ਕੋਈ ਵਿਰਲਾ ਹੀ ਗੁਰਬਤ ਦਾ ਮੁਕਾਬਲਾ ਕਰ ਕੇ ਸਫਲ ਹੁੰਦੈ

-ਗੁਰਦੀਪ ਸਿੰਘ ਢੁੱਡੀ
ਮੇਰੇ ਪਿੰਡ ਪਹਿਲਾਂ ਹਾਈ ਸਕੂਲ ਸੀ। ਲਾਗਲੇ ਪਿੰਡ ਕੋਟ ਸੁਖੀਆ ਦਾ ਸਕੂਲ ਬਾਅਦ ਵਿੱਚ ਹਾਈ ਹੋਇਆ। ਦੋਵਾਂ ਪਿੰਡਾਂ ਵਿਚਕਾਰ ਕੇਵਲ ਦੋ ਕੁ ਮੀਲ ਦੀ ਵਿੱਥ ਹੈ। ਪਿੰਡ ਦੀਆਂ ਜ਼ਮੀਨਾਂ ਦੀਆਂ ਹੱਦਾਂ ਇੱਕ-ਦੂਸਰੇ ਨਾਲ ਲੱਗਦੀਆਂ ਹੋਣ ਕਰ ਕੇ ਲੋਕਾਂ ਦਾ ਆਪੋ ਵਿੱਚ ਮਿਲਣ-ਗਿਲਣ ਸੀ। ਦੋਵਾਂ ਪਿੰਡਾਂ ਵਿੱਚ ਲੱਗਣ ਵਾਲੇ ਛੋਟੇ ਮੇਲਿਆਂ ਵਿੱਚ ਦੋਵਾਂ ਪਿੰਡਾਂ ਦੇ ਲੋਕ ਇਕੱਠੇ ਹੁੰਦੇ ਸਨ। ਗੱਲ ਅੱਜ ਤੋਂ ਚਾਲੀ ਸਾਲ ਪਹਿਲਾਂ ਦੀ ਹੈ। ਉਨ੍ਹਾਂ ਦਿਨਾਂ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਨਾ ਵੀ ਮਾਣ ਵਾਲੀ ਗੱਲ ਹੋਇਆ ਕਰਦੀ ਸੀ। ਦੋਵਾਂ ਹੀ ਪਿੰਡਾਂ ਦੇ ਹਾਈ ਸਕੂਲਾਂ ਵਿੱਚ ਸਮੇਂ ਅਨੁਸਾਰ ਪੜ੍ਹਾਈ ਦਾ ਪੱਧਰ ਵਾਹਵਾ ਚੰਗਾ ਸੀ। ਖੇਡਾਂ ਵਿੱਚ ਮੇਰੇ ਪਿੰਡ ਦੇ ਸਕੂਲ ਦੀ ਫੁੱਟਬਾਲ ਦੀ ਖੇਡ ਚੰਗੀ ਹੁੰਦੀ ਸੀ ਅਤੇ ਕੋਟ ਸੁਖੀਆ ਸਕੂਲ ਦੇ ਖਿਡਾਰੀ ਵਾਲੀਬਾਲ ਬਹੁਤ ਵਧੀਆ ਖੇਡਿਆ ਕਰਦੇ ਸਨ। ਦੋਵਾਂ ਸਕੂਲਾਂ ਦੇ ਵਿਦਿਆਰਥੀ