ਕੌਂਸੂਲੇਟ ਜਨਰਲ ਆਫ ਇੰਡੀਆ ਵੱਲੋਂ 16 ਜੂਨ ਨੂੰ ਮਨਾਇਆ ਜਾਵੇਗਾ ਚੌਥਾ ਇੰਟਰਨੈਸਨਲ ਡੇਅ ਆਫ ਯੋਗਾ

ਨਿਊ ਯੌਰਕ, 7 ਜੂਨ (ਪੋਸਟ ਬਿਊਰੋ): ਕੌਸੂਲੇਟ ਜਨਰਲ ਆਫ ਇੰਡੀਆ ਵੱਲੋਂ 16 ਜੂਨ ਦਿਨ ਸ਼ਨਿੱਚਰਵਾਰ ਨੂੰ ਗਵਰਨਰਜ਼ ਆਈਲੈਂਡ ਉੱਤੇ ਪਿਕਨਿੱਕ ਪੁਆਇੰਟ ਉੱਤੇ ਚੌਥਾ ਇੰਟਰਨੈਸ਼ਨਲ ਡੇਅ ਆਫ ਯੋਗਾ ਮਨਾਉਣ ਦਾ ਐਲਾਨ ਕੀਤਾ ਗਿਆ।
ਭਾਵੇਂ ਇਸ ਈਵੈਂਟ ਵਿੱਚ ਹਰ ਕੋਈ ਮੁਫਤ ਹਿੱਸਾ ਲੈ ਸਕਦਾ ਹੈ ਪਰ ਅਗਾਊਂ ਰਜਿਸਟ੍ਰੇਸ਼ਨ ਫਿਰ ਵੀ ਚਾਹੀਦੀ ਹੋਵੇਗੀ। ਇਸ ਲਈ  https://www.indiainnewyork.gov.in/cgnyregform. ਵੈੱਬਸਾਈਟ ਉੱਤੇ ਜਾ ਕੇ ਲੋੜੀਂਦੀ ਕਾਰਵਾਈ ਪੂਰੀ ਕੀਤੀ ਜਾ ਸਕਦੀ ਹੈ। ਸਵੇਰੇ 10:00 ਵਜੇ ਤੋਂ ਗਵਰਨਰਜ਼ ਆਈਲੈਂਡ ਲਈ ਮੁਫਤ ਫੈਰੀ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ। ਯੋਗਾ ਦੇ ਅਹਿਸਾਸ ਨੂੰ ਮਾਨਣ ਲਈ ਇਸ ਵਾਰੀ ਫਿਰ ਇਸ ਦਿਨ ਸਮੂਹ ਕਮਿਊਨਿਟੀਜ਼ ਨੂੰ ਇੱਕ ਥਾਂ ਉੱਤੇ ਇੱਕਠਾ ਕੀਤਾ ਜਾਵੇਗਾ। ਹਿੰਦੂ ਟੈਂਪਲ ਆਫ ਨੌਰਥ ਅਮੈਰਿਕਾ, ਮੱਲਖੰਭ ਫੈਡਰੇਸ਼ਨ ਯੂਐਸਏ, ਈਸਾ ਫਾਊਂਡੇਸ਼ਨ, ਸਹਿਜ ਯੋਗਾ ਤੇ ਆਰਟ ਆਫ ਲਿਵਿੰਗ ਫਾਊਂਡੇਸ਼ਨ ਵੱਲੋਂ ਪੰਦਰਾਂ ਮਿੰਟ ਦਾ ਯੋਗਾ ਤੇ ਮੈਡੀਟੇਸ਼ਨ ਸੈਸ਼ਨ ਕਰਵਾਏ ਜਾਣਗੇ।
ਭਾਰਤ ਸਰਕਾਰ ਦੀ ਪਹਿਲਕਦਮੀ ਸਦਕਾ ਸੰਯੁਕਤ ਰਾਸ਼ਟਰ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗਾ ਡੇਅ ਵਜੋਂ ਮਨਾਇਆ ਜਾਂਦਾ ਹੈ।ਨਿਊ ਯੌਰਕ ਵਿੱਚ ਕਾਉਂਸਲ ਜਨਰਲ ਆਫ ਇੰਡੀਆ ਸੰਦੀਪ ਚਕਰਵਰਤੀ, 1996 ਤੋਂ ਇੰਡੀਅਨ ਫੌਰਨ ਸਰਵਿਸਿਜ਼ ਦੇ ਮੈਂਬਰ ਹਨ। ਉਨ੍ਹਾਂ ਨੇ ਕਈ ਦੇਸ਼ਾਂ ਵਿੱਚ ਭਾਰਤੀ ਮਿਸ਼ਨਜ਼ ਦੀ ਅਗਵਾਈ ਕੀਤੀ ਹੈ। ਅਗਸਤ 2017 ਵਿੱਚ ਨਿਊ ਯੌਰਕ ਵਿੱਚ ਕਾਉਂਸਲ ਜਨਰਲ ਆਫ ਇੰਡੀਆ ਬਣਨ ਤੋਂ ਪਹਿਲਾਂ ਉਹ ਪੇਰੂ ਤੇ ਬੋਲੀਵੀਆ ਵਿੱਚ ਭਾਰਤ ਦੇ ਸਫੀਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬੰਗਲਾਦੇਸ਼ ਵਿੱਚ ਉਹ ਭਾਰਤ ਦੇ ਡਿਪਟੀ ਚੀਫ ਆਫ ਮਿਸ਼ਨ ਸਨ। ਮੈਡਰਿਡ ਤੇ ਬਗੋਟਾ ਵਿੱਚ ਵੀ ਉਨ੍ਹਾਂ ਭਾਰਤੀ ਅੰਬੈਸੀਜ਼ ਵਿੱਚ ਸੇਵਾ ਕੀਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਵਿੱਚ ਉਨ੍ਹਾਂ ਪ੍ਰੈੱਸ ਰਿਲੇਸ਼ਨਜ਼ ਆਫੀਸਰ, ਸਟਾਫ ਆਫੀਸਰ ਟੂ ਮਨਿਸਟਰ ਦੇ ਅਹੁਦੇ ਸਾਂਭੇ ਤੇ ਸੈਂਟਰਲ ਏਸ਼ੀਆ, ਈਸਟ ਏਸ਼ੀਆ ਤੇ ਚੀਨ ਨਾਲ ਡੀਲ ਕਰਨ ਵਾਲੇ ਡੈਸਕਸ ਉੱਤੇ ਵੀ ਕੰਮ ਕੀਤਾ।