ਕੌੜਾ ਸੱਚ

-ਗੁਰਤੇਜ ਸਿੰਘ
‘ਕੀ ਕਰਾਂ ਭੈਣੇ ਬੜੀ ਔਖੀ ਹਾਂ, ਮੇਰੇ ਦੋਵੇਂ ਪੁੱਤ ਮੈਨੂੰ ਮੂੰਹ ਨਹੀਂ ਲਾਉਂਦੇ ਤੇ ਸਬੱਬੀ ਗੇੜਾ ਮਾਰਦੀਆਂ ਤਿੰਨਾਂ ਭੈਣਾਂ ਨੂੰ ਵੀ ਨਹੀਂ ਬੁਲਾਉਂਦੇ। ਅੱਖ ਬਣਵਾਈ (ਅਪ੍ਰੇਸ਼ਨ) ਕਾਰਨ ਮੇਰੇ ਤੋਂ ਚੁੱਲ੍ਹੇ ‘ਤੇ ਰੋਟੀ ਵੀ ਨਹੀਂ ਬਣਦੀ, ਕੋਈ ਮੇਰੀ ਬਾਤ ਨਹੀਂ ਪੁੱਛਦਾ।’ ਤਾਈ ਕਰਤਾਰੋ ਸਵੇਰੇ-ਸਵੇਰੇ ਮੇਰੀ ਮਾਂ ਕੋਲ ਆਪਣਾ ਢਿੱਡ ਹੌਲਾ ਕਰ ਰਹੀ ਸੀ। ਕਾਫੀ ਦੇਰ ਤੱਕ ਉਹ ਆਪਣੇ ਨੂੰਹ ਪੁੱਤਾਂ ਅਤੇ ਸ਼ਰੀਕੇ ਨੂੰ ਭੰਡਦੀ ਰਹੀ ਕਿ ਕੋਈ ਬੱਤੀ ਨਹੀਂ ਵਾਹੁੰਦਾ।
ਜਦੋਂ ਤਾਈ ਕਰਤਾਰੋ ਚਲੀ ਗਈ ਤਾਂ ਮੈਂ ਕਿਹਾ, ‘ਮਾਂ! ਤਾਈ ਸੱਚਮੁਚ ਬੜੀ ਔਖੀ ਹੈ, ਲਾਹਨਤ ਹੈ ਅਜਿਹੀ ਔਲਾਦ ‘ਤੇ।’
ਇਹ ਸ਼ਬਦ ਅਜੇ ਮੇਰੇ ਮੂੰਹ ਵਿੱਚ ਸਨ ਮੇਰੀ ਮਾਂ ਨੇ ਕਿਹਾ, ‘ਪੁੱਤ! ਇਸ ਦੀਆਂ ਨੂੰਹਾਂ ਇਸ ਨੂੰ ਦੇਖ ਕੇ ਹੀ ਇਸ ਨਾਲ ਅਜਿਹਾ ਵਰਤਾਉ ਕਰਦੀਆਂ ਹਨ। ਪਹਿਲਾਂ ਇਹ ਵੀ ਆਪਣੇ ਸੱਸ ਸਹੁਰੇ ਤੇ ਨਣਦਾਂ ਨਾਲ ਇੰਜ ਵਿਹਾਰ ਕਰਦੀ ਰਹੀ ਹੈ। ‘ਜੈਸੀ ਕਰਨੀ ਵੈਸੀ ਭਰਨੀ’ ਜ਼ਿੰਦਗੀ ਦੀ ਇਸ ਸੱਚਾਈ ਤੋਂ ਇਹ ਸਦਾ ਮੁਨਕਰ ਹੁੰਦੀ ਰਹੀ ਤੇ ਆਖਰ ਉਹੀ ਕੁਝ ਅੱਜ ਇਸ ਦੇ ਸਾਹਮਣੇ ਹੈ।’ ਜ਼ਿੰਦਗੀ ਅਤੇ ਤਾਈ ਕਰਤਾਰੋ ਦੇ ਕੌੜੇ ਸੱਚ ਨੂੰ ਮੇਰੀ ਮਾਂ ਨੇ ਇਕੋ ਸਾਹੇ ਬਿਆਨ ਦਿੱਤਾ ਸੀ।