੇ ਅਮਰੀਕਾ ਦਾ ਰਾਸ਼ਟਰੀ ਝੰਡਾ ਵਾਹ ਦੇਂਦਾ। ਉਹ ਹਰ ਵਿਸ਼ੇਸ਼ ਦਿਨ ਮੌਕੇ ਬਲੈਕ ਬੋਰਡ ‘ਤੇ ਕੋਈ ਚਿੱਤਰ ਬਣਾ ਕੇ ਉਸ ਦਿਨ ਨੂੰ ਹੋਰ ਵਧੇਰੇ ਵਿਸ਼ੇਸ਼ ਬਣਾ ਦਿੰਦਾ ਸੀ। ਇਸ ਬੇਹੱਦ ਪ੍ਰਤਿਭਾਸ਼ਾਲੀ ਸਿਆਹਫਾਮ ਬੱਚੇ ਦੀਆਂ ਸਿਫਤਾਂ ਕੋਲੰਬਸ ਜਾਰਜੀਆ ਦੇ ਘਰ-ਘਰ ਹੁੰਦੀਆਂ ਸਨ। ਮਸਕੋਜੀ ਕਾਊਂਟੀ ਸਕੂਲ ਦਾ ਪ੍ਰਿੰਸੀਪਲ ਅਕਸਰ ਕਿਹਾ ਕਰਦਾ ਸੀ ਕਿ ਉਹ ਕਿਸੇ ਦਿਨ ਹੈਨਰੀ ਓ ਟੈਨਰ ਵਰਗਾ ਮਹਾਨ ਚਿੱਤਰਕਾਰ ਬਣੇਗਾ।
ਆਪਣੀ ਅਧਿਆਪਕਾ ਦੇ ਜਨਮ ਦਿਨ ‘ਤੇ ਆਰੋਨ ਕਰਾਫੋਰਡ ਨੇ ਅਜਿਹਾ ਚਿੱਤਰ ਬਣਾਇਆ, ਜਿਸ ਕਰਕੇ ਚਾਰੇ ਪਾਸੇ ਤਰਥੱਲੀ ਮੱਚ ਗਈ। ਇਸ ਘਟਨਾ ਕਰਕੇ ਮਸਕੋਜੀ ਕਾਊਂਟੀ ਸਕੂਲ ਨੇ ਇਕ ਨਵਾਂ ਮੋੜ ਕੱਟਿਆ। ਉਸ ਸਵੇਰ ਜਦੋਂ ਉਹ ਕਲਾਸ ਵਿੱਚ ਦਾਖਲ ਹੋਇਆ ਤਾਂ ਸਭ ਵਿਦਿਆਰਥੀਆਂ ਦੀਆਂ ਅੱਖਾਂ ਉਸ ‘ਤੇ ਟਿਕੀਆਂ ਹੋਈਆਂ ਸਨ। ਉਸ ਦੇ ਫਟੇ ਪੁਰਾਣੇ ਬਸਤੇ ਤੋਂ ਇਲਾਵਾ ਉਸ ਦੇ ਹੱਥ ਵਿੱਚ ਵੱਡਾ ਸਾਰਾ ਫਰੇਮ ਸੀ, ਜੋ ਪੁਰਾਣੇ ਅਖਬਾਰੀ ਕਾਗਜ਼ਾਂ ਵਿੱਚ ਲਪੇਟਿਆ ਹੋਇਆ ਸੀ। ਜਦੋਂ ਉਹ ਆਪਣੀ ਸੀਟ ‘ਤੇ ਬੈਠਾ ਤਾਂ ਅਧਿਆਪਕਾ ਉਸ ਨੂੰ ਵੇਖਦੀ ਰਹੀ। ਉਸ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਤੇ ਉਸ ਦੇ ਅੱਧ ਮੀਚੇ ਬੁੱਲ੍ਹਾਂ ‘ਤੇ ਹਲਕੀ ਜਿਹੀ ਮੁਸਕਾਨ।
ਆਰੋਨ ਨੇ ਆਪਣਾ ਬਸਤਾ ਮੇਜ਼ ‘ਤੇ ਟਿਕਾਇਆ ਤੇ ਫਿਰ ਉਹ ਮੁਸਕਰਾਉਂਦਾ ਹੋਇਆ ਅਧਿਆਪਕਾ ਦੇ ਮੇਜ਼ ਵੱਲ ਵਧਿਆ। ਉਸ ਦੀਆਂ ਅੱਖਾਂ ਖੁਸ਼ੀ ‘ਚ ਚਮਕ ਰਹੀਆਂ ਸਨ। ਵਿਦਿਆਰਥੀ ਆਪਣੀਆਂ ਸੀਟਾਂ ‘ਤੇ ਉਲਰੇ ਹੋਏ ਸਨ ਤੇ ਉਹ ਉਸ ਵੱਲ ਨੀਝ ਨਾਲ ਵੇਖ ਰਹੇ ਸਨ। ਇੰਤਜ਼ਾਰ ਦੀਆਂ ਘੜੀਆਂ ਬੇਚੈਨੀ ਪੈਦਾ ਕਰ ਰਹੀਆਂ ਸਨ।
