ਕੌਮਾਂਤਰੀ ਬੈਂਕ ਫਰਾਡ ਵਿੱਚ ਕੈਨੇਡੀਅਨ ਕੰਪਿਊਟਰਾਂ ਦੀ ਵਰਤੋਂ

ਜੂਨ ਵਿੱਚ ਦਾਇਰ ਕਰਵਾਏ ਗਏ ਸਰਚ ਵਾਰੰਟ ਅਨੁਸਾਰ ਪੁਲਿਸ ਦਾ ਮੰਨਣਾ ਹੈ ਕਿ ਦੁਨੀਆ ਭਰ ਦੇ ਬੈਂਕ ਖਾਤਿਆਂ ਵਿੱਚੋਂ 500 ਮਿਲੀਅਨ ਡਾਲਰ ਉਡਾਉਣ ਲਈ ਵਰਤੇ ਗਏ ਵਿਸ਼ਵਵਿਆਪੀ ਕੰਪਿਊਟਰਾਂ ਦੇ ਨੈੱਟਵਰਕ ਦੀ ਵਰਤੋਂ ਬਰਨਾਬੀ, ਬੀਸੀ ਦੇ ਸਰਵਰਜ਼ ਤੋਂ ਕੀਤੀ ਗਈ। ਆਰਸੀਐਮਪੀ ਜਾਂਚਕਾਰਾਂ ਨੇ ਇਨ੍ਹਾਂ ਕੰਪਿਊਟਰਾਂ ਦੇ ਤਾਰ ਰੂਸ ਦੇ ਇੱਕ ਅਜਿਹੇ ਕਾਰੋਬਾਰੀ ਨਾਲ ਜੁੜੇ ਪਾਏ ਹਨ ਜਿਸਨੇ ਬਰਨਾਬੀ ਵਿੱਚ ਸਰਵਰ ਸਪੇਸ ਪਟੇ ਉੱਤੇ ਲਈ ਹੋਈ ਹੈ। ਵਾਰੰਟ ਅਨੁਸਾਰ ਇਨ੍ਹਾਂ ਕੰਪਿਊਟਰਾਂ ਦੀ ਵਰਤੋਂ ਕਈ ਨਿਜੀ ਕੰਪਿਊਟਰਾਂ ਨੂੰ ਕਮਾਂਡ ਦੇਣ ਤੇ ਨਿਯੰਤਰਿਤ ਕਰਨ ਲਈ ਕੀਤੀ ਗਈ ਸੀ। ਬੋਟਨੈੱਟ ਜਾਂ ਰੋਬੋਟ ਨੈੱਟਵਰਕ ਵੈੱਬ ਨਾਲ ਜੁੜੇ ਕੰਪਿਊਟਰਾਂ ਦਾ ਗਰੁੱਪ ਹੈ, ਜਿਸ ਨੂੰ ਕਈ ਵਾਰੀ ਜੌਂਬੀਜ਼ ਵੀ ਆਖਿਆ ਜਾਂਦਾ ਹੈ, ਜਿਸ ਨੂੰ ਕਈ ਵਾਰੀ ਮੁਜਰਮਾਂ ਵੱਲੋਂ ਨਿਯੰਤਰਿਤ ਕੀਤਾ ਜਾਂਦਾ ਹੈ। ਇਹ ਸੱਭ ਆਨਲਾਈਨ ਵਾਇਰਸ ਆਦਿ ਫੈਲਾਉਣ ਲਈ ਕੀਤਾ ਜਾਂਦਾ ਹੈ। ਮਸ਼ੀਨ ਵਿੱਚ ਇਨਸਟਾਲ ਕੀਤੇ ਗਏ ਬੌਟ ਨੂੰ ਟਰੋਜ਼ਨ, ਜੋ ਕਿ ਅਜਿਹਾ ਪ੍ਰੋਗਰਾਮ ਹੁੰਦਾ ਹੈ ਜਿਹੜਾ ਆਪਣੇ ਆਪ ਹੀ ਬਿਨਾ ਹਿਫਾਜ਼ਤ ਵਾਲੇ ਕੰਪਿਊਟਰਾਂ ਤੱਕ ਆਪਣਾ ਰਾਹ ਬਣਾ ਲੈਂਦਾ ਹੈ, ਰਾਹੀਂ ਕਬਜੇ ਵਿੱਚ ਲੈ ਲਿਆ ਜਾਂਦਾ ਹੈ। ਮਿਸਾਲ ਵਜੋਂ ਜਦੋਂ ਕੋਈ ਯੂਜ਼ਰ ਇਸ ਤਰ੍ਹਾਂ ਦੇ ਕੰਪਿਊਟਰ ਉੱਤੇ ਆਉਣ ਵਾਲੇ ਸੰਕ੍ਰਮਿਤ ਵੈੱਬ ਪੇਜ ਜਾਂ ਈਮੇਲ ਮੈਸੇਜ ਉੱਤੇ ਕਲਿੱਕ ਕਰੇਗਾ ਤਾਂ ਉਸ ਨੂੰ ਸੰਕ੍ਰਮਿਤ ਦਸਤਾਵੇਜ਼ ਨਜ਼ਰ ਆਉਣਗੇ ਜਾਂ ਫਿਰ ਕੋਈ ਸੰਕ੍ਰਮਿਤ ਪ੍ਰੋਗਰਾਮ ਚੱਲ ਜਾਵੇਗਾ। ਇੱਕ ਵਾਰੀ ਇਹ ਸੱਭ ਸਫਲਤਾਪੂਰਬਕ ਹੋਣ ਤੋਂ ਬਾਅਦ ਲੋਕਾਂ ਦੇ ਨਿਜੀ ਕੰਪਿਊਟਰ ਆਪਣੇ ਨਵੇਂ ਮਾਸਟਰ ਦੇ ਆਦੇਸ਼ਾਂ ਦਾ ਹੀ ਪਾਲਣ ਕਰਦੇ ਹਨ, ਜੋ ਕਿ ਕੰਪਿਊਟਰਜ਼ ਦੀ ਵਰਤੋਂ ਕਈ ਤਰ੍ਹਾਂ ਦੀਆਂ ਗਲਤ ਗਤੀਵਿਧੀਆਂ ਲਈ ਕਰ ਸਕਦੇ ਹਨ ਜਿਵੇਂ ਕਿ ਸਪੈਮ ਤੇ ਫਿਸਿੰ਼ਗ ਈਮੇਲ ਭੇਜਣ ਲਈ ਜਾਂ ਡਿਸਟ੍ਰੀਬਿਊਟਿਡ ਡਿਨਾਇਲ ਆਫ ਸਰਵਿਸ (ਡੀਡੀਓਐਸ) ਹਮਲੇ ਕਰਨ ਲਈ। ਕੁੱਝ ਮਾਮਲਿਆਂ ਵਿੱਚ, ਇਹ ਜਿੱਲ੍ਹੇ ਰੋਬੋਟਸ ਲੋਕਾਂ ਦੇ ਕੰਪਿਊਟਰਾਂ ਵਿੱਚੋਂ ਨਿਜੀ ਡਾਟਾ ਵੀ ਚੋਰੀ ਕਰ ਲੈਂਦੇ ਹਨ ਤੇ ਫਿਰ ਲੋਕਾਂ ਦੀ ਪਛਾਣ ਚੋਰੀ ਕਰਨ ਦੇ ਇਰਾਦੇ ਨਾਲ ਉਸ ਦੀ ਵਰਤੋਂ ਕਰਦੇ ਹਨ। ਸਰਚ ਵਾਰੰਟ ਜੂਨ ਵਿੱਚ ਹਾਸਲ ਕੀਤਾ ਗਿਆ ਸੀ ਜਿਸ ਵਿੱਚ ਐਫਬੀਆਈ ਤੇ ਮਾਈਕ੍ਰੋਸਾਫਟ ਨੇ ਆਰਸੀਐਮਪੀ ਸਮੇਤ 80 ਦੇਸ਼ਾਂ ਦੀ ਪੁਲਿਸ ਨਾਲ ਰਲ ਕੇ ਆਪਰੇਸ਼ਨ ਚਲਾਇਆ ਸੀ। ਐਫਬੀਆਈ ਨੇ ਦੋ ਸ਼ੱਕੀ ਆਈਪੀ ਪਤਿਆਂ ਦੇ ਸਬੰਧ ਵਿੱਚ ਆਰਸੀਐਮਪੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਜਿਨ੍ਹਾਂ ਵਿੱਚੋਂ ਇੱਕ ਪਤਾ ਮਾਂਟਰੀਅਲ ਦਾ ਸੀ ਤੇ ਦੂਜਾ ਬਰਨਾਬੀ ਦਾ ਸੀ।