ਕੋਰੀਆ ਦੇ ਰਾਸ਼ਟਰਪਤੀ ਦੇ ਮਤਰੇਏ ਭਰਾ ਦੇ ਕਤਲ ਦੇ ਦੋਸ਼ ਵਿੱਚ ਇੱਕ ਔਰਤ ਗ੍ਰਿਫਤਾਰ

ਕਿਮ ਜੋਂਗ ਨੇਮ

ਕਿਮ ਜੋਂਗ ਨੇਮ

ਸਿਓਲ, 16 ਫਰਵਰੀ (ਪੋਸਟ ਬਿਊਰੋ)- ਮਲੇਸ਼ੀਅਨ ਪੁਲਸ ਨੇ ਉਤਰ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਜੋਂਗ ਨੇਮ ਦੇ ਕਤਲ ਦੇ ਦੋਸ਼ ਵਿੱਚ ਕੱਲ੍ਹ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਔਰਤ ਕੋਲੋਂ ਵੀਅਤਨਾਮ ਦਾ ਪਾਸਪੋਰਟ ਮਿਲਿਆ ਹੈ। ਇਸ ਕੇਸ ਵਿੱਚ ਕੁਝ ਹੋਰ ਵਿਦੇਸ਼ੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਨੇਮ ਦੀ ਕੁਆਲਾਲੰਪੁਰ ਦੇ ਏਅਰਪੋਰਟ ‘ਤੇ ਸੋਮਵਾਰ ਨੂੰ ਜ਼ਹਿਰੀਲੀ ਸੂਈ ਲਾ ਕੇ ਹੱਤਿਆ ਕੀਤੀ ਗਈ ਸੀ।
ਦੱਖਣੀ ਕੋਰੀਆ ਦੇ ਪਾਰਲੀਮੈਂਟ ਮੈਂਬਰਾਂ ਨੇ ਆਪਣੇ ਦੇਸ਼ ਦੀਆਂ ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਉਤਰੀ ਕੋਰੀਆ ਦੀਆਂ ਦੋ ਔਰਤ ਏਜੰਟਾਂ ਨੇ ਨੇਮ ਦਾ ਕਤਲ ਕੀਤਾ ਹੈ। ਪਹਿਲਾਂ ਵੀ ਉਤਰ ਕੋਰੀਆ ਦੇ ਏਜੰਟ ਕਈ ਵਿਰੋਧੀਆਂ ਦੀ ਵਿਦੇਸ਼ ਵਿੱਚ ਹੱਤਿਆ ਕਰ ਚੁੱਕੇ ਹਨ। ਕੁਆਲਾਲੰਪੁਰ ਏਅਰਪੋਰਟ ਤੋਂ ਗ੍ਰਿਫਤਾਰ ਔਰਤ ਦੀ ਪਛਾਣ ਸੀ ਸੀ ਟੀ ਵੀ ਫੁਟੇਜ ਦੇ ਆਧਾਰ ਉੱਤੇ ਕੀਤੀ ਗਈ ਅਤੇ ਉਸ ਕੋਲੋਂ ਵੀਅਤਨਾਮ ਦਾ ਪਾਸਪੋਰਟ ਬਰਾਮਦ ਹੋਇਆ ਹੈ। ਇਸ ਉੱਤੇ ਡੋਆਨ ਥੀ ਹੁਆਂਗ ਲਿਖਿਆ ਹੋਇਆ ਹੈ।
ਦੱਖਣੀ ਕੋਰੀਆ ਦੇ ਪਾਰਲੀਮੈਂਟ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਤਰ ਕੋਰੀਆਈ ਰਾਸ਼ਟਰਪਤੀ ਨੇ ਆਪਣੇ ਮਤਰੇਲੇ ਭਰਾ ਦੀ ਹੱਤਿਆ ਦਾ ਆਦੇਸ਼ ਖੁਦ ਦਿੱਤਾ ਸੀ। ਨੇਮ ਨੂੰ 2012 ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਓਦੋਂ ਉਹ ਬਚ ਗਏ ਸਨ। ਦੱਖਣੀ ਕੋਰੀਆਈ ਖੁਫੀਆ ਏਜੰਸੀ ਮੁਤਾਬਕ ਨੇਮ ਨੂੰ ਬੀਜਿੰਗ ਦੀ ਸਰਪ੍ਰਸਤੀ ਹਾਸਲ ਸੀ। ਉਹ ਚੀਨ ਦੇ ਮਕਾਊ ਖੇਤਰ ਵਿੱਚ ਦੂਜੀ ਪਤਨੀ ਨਾਲ ਰਹਿੰਦੇ ਸਨ।