ਕੋਹਲੀ ਇਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ਦੇ ਸਿਖਰ ’ਤੇ ਕਾਇਮ

kohali

ਦੁਬਈ, 12 ਜੁਲਾਈ  (ਪੋਸਟ ਬਿਊਰੋ)-  ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਅੱਜ ਜਾਰੀ ਇਕ ਰੋਜ਼ਾ ਕੌਮਾਂਤਰੀ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰ ’ਤੇ ਬਰਕਰਾਰ ਹੈ ਜਦੋਂ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤਿੰਨ ਸਥਾਨਾਂ ਦੇ ਲਾਭ ਨਾਲ 12ਵੇਂ ਨੰਬਰ ’ਤੇ ਪਹੁੰਚ ਗਿਆ ਹੈ।
ਐਮਆਰਐਫ ੲਾਇਰਜ਼ ਆਈਸੀਸੀ ਇਕ ਰੋਜ਼ਾ ਕੌਮਾਂਤਰੀ ਖਿਡਾਰੀ ਰੈਂਕਿੰਗ ਵਿੱਚ ਸਿਖਰਲੇ ਪੰਜ ਬੱਲੇਬਾਜ਼ਾਂ, ਗੇਂਦਬਾਜ਼ਾਂ ਅਤੇ ਹਰਫਨਮੌਲਾ ਖਿਡਾਰੀਆਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਕੋਹਲੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖਰ ’ਤੇ ਹੈ ਜਦੋਂ ਕਿ ਉਸ ਤੋਂ ਬਾਅਦ ਆਸਟਰੇਲੀਆ ਦਾ ਡੇਵਿਡ ਵਾਰਨਰ, ਦੱਖਣ ਅਫਰੀਕਾ ਦੇ ਏਬੀ ਡਿਵੀਲੀਅਰਸ , ਇੰਗਲੈਂਡ ਦੇ ਜੋ ਰੂਟ ਅਤੇ ਪਾਕਿਸਤਾਨ ਦੇ ਬਾਬਰ ਆਜ਼ਮ ਦਾ ਨਾਂ ਆਉਂਦਾ ਹੈ।
ਵੈਸਟ ਇੰਡੀਜ਼ ਖ਼ਿਲਾਫ਼ ਲੜੀ ਵਿੱਚ 154 ਦੌੜਾਂ ਬਣਾਉਣ ਵਾਲਾ ਧੋਨੀ ਤਿੰਨ ਸਥਾਨ ਉੱਪਰ ਚੜ੍ਹ ਕੇ 12ਵੇਂ ਸਥਾਨ ’ਤੇ ਹੈ। ਲੜੀ ਵਿੱਚ ਸਭ ਤੋਂ ਵਧ 336 ਦੌੜਾਂ ਬਣਾਉਣ ਵਾਲਾ ਅਜਿੰਕਿਆ ਰਹਾਣੇ 13 ਸਥਾਨਾਂ ਦੀ ਛਾਲ ਨਾਲ ਕਰੀਅਰ ਦੀ ਸਰਵੋਤਮ 23ਵੀਂ ਰੈਂਕਿੰਗ ’ਤੇ ਪੁੱਜ ਗਿਆ ਹੈ। ਵੈਸਟ ਇੰਡੀਜ਼ ਦਾ ਬੱਲੇਬਾਜ਼ ਸ਼ਾਈ ਹੋਪ 20 ਸਥਾਨਾਂ ਦੇ ਲਾਭ ਨਾਲ 61ਵੇਂ ਸਥਾਨ ’ਤੇ ਹੈ।
ਸ੍ਰੀਲੰਕਾ ਅਤੇ ਜ਼ਿੰਬਾਬਵੇ ਵਿਚਾਲੇ ਲੜੀ ਤੋਂ ਨਿਰੋਸ਼ਨ ਡਿਕਵੇਲਾ ਸੱਤ ਸਥਾਨ ਉਪਰ ਚੜ੍ਹ ਕੇ 38ਵੇਂ, ਸਿਕੰਦਰ ਰਜਾ ਤਿੰਨ ਸਥਾਨਾਂ ਦੇ ਲਾਭ ਨਾਲ 51ਵੇਂ, ਹੈਮਿਲਟਨ ਮਸਾਕਾਦਜਾ 14 ਸਥਾਨਾਂ ਦੇ ਲਾਭ ਨਾਲ 57ਵੇਂ, ਉਪਲ ਥਰੰਗਾ 10 ਸਥਾਨਾਂ ਦੇ ਲਾਭ ਨਾਲ 64ਵੇਂ ਅਤੇ ਦਨੁਸਕਾ ਗੁਣਾਤਿਲਕ 36 ਸਥਾਨਾਂ ਦੇ ਲਾਭ ਨਾਲ 70ਵੇਂ ਸਥਾਨ ’ਤੇ ਹੈ।