ਅਧਿਆਪਕਾ ਨੇ ਸ਼ਾਇਦ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਕਿ ਆਰੋਨ ਉਸ ਲਈ ਕੋਈ ਤੋਹਫਾ ਲੈ ਕੇ ਆਇਆ ਹੈ। ਆਰੋਨ ਨੇ ਫਰੇਮ ਅਧਿਆਪਕਾ ਨੂੰ ਭੇਟ ਕੀਤਾ। ਅਧਿਆਪਕਾ ਨੇ ਜਦੋਂ ਖੋਲ੍ਹ ਕੇ ਦੇਖਿਆ ਤਾਂ ਉਸ ਦੀ ਅੱਖਾਂ ਬੜੇ ਅਜੀਬ ਜਿਹੇ ਢੰਗ ਨਾਲ ਫੜਕਣ ਲੱਗੀਆਂ। ਉਹ ਇੰਨੀ ਘਬਰਾਈ ਹੋਈ ਸੀ ਕਿ ਉਸ ਦੇ ਸਾਹਾਂ ਦੀ ਆਵਾਜ਼ ਸਾਫ ਸੁਣਾਈ ਦੇਂਦੀ ਸੀ। ਉਹ ਭੈਅਭੀਤ ਨਜ਼ਰ ਆ ਰਹੀ ਸੀ। ਆਰੋਨ ਉਥੇ ਖੜਾ ਰਿਹਾ। ਉਸ ਨੂੰ ਸਮਝ ਨਹੀਂ ਸੀ ਆ ਰਿਹਾ। ਅਧਿਆਪਕਾ ਨੇ ਸੌਗਾਤ ‘ਤੇ ਡਰਦਿਆਂ-ਡਰਦਿਆਂ ਇੰਜ ਹੱਥ ਫੇਰਿਆ ਜਿਵੇਂ ਜਿਉਂਦੀ ਜਾਗਦੀ ਕੋਈ ਓਪਰੀ ਤੇ ਭੈੜੀ ਸ਼ੈਅ ਹੋਵੇ। ਮੈਨੂੰ ਯਕੀਨ ਹੈ ਕਿ ਜ਼ਰੂਰ ਇਹ ਕੋਈ ਅਜਿਹੀ ਵਸਤੂ ਸੀ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਕਲਾਸ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ। ਟੀਚਰ ਨੇ ਵਿਦਿਆਰਥੀਆਂ ਵੱਲ ਹਿਕਾਰਤ ਦੀ ਨਜ਼ਰ ਨਾਲ ਤੱਕਿਆ। ਵਿਦਿਆਰਥੀਆਂ ਦੀਆਂ ਅੱਖਾਂ ਆਰੋਨ ਦੀ ਸੌਗਾਤ ‘ਤੇ ਟਿਕੀਆਂ ਸਨ। ਇਹ ਸੀ ਕਾਲੇ ਰੰਗ ਵਿੱਚ ਚਿਤਰਤ ਕ੍ਰਾਈਸਟ ਦੀ ਤਸਵੀਰ!
ਆਰੋਨ ਕਰਾਫੋਰਡ ਵਾਪਸ ਆ ਕੇ ਆਪਣੀ ਸੀਟ ‘ਤੇ ਬਹਿ ਗਿਆ। ਉਸ ਦੇ ਵਜੂਦ ਦੇ ਕਣ-ਕਣ ਵਿੱਚੋਂ ਜਿੱਤ ਦਾ ਝਲਕਾਰਾ ਪੈਂਦਾ ਸੀ। ਅਧਿਆਪਕਾ ਨੇ ਸਾਡੇ ਵੱਲ ਵੇਖਿਆ। ਉਸ ਦੇ ਬੁੱਲ੍ਹਾਂ ਦੀ ਮੁਸਕਰਾਹਟ ਹੈਰਾਨੀ ਅਤੇ ਪ੍ਰੇਸ਼ਾਨੀ ਵਿੱਚ ਤਬਦੀਲ ਹੋ ਚੁੱਕੀ ਸੀ। ਉਸ ਨੇ ਸਾਹਮਣੇ ਬੈਠੇ ਬੱਚਿਆਂ ਵੱਲ ਵੇਖ ਕੇ ਮੁਸਕਰਾਉਣ ਦਾ ਨਾਟਕ ਜਿਹਾ ਕੀਤਾ। ਉਹ ਅੱਖ ਬਚਾ ਕੇ ਮੇਜ਼ ‘ਤੇ ਪਈ ਤਸਵੀਰ ਵੇਖਦੀ ਰਹੀ। ਜਾਪਦਾ ਸੀ ਜਿਵੇਂ ਇਸ ਤਸਵੀਰ ਨੂੰ ਵੇਖਣ ਦੀ ਮਨਾਹੀ ਹੋਵੇ। ਆਖਰ ਉਸ ਨੇ ਕੁਝ ਦੱਬਵੀਂ ਆਵਾਜ਼ ‘ਚ ਕਿਹਾ, ‘ਆਰੋਨ! ਇਹ ਬਾਕਮਾਲ ਸੌਗਾਤ ਹੈ। ਧੰਨਵਾਦ।’ ਉਹ ਕੁਝ ਦੇਰ ਰੁਕੀ ਤੇ ਫਿਰ ਬੋਲੀ (ਇਸ ਵਾਰ ਉਹ ਪਹਿਲਾਂ ਨਾਲੋਂ ਵੱਧ ਸਾਵੀਂ ਸੀ), ‘ਮੈਨੂੰ ਜਾਪਦਾ ਹੈ ਕਿ ਤੂੰ ਮਹਾਨ ਕਲਾਕਾਰ ਬਣੇਂਗਾ..।ਤੂੰ ਇਥੇ ਆ ਕੇ ਸਾਰੀ ਕਲਾਸ ਨੂੰ ਇਹ ਦੱਸ ਕਿ ਤੈਨੂੰ ਏਨੀ ਸ਼ਾਨਦਾਰ ਤਸਵੀਰ ਬਣਾਉਣ ਦਾ ਖਿਆਲ ਕਿਵੇਂ ਆਇਆ?’
ਜਦੋਂ ਉਹ ਖੜਾ ਹੋਇਆ ਤਾਂ ਕਲਾਸ ‘ਚ ਚੁੱਪ ਛਾ ਗਈ। ਉਸ ਦੇ ਜਮਾਤੀ ਉਸ ਨੂੰ ਸੁਣਨ ਲਈ ਬੜੇ ਕਾਹਲੇ ਸਨ। ਉਨ੍ਹਾਂ ‘ਚੋਂ ਕੋਈ ਵੀ ਅਜੇ ਤੱਕ ਆਪਣੇ ਕਿਸੇ ਅਧਿਆਪਕ ਲਈ ਕੋਈ ਸੌਗਾਤ ਲੈ ਕੇ ਨਹੀਂ ਸੀ ਆਇਆ। ਆਰੋਨ ਕੁਝ ਦੇਰ ਚੁੱਪ ਚਾਪ ਖਲੋਤਾ ਬੇਧਿਆਨਾ ਜਿਹਾ ਆਪਣੇ ਹੱਥ ਮਲਦਾ ਤੇ ਸਾਡੇ ਵੱਲ ਇੰਜ ਵੇਖਦਾ ਰਿਹਾ ਜਿਵੇਂ ਕੋਈ ਗਾਇਕ ਆਪਣਾ ਗੀਤ ਸੁਣਾਉਣ ਤੋਂ ਪਹਿਲਾਂ ਸਰੋਤਿਆਂ ਦੇ ਮਨਾਂ ਨੂੰ ਟੋਂਹਦਾ ਹੈ। ਫਿਰ ਆਪਣੇ ਹਰ ਲਫਜ਼ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਬੋਲਦਿਆਂ ਆਰੋਨ ਨੇ ਕਿਹਾ, ‘ਇਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ, ਮੇਰੇ ਚਾਚਾ ਜੀ ਨਿਊਯੌਰਕ ਵਿੱਚ ਵਾਈ ਐਮ ਸੀ ਏ ਦੇ ਨੌਜਵਾਨ ਵਿਦਿਆਰਥੀਆਂ ਨੂੰ ਨੀਗਰੋ ਇਤਿਹਾਸ ਪੜ੍ਹਾਉਂਦੇ ਹਨ। ਪਿਛਲੇ ਸਾਲ ਜਦੋਂ ਉਹ ਸਾਨੂੰ ਮਿਲਣ ਆਏ ਤਾਂ ਉਨ੍ਹਾਂ ਨੇ ਮੈਨੂੰ ਅਜਿਹੇ ਕਈ ਮਹਾਨ ਗੈਰ ਗੋਰੇ ਲੋਕਾਂ ਬਾਰੇ ਦੱਸਿਆ ਜਿਨ੍ਹਾਂ ਨੇ ਸ਼ਾਨਦਾਰ ਇਤਿਹਾਸ ਰਚਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਸਮਾਂ ਸੀ ਜਦੋਂ ਸਿਆਹਫਾਮ ਲੋਕ ਇਸ ਧਰਤੀ ਦੀ ਸਭ ਤੋਂ ਸ਼ਕਤੀਸ਼ਾਲੀ ਕੌਮ ਸਨ। ਜਦੋਂ ਮੈਂ ਉਨ੍ਹਾਂ ਨੂੰ ਕ੍ਰਾਈਸਟ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਇਹ ਸਾਬਤ ਨਹੀਂ ਹੋ ਸਕਿਆ ਕਿ ਕ੍ਰਾਈਸਟ ਗੋਰਾ ਸੀ ਜਾਂ ਕਾਲਾ। ਪਤਾ ਨਹੀਂ ਕਿਵੇਂ ਮੇਰੇ ਮਨ ਵਿੱਚ ਖਿਆਲ ਆ ਗਿਆ ਕਿ ਕ੍ਰਾਈਸਟ ਕਾਲਾ ਸੀ ਕਿਉਂਕਿ ਉਹ ਏਨਾ ਰਹਿਮ ਦਿਲ ਤੇ ਬਖਸ਼ਣਹਾਰ ਹੈ ਕਿ ਉਹ ਉਨ੍ਹਾਂ ਸਾਰੇ ਗੋਰਿਆਂ ਤੋਂ ਵੱਧ ਰਹਿਮ ਦਿਲ ਹੈ, ਜਿਨ੍ਹਾਂ ਨੂੰ ਮੈਂ ਹੁਣ ਤੱਕ ਵੇਖਿਆ ਹੈ। ਇਸ ਲਈ ਜਦੋਂ ਮੈਂ ਇਹ ਚਿੱਤਰ ਬਣਾਇਆ ਤਾਂ ਮੈਂ ਕ੍ਰਾਈਸਟ ਨੂੰ ਆਪਣੀ ਕਲਪਨਾ ਅਨੁਸਾਰ ਕਾਲੇ ਰੰਗ ਵਿੱਚ ਚਿਤਰਤ ਕਰਨ ਲਈ ਮਜ਼ਬੂਰ ਹੋ ਚੁੱਕਾ ਸੀ।’
ਇਸ ਤੋਂ ਬਾਅਦ ਅਧਿਆਪਕਾ ਨੇ ਸਭ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਕ-ਇਕ ਕਕੇ ਉਸ ਦੇ ਲਾਗੇ ਆ ਕੇ ਆਰੋਨ ਦੀ ਬੇਜੋੜ ਤੇ ਵਿਲੱਖਣ ਕਲਾਕ੍ਰਿਤ ਵੇਖਣ। ਜਦੋਂ ਮੈਂ ਇਹ ਚਿੱਤਰ ਨੇੜਿਓਂ ਵੇਖਿਆ ਤਾਂ ਮੈਂ ਅੰਦਾਜ਼ਾ ਲਾਇਆ ਕਿ ਇਸ ਚਿੱਤਰ ‘ਚ ਵਰਤੇ ਉਹ ਸਸਤੇ ਜਿਹੇ ਰੰਗ ਹਨ ਜੋ 5-10 ਸੈਟ ਵਾਲੀਆਂ ਦੁਕਾਨਾਂ ਤੋਂ ਮਿਲਦੇ ਹਨ। ਤਸਵੀਰ ਦੇ ਰੰਗ ਮੱਧਮ ਪੈ ਗਏ ਸਨ। ਜਾਪਦਾ ਸੀ ਕਿ ਤਸਵੀਰ ਦੇ ਰੰਗ ਮੁੱਕਣ ਤੋਂ ਪਹਿਲਾਂ ਹੀ ਫਰੇਮ ਚਾੜ੍ਹ ਦਿੱਤਾ ਗਿਆ ਸੀ। ਕ੍ਰਾਈਸਟ ਦੀਆਂ ਅੱਖਾਂ ਗਹਿਰੀਆਂ ਅਤੇ ਉਦਾਸ ਸਨ ਆਰੋਨ ਦੇ ਪਿਤਾ ਵਰਗੀਆਂ ਜੋ ਸਥਾਨਕ ਨੀਗਰੋ ਚਰਚ ਦਾ ਛੋਟਾ ਪਾਦਰੀ ਸੀ। ਕ੍ਰਾਈਸਟ ਦੀ ਤਸਵੀਰ ਉਸ ਤਸਵੀਰ ਤੋਂ ਵੱਖਰੀ ਸੀ ਜੋ ਮੈਂ ‘ਸੰਡੇ ਸਕੂਲ’ ਵਿੱਚ ਵੇਖਿਆ ਕਰਦਾ ਸੀ। ਇਹ ਤਸਵੀਰ ਤਾਂ ਇਕ ਨਿਤਾਣੇ, ਬੇਚਾਰੇ, ਬੇਸਹਾਰਾ ਅਤੇ ਬੇਬਸ ਨੀਗਰੋ ਦੀ ਜਾਪਦੀ ਸੀ, ਜੋ ਰਹਿਮ ਦੀ ਅਰਜ਼ੋਈ ਕਰ ਰਿਹਾ ਹੋਵੇ! ਉਸ ਦਿਨ ਤੋਂ ਬਾਅਦ ਆਰੋਨ ਦੇ ਬਣਾਏ ਚਿੱਤਰ ‘ਤੇ ਹੀ ਚਰਚਾ ਹੁੰਦੀ ਰਹੀ।
ਅਗਲੇ ਹਫਤੇ ਸਕੂਲ ‘ਚ ਛੁੱਟੀਆਂ ਹੋ ਗਈਆਂ। ਆਰੋਨ ਦੀ ਤਸਵੀਰ ਤੇ ਹੋਰ ਵਿਦਿਆਰਥੀਆਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਅਸੈਂਬਲੀ ਹਾਲ ਵਿੱਚ ਲਾਈ ਗਈ। ਆਰੋਨ ਦੀ ਕਲਾਕ੍ਰਿਤ ਨੂੰ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਮਿਲੀ।
ਸਕੂਲ ਦਾ ਨਵਾਂ ਸੈਸ਼ਨ ਸ਼ੁਰੂ ਹੋਇਆ ਤਾਂ ਪਹਿਲੇ ਦਿਨ ਕਲਾਸਾਂ ਵਿੱਚ ਕੋਈ ਪੜ੍ਹਾਈ ਨਾ ਹੋਈ। ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ। ਕੁੜੀਆਂ ਰੰਗ ਬਿਰੰਗੀਆਂ ਪੌਸ਼ਾਕਾਂ ਵਿੱਚ ਟਹਿਲ ਰਹੀਆਂ ਸਨ। ਉਨ੍ਹਾਂ ਨੇ ਬਹਾਰ ਦੇ ਮੌਸਮ ਨੂੰ ਹੋਰ ਵਧੇਰੇ ਰੰਗੀਲਾ ਬਣਾ ਦਿੱਤਾ ਸੀ। ਦੁਪਹਿਰ ਵੇਲੇ ਸਕੂਲ ਦੀ ਵੱਡੀ ਸਭਾ ਹੋਈ। ਇਸ ਮੌਕੇ ਇਕ ਅਜਿਹੀ ਸ਼ਖਸੀਅਤ ਆਉਂਦੀ, ਜਿਸ ਬਾਰੇ ਸਾਡੇ ਅਧਿਆਪਕ ਪ੍ਰਸ਼ੰਸਾ ਭਰੇ ਸ਼ਬਦ ਬੋਲਦੇ ਤੇ ਉਸ ਤੋਂ ਖੌਫ ਵੀ ਖਾਂਦੇ। ਉਸ ਦਾ ਨਾਂ ਸੀ ਪ੍ਰੋਫੈਸਰ ਡੇਨੂਆਲ। ਉਹ ਸ਼ਹਿਰ ਦੇ ਸਾਰੇ ਸਕੂਲਾਂ ਦਾ ਨਿਰੀਖਕ ਸੀ। ਉਸ ਦੇ ਅਧਿਕਾਰ ਖੇਤਰ ਵਿੱਚ ਸਿਆਹਫਾਮ ਬੱਚਿਆਂ ਦੇ ਮਾਮੂਲੀ ਜਿਹੇ ਸਕੂਲ ਵੀ ਆਉਂਦੇ ਸਨ। ਉਹ ਮਹਾਨ ਸ਼ਖਸੀਅਤ ਜਦੋਂ ਸਾਡੇ ਵਿਚਕਾਰ ਪਧਾਰੀ ਤਾਂ ਅਸੀਂ ਖੜੇ ਹੋ ਕੇ ਉਨ੍ਹਾਂ ਦਾ ਸੁਆਗਤ ਕੀਤਾ। ਅਸੀਂ ਉਨ੍ਹਾਂ ਵੱਲ ਇੰਜ ਤੱਕ ਰਹੇ ਸੀ ਜਿਵੇਂ ਉਹ ਕੋਈ ਅਲੋਕਾਰੀ ਜੀਅ ਹੋਵੇ। ਉਹ ਲੰਬਾ ਤੇ ਗੋਰਾ ਸੀ। ਉਸ ਦੇ ਵਾਲ ਭੂਰੇ ਸਨ। ਉਸ ਦਾ ਮਾੜਚੂ ਚਿਹਰਾ ਕੁਝ ਜ਼ਿਆਦਾ ਪੀਲਾ ਜਾਪਦਾ ਸੀ। ਉਸ ਦੀਆਂ ਸਿਰਫ ਨੀਲੀਆਂ ਅੱਖਾਂ ਹੀ ਜਿਊਂਦੀਆਂ ਲੱਗਦੀਆਂ ਸਨ। ਜਦੋਂ ਉਹ ਵਰਾਂਡੇ ਥਾਣੀ ਦੀ ਗੁਜ਼ਰੇ ਤਾਂ ਨੀਗਰੋ ਪ੍ਰਿੰਸੀਪਲ ਜਾਰਜ ਡਯੂ ਵਾਲ ਉਨ੍ਹਾਂ ਤੋਂ ਅੱਗੇ ਤੁਰ ਰਹੇ ਸਨ, ਉਹ ਇਸ ਲਈ ਤਾਂ ਜੋ ਨਿਰੀਖਕ ਸਾਹਿਬ ਨੂੰ ਰਸਤੇ ‘ਚ ਕੋਈ ਰੁਕਾਵਟ ਨਾ ਮਿਲੇ। ਮੈਂ ਮਹਿਸੂਸ ਕੀਤਾ ਕਿ ਸਾਰੇ ਅਧਿਆਪਕ ਬਹੁਤ ਡਰੇ ਤੇ ਸਹਿਮੇ ਹੋਏ ਸਨ ਅਤੇ ਉਨ੍ਹਾਂ ਦੇ ਚਿਹਰਿਆਂ ‘ਤੇ ਤਣਾਅ ਸੀ। ਸਟੇਜ ਦੇ ਵਿਚਕਾਰ ਇਕ ਵੱਡੀ ਗੱਦੇਦਾਰ ਕੁਰਸੀ ਰੱਖੀ ਹੋਈ ਸੀ। ਨਿਰੀਖਕ ਸਿੱਧਾ ਇਸ ਕੁਰਸੀ ‘ਤੇ ਜਾ ਬੈਠਾ ਜਿਵੇਂ ਉਹ ਇਹ ਜਾਣਦਾ ਹੋਵੇ ਕਿ ਉਸ ਤਖਤਨੁਮਾ ਕੁਰਸੀ ‘ਤੇ ਬੈਠਣ ਦਾ ਜਨਮਸਿੱਧ ਅਧਿਕਾਰ ਸਿਰਫ ਉਸ ਕੋਲ ਹੀ ਹੈ।
ਨੀਗਰੋ ਪ੍ਰਿੰਸੀਪਲ ਨੇ ਵਿਸ਼ੇਸ਼ ਮਹਿਮਾਨ ਦੀ ਸਾਡੇ ਨਾਲ ਜਾਣ ਪਛਾਣ ਕਰਵਾਈ। ਵਿਸ਼ੇਸ ਮਹਿਮਾਨ ਨੇ ਆਪਣੀ ਛੋਟੀ ਜਿਹੀ ਤਕਰੀਰ ਕੀਤੀ। ਇਸ ਵਿੱਚ ਕੋਈ ਅਹਿਮ ਗੱਲ ਨਹੀਂ ਸੀ। ਮੈਨੂੰ ਯਾਦ ਆਉਂਦਾ ਹੈ ਕਿ ਉਸ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਕਿਹਾ ਸੀ ਕਿ ਉਸ ਨੂੰ ਕੋਈ ਅਸਚਰਜ ਨਹੀਂ ਹੋਵੇਗਾ ਕਿ ਸਾਡੇ ‘ਚੋਂ ਕੋਈ ਵਿਦਿਆਰਥੀ ਬੁੱਕਰ ਟੀ ਵਾਸ਼ਿੰਗਟਨ ਵਰਗਾ ‘ਸਿਆਹਫਾਮ ਆਗੂ’ ਬਣੇ। ਉਸ ਦੇ ਭਾਸ਼ਣ ਪਿੱਛੋਂ ਸਕੂਲ ਦੇ ਬੱਚਿਆਂ ਨੇ ਸਮੂਹ ਗਾਇਨ ਪੇਸ਼ ਕੀਤਾ ਤੇ ਵਿਦਿਆਰਥਣਾਂ ਨੇ ਲੋਕ ਨ੍ਰਿਤ ਵਿਖਾਇਆ। ਇਸ ਨਾਲ ਸਮਾਗਮ ਦੀ ਸਮਾਪਤੀ ਹੋਈ।
ਸਟੇਜ ਤੋਂ ਉਤਰ ਕੇ ਨਿਰੀਖਕ ਬੜੀ ਦਿਲਚਸਪੀ ਨਾਲ ਪ੍ਰਦਰਸ਼ਨੀ ਵਿੱਚ ਰੱਖੀਆਂ ਕਲਾਕ੍ਰਿਤਾਂ ਵੇਖਣ ਲੱਗਾ। ਉਹ ਬੜੀ ਹੈਰਾਨੀ ਨਾਲ ਆਰੋਨ ਕਰਾਫੋਰਡ ਦੇ ਬਣਾਏ ਚਿੱਤਰ ਨੂੰ ਵੇਖ ਰਿਹਾ ਸੀ। ਵੇਖ ਕੇ ਉਹ ਦਹਿਲ ਗਿਆ। ਉਸ ਨੂੰ ਇੰਜ ਲੱਗਾ ਜਿਵੇਂ ਇਹ ਤਸਵੀਰ ਹਿੰਸਕ ਪਸ਼ੂ ਹੈ ਜੋ ਕਿਸੇ ਸਮੇਂ ਜਾਗ ਸਕਦਾ ਤੇ ਸਭ ਪਾਸੇ ਤਬਾਹੀ ਫੈਲਾ ਸਕਦਾ ਹੈ। ਉਸ ਨੇ ਪ੍ਰਿੰਸੀਪਲ ਨੂੰ ਘੂਰ ਕੇ ਵੇਖਿਆ ਤੇ ਗੁੱਸੇ ਵਿੱਚ ਬੋਲਿਆ, ‘ਕਿਸ ਨੇ ਇਹ ਗਲੀਜ਼ ਤੇ ਕੁਫਰਾਨਾ ਪੇਂਟਿੰਗ ਬਣਾਈ ਹੈ?’
‘ਸਰ! ਇਹ ਮੈਂ ਬਣਾਈ ਹੈ।’ ਇਹ ਸ਼ਬਦ ਆਰੋਨ ਦੇ ਸਨ, ਜੋ ਉਸ ਨੇ ਝਿਜਕਦਿਆਂ-ਝਿਜਕਦਿਆਂ ਬੋਲੇ ਸਨ। ਸਹਿਮੇ ਹੋਏ ਆਰੋਨ ਨੇ ਆਪਣੇ ਬੁੱਲ੍ਹ ਗਿੱਲੇ ਕੀਤੇ ਤੇ ਸਿਰ ਉਤਾਂਹ ਕਰਕੇ ਨਿਰੀਖਕ ਵੇਖਿਆ। ਉਸ ਦੀਆਂ ਅੱਖਾਂ ਵਿੱਚ ਮਾਸੂਮ ਤਰਲਾ ਸੀ, ਉਸ ਦੀ ਪੇਂਟਿੰਗ ਨੂੰ ਸਹੀ ਪਰਿਪੇਖ ਵਿੱਚ ਸਮਝਣ ਦਾ। ਆਪਣੇ ਆਪ ਨੂੰ ਸੰਭਾਲਦਿਆਂ ਉਸ ਨੇ ਫਿਰ ਕਿਹਾ, ‘ਪ੍ਰਿੰਸੀਪਲ ਸਾਹਿਬ ਕਹਿੰਦੇ ਸਨ ਕਿ ਕਿਸੇ ਕਾਲੇ ਨੂੰ ਕ੍ਰਾਈਸਟ ਨੂੰ ਕਾਲਾ ਚਿਤਰਤ ਕਰਨ ਦਾ ਓਨਾ ਹੀ ਅਧਿਕਾਰ ਹੈ ਜਿੰਨਾ ਕਿਸੇ ਗੋਰੇ ਨੂੰ ਕ੍ਰਾਈਸਟ ਨੂੰ ਗੋਰਾ ਚਿਤਰਤ ਕਰਨ ਦਾ ਹੱਕ ਹੈ। ਉਹ ਇਹ ਵੀ ਕਹਿੰਦੇ ਸਨ..।’
ਆਰੋਨ ਆਪਣੀ ਗੱਲ ਪੂਰੀ ਕਰਨ ਤੋਂ ਪਹਿਲਾਂ ਚੁੱਪ ਹੋ ਗਿਆ। ਜਾਪਦਾ ਸੀ ਜਿਵੇਂ ਉਹ ਅਗਲੇ ਸ਼ਬਦਾਂ ਦੀ ਤਲਾਸ਼ ਕਰ ਰਿਹਾ ਹੋਵੇ। ਅਜੀਬ ਜਿਹੀ ਉਲਝਣ ਕਾਰਨ ਉਸ ਦੇ ਚਿਹਰੇ ਦੀ ਚਮਕ ਫਿੱਕੀ ਪੈ ਗਈ। ਉਸ ਨੇ ਥਿੜਕਵੀਂ ਆਵਾਜ਼ ਵਿੱਚ ਕੁਝ ਕਿਹਾ ਤੇ ਫਿਰ ਚੁੱਪ ਹੋ ਗਿਆ।
ਨਿਰੀਖਕ ਉਸ ਦੇ ਨੇੜੇ ਆ ਕੇ ਬੋਲਿਆ, ‘ਤੂੰ ਆਪਣੀ ਗੱਲ ਜਾਰੀ ਰੱਖ। ਮੈਂ ਸੁਣ ਰਿਹਾ ਹਾਂ।’
ਉਹ ਕੁਝ ਨਹੀਂ ਬੋਲ ਸਕਿਆ। ਉਸ ਦੀਆਂ ਅੱਖਾਂ ਹਾਲ ਵਿੱਚ ਚਾਰੋਂ ਪਾਸੀਂ ਘੁੰਮ ਰਹੀਆਂ ਸਨ। ਆਖਰ ਉਸ ਦੀ ਨਜ਼ਰ ਪ੍ਰਿੰਸੀਪਲ ਦੇ ਚਿਹਰੇ ‘ਤੇ ਠਹਿਰ ਗਈ। ਉਸ ਦੇ ਚਿਹਰੇ ‘ਚੋਂ ਉਸ ਨੂੰ ਉਮੀਦ ਨਜ਼ਰ ਆਈ। ਫਿਰ ਅਚਾਨਕ ਉਸ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਉਸ ਨੂੰ ਇਸ ਗੱਲ ਦਾ ਬੇਹੱਦ ਅਫਸੋਸ ਸੀ ਕਿ ਉਸ ਨੇ ਕੁਝ ਅਜਿਹਾ ਬੋਲ ਦਿੱਤਾ, ਜਿਸ ਨਾਲ ਉਸ ਨੇ ਆਪਣੇ ਪ੍ਰਿੰਸੀਪਲ ਨਾਲ ਵਿਸ਼ਵਾਸ ਘਾਤ ਕੀਤਾ ਹੈ।
ਠੀਕ ਉਸੇ ਵੇਲੇ ਪ੍ਰਿੰਸੀਪਲ ਆਪਣੇ ਸਭ ਤੋਂ ਜ਼ਹੀਨ ਵਿਦਿਆਰਥੀ ਦੀ ਪੈਰਵੀ ਕਰਨ ਲਈ ਅਗਾਂਹ ਵਧਿਆ। ‘ਮੈਂ ਇਸ ਬੱਚੇ ਨੂੰ ਇਹ ਚਿੱਤਰ ਬਣਾਉਣ ਲਈ ਉਤਸ਼ਾਹਿਤ ਕੀਤਾ ਸੀ। ਉਹ ਮੇਰੀ ਇਜਾਜ਼ਤ ਨਾਲ ਇਹ ਇਸ ਚਿੱਤਰ ਨੂੰ ਸਕੂਲ ‘ਚ ਲੈ ਕੇ ਆਇਆ, ‘ਮੈਂ ਨਹੀਂ ਸਮਝਦਾ ਕਿ ਕ੍ਰਾਈਸਟ ਨੂੰ ਕਾਲੇ ਰੰਗ ਵਿੱਚ ਪੇਂਟ ਕਰਕੇ ਉਸ ਨੇ ਗਲਤੀ ਕੀਤੀ ਹੈ। ਦੁਨੀਆ ਭਰ ਵਿੱਚ ਵੱਖਰੇ-ਵੱਖਰੇ ਕਲਾਕਾਰਾਂ ਨੇ ਆਪਣੇ ਨਿੱਜੀ ਵਿਸ਼ਵਾਸ ਅਨੁਸਾਰ ਪਰਮਾਤਮਾ ਦੇ ਸਰੂਪ ਨੂੰ ਆਪਣੇ ਹੀ ਅਕਸ ਵਿੱਚ ਚਿਤਰਤ ਕੀਤਾ ਹੈ। ਇਸ ਵਿੱਚ ਕੋਈ ਗੁਨਾਹ ਨਹੀਂ। ਮੈਂ ਨਹੀਂ ਜਾਣਦਾ ਕਿ ਸਾਨੂੰ ਇਸ ਅਧਿਕਾਰ ਤੋਂ ਕਿਉਂ ਵਾਂਝਿਆ ਰੱਖਿਆ ਜਾਵੇ? ਇਕ ਗੱਲ ਹੋਰ, ਕ੍ਰਾਈਸਟ ਦਾ ਜਨਮ ਵੀ ਦੁਨੀਆ ਦੇ ਉਸ ਹਿੱਸੇ ਵਿੱਚ ਹੋਇਆ ਸੀ ਜਿਥੇ ਜ਼ਿਆਦਾ ਵਸੋਂ ਕਾਲੇ ਲੋਕਾਂ ਦੀ ਸੀ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕ੍ਰਾਈਸਟ ਮੂਲ ਰੂਪ ਵਿੱਚ ਨੀਗਰੋ ਹੀ ਹੋਵੇ।’
ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਜਦੋਂ ਪ੍ਰਿੰਸੀਪਲ ਸਾਹਿਬ ਬੋਲ ਰਹੇ ਸਨ ਤਾਂ ਹਾਲ ਵਿੱਚ ਪੂਰੀ ਤਰ੍ਹਾਂ ਖਾਮੋਸ਼ੀ ਛਾਈ ਹੋਈ ਸੀ। ਮੈਂ ਉਨ੍ਹਾਂ ਨੂੰ ਇਸ ਲਹਿਜੇ ਵਿੱਚ ਗੱਲ ਕਰਦਿਆਂ ਪਹਿਲਾਂ ਕਦੇ ਨਹੀਂ ਸੀ ਸੁਣਿਆ।
ਨਿਰੀਖਕ ਨੇ ਚੁੱਪ ਚਾਪ ਕੌੜਾ ਘੁੱਟ ਪੀ ਲਿਆ। ਉਸ ਦਾ ਚਿਹਰਾ ਗੁੱਸੇ ਨਾਲ ਲਾਲ ਸੂਹਾ ਹੋ ਚੁੱਕਾ ਸੀ।
‘ਕੀ ਤੁਸੀਂ ਵਿਦਿਆਰਥੀਆਂ ਇਹੋ ਗੱਲਾਂ ਸਿਖਾਉਂਦੇ ਹੋ?’ ਉਸ ਨੇ ਪ੍ਰਿੰਸੀਪਲ ਨੂੰ ਸਖਤ ਆਵਾਜ਼ ‘ਚ ਪੁੱਛਿਆ।
‘ਮੈਂ ਉਨ੍ਹਾਂ ਨੂੰ ਇਹ ਗੱਲ ਸਿਖਾਉਂਦਾ ਹਾਂ ਕਿ ਉਨ੍ਹਾਂ ਦੀ ਕੌਮ ਨੇ ਮਹਾਨ ਰਾਜੇ, ਰਾਣੀਆਂ, ਗੁਲਾਮ ਅਤੇ ਕਿਰਤੀ ਕਾਮੇ ਪੈਦਾ ਕੀਤੇ ਹਨ। ਸਮਾਂ ਆ ਗਿਆ ਹੈ ਜਦੋਂ ਸਾਨੂੰ ਦੁਨੀਆ ਨੂੰ ਦੱਸਣਾ ਪਵੇਗਾ ਕਿ ਅਸੀਂ ਦੁਨੀਆ ਭਰ ਵਿੱਚ ਸੱਭਿਆਤਾਵਾਂ ਦੇ ਨਿਰਮਾਤਾ ਹਾਂ। ਇਹ ਤਾਂ ਉਸ ਸਮੇਂ ਦੀ ਗੱਲ ਹੈ ਜਦੋਂ ਯੂਰੋਪ ਦੇ ਲੋਕਾਂ ਕੋਲ ਆਪਣੀ ਕੋਈ ਲਿੱਪੀ ਵੀ ਨਹੀਂ ਸੀ।’
ਨਿਰੀਖਕ ਖੰਘਿਆ। ਇਹ ਕਹਿੰਦਿਆਂ ਉਸ ਦੀਆਂ ਅੱਖਾਂ ਦੇ ਡੇਲੇ ਬਾਹਰ ਨੂੰ ਆਉਣ ਲੱਗੇ, ‘ਤੁਹਾਨੂੰ ਇਹ ਫਜ਼ੂਲ ਤੇ ਵਾਹੀਅਤ ਜਿਹੀਆਂ ਗੱਲਾਂ ਪੜ੍ਹਾਉਣ ਲਈ ਤਨਖਾਹ ਨਹੀਂ ਦਿੱਤੀ ਜਾਂਦੀ। ਤੁਸੀਂ ਆਪਣੇ ਅਹੁਦੇ ਦੀ ਤੌਹੀਨ ਕੀਤੀ ਹੈ। ਇਸ ਲਈ ਮੈਂ ਹੁਣੇ ਹੀ ਤੁਹਾਡਾ ਅਸਤੀਫਾ ਮੰਗਦਾ ਹਾਂ।’
ਪ੍ਰਿੰਸੀਪਲ ਜਾਰਜ ਡਯੂ ਵਾਲ ਕੁਝ ਨਹੀਂ ਬੋਲਿਆ। ਉਸ ਦੇ ਮਾਯੂਸ ਚਿਹਰੇ ‘ਤੇ ਹਲਕੀ ਜਿਹੀ ਲਰਜ਼ਿਸ਼ ਸੀ। ਉਹ ਮੁੜਿਆ ਤੇ ਹੌਲੀ-ਹੌਲੀ ਆਪਣੇ ਦਫਤਰ ਵੱਲ ਜਾਣ ਲੱਗਾ। ਨਿਰੀਖਕ ਦੀਆਂ ਨਜ਼ਰਾਂ ਉਸ ਦਾ ਉਦੋਂ ਤੱਕ ਪਿੱਛਾ ਕਰਦੀਆਂ ਰਹੀਆਂ, ਜਦੋਂ ਤੱਕ ਉਹ ਅੱਖੋਂ ਓਹਲੇ ਨਾ ਹੋਇਆ। ਫਿਰ ਉਹ ਬੁੜਬੁੜਾਇਆ, ‘ਜੇ ਲੋਕਾਂ ਨੂੰ ਇਹ ਕਹਿਣ ਦੀ ਖੁੱਲ੍ਹ ਮਿਲ ਗਈ ਕਿ ਕ੍ਰਾਈਸਟ ਨੀਗਰੋ ਸੀ ਤਾਂ ਦੁਨੀਆ ਭਰ ਵਿੱਚ ਖਲਬਲੀ ਮੱਚ ਜਾਵੇਗੀ।’
ਕੁਝ ਅਧਿਆਪਕ, ਪ੍ਰਿੰਸੀਪਲ ਨੂੰ ਬਾਹਰ ਛੱਡਣ ਗਏ। ਬੱਚੇ ਬਹੁਤ ਦੁਖੀ ਤੇ ਬੇਚੈਨ ਸਨ। ਉਨ੍ਹਾਂ ਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਉਹ ਕੀ ਕਰਨ? ਆਖਰ ਅਸੀਂ ਆਪਣੇ ਕਲਾਸ ਰੂਮ ਵਿੱਚ ਚਲੇ ਗਏ। ਨਿਰੀਖਕ ਮੇਰੇ ਪਿੱਛੇ ਸੀ। ਉਹ ਆਪਣੇ ਮੂੰਹ ‘ਚ ਬੁੜਬੁੜਾ ਰਿਹਾ ਸੀ, ‘ਲਾਹਨਤ ਹੋਵੇ ਮੈਨੂੰ, ਜੇ ਮੈਂ ਕਾਲਿਆਂ ਦੀ ਚੁਸਤੀ ਚਲਾਕੀ ਚੱਲਣ ਦੇਵਾਂ।’
ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਪ੍ਰਿੰਸੀਪਲ ਸਾਹਿਬ ਨੇ ਦੱਖਣੀ ਜਾਰਜੀਆ ਦੇ ਛੋਟੇ ਜਿਹੇ ਹਾਈ ਸਕੂਲ ਵਿੱਚ ਆਰਟ ਟੀਚਰ ਦੀ ਨੌਕਰੀ ਪ੍ਰਵਾਨ ਕਰ ਲਈ। ਉਨ੍ਹਾਂ ਨੇ ਆਰੋਨ ਨੂੰ ਆਪਣੇ ਕੋਲ ਰੱਖ ਕੇ ਪੜ੍ਹਾਉਣ ਦੀ ਉਸ ਦੇ ਮਾਂ ਬਾਪ ਤੋਂ ਆਗਿਆ ਲੈ ਲਈ ਸੀ ਤਾਂ ਜੋ ਉਹ ਕਲਾ ਦੇ ਖੇਤਰ ਵਿੱਚ ਨਾਮਣਾ ਖੱਟ ਸਕੇ।
ਮੈਂ ਆਪਣੇ ਘਰ ਵੱਲ ਜਾ ਰਿਹਾ ਸੀ ਜਦੋਂ ਉਹ ਆਪਣਾ ਦਫਤਰ ਛੱਡ ਕੇ ਜਾ ਰਹੇ ਸਨ। ਉਨ੍ਹਾਂ ਕੋਲ ਇਕ ਬ੍ਰੀਫਕੇਸ ਸੀ ਤੇ ਬਾਂਹ ਹੇਠ ਕੁਝ ਕਿਤਾਬਾਂ। ਉਹ ਸਕੂਲ ਦੇ ਸਭ ਅਧਿਆਪਕਾਂ ਨੂੰ ਅਲਵਿਦਾ ਕਹਿ ਚੁੱਕੇ ਸਨ। ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੇ ਚਿਹਰੇ ‘ਤੇ ਕੋਈ ਸ਼ਿਕਨ ਨਹੀਂ ਸੀ। ਜਦੋਂ ਉਹ ਸਕੂਲ ਦਾ ਵੱਡਾ ਦਰਵਾਜ਼ਾ ਪਾਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਆਪਣੀ ਐਨਕ ਉਤਾਰੀ ਤੇ ਰੁਮਾਲ ਨਾਲ ਅੱਖਾਂ ਪੂੰਝੀਆਂ, ਪਰ ਉਨ੍ਹਾਂ ਨੇ ਇਕ ਵੇਰਾਂ ਵੀ ਪਿਛਾਂਹ ਮੁੜ ਕੇ ਨਹੀਂ ਵੇਖਿਆ। ਉਹ ਕਿਸੇ ਜੇਤੂ ਸੈਨਿਕ ਵਾਂਗ ਪੁਲਾਂਘਾਂ ਪੁੱਟ ਰਹੇ ਸਨ। ਉਨ੍ਹਾਂ ਦੀ ਦਿੱਖ ਉਸ ਆਦਮੀ ਵਰਗੀ ਸੀ ਜਿਸ ਨੇ ਕੋਈ ਮਹਾਨ ਕਾਰਜ ਨੇਪਰੇ ਚਾੜ੍ਹਿਆ ਹੋਵੇ। ਉਨ੍ਹਾਂ ਨੇ ਬੜੇ ਪਿਆਰ ਨਾਲ ਆਪਣੀ ਬਾਂਹ ਆਰੋਨ ਦੇ ਮੋਢਿਆਂ ਦੁਆਲੇ ਵਲੀ ਹੋਈ ਸੀ। ਉਹ ਬੜੀ ਅਪਣੱਤ ਨਾਲ ਉਸ ਨਾਲ ਗੱਲਬਾਤ ਕਰ ਰਹੇ ਸਨ ਤੇ ਉਹ ਵੀ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣ ਰਿਹਾ ਸੀ।
ਮੈਂ ਉਨ੍ਹਾਂ ਨੂੰ ਉਦੋਂ ਤੱਕ ਵੇਖਦਾ ਰਿਹਾ ਜਦੋਂ ਤੱਕ ਉਹ ਅੱਖੋਂ ਓਹਲੇ ਨਾ ਹੋ ਗਏ। ਉਨ੍ਹਾਂ ਨੂੰ ਦੂਰੋਂ ਵੇਖ ਕੇ ਹੀ ਲੱਗਦਾ ਸੀ ਕਿ ਉਹ ਆਪਣੀ ਮਾਣਮੱਤੀ ਤੋਰ ਤੁਰਦਿਆਂ ਅਗਾਂਹ ਵਧ ਰਹੇ ਸਨ ਜਿਵੇਂ ਉਨ੍ਹਾਂ ਦੋਵਾਂ ਨੇ ਹੀ ਕੋਈ ਜੰਗ ਜਿੱਤੀ ਹੋਵੇ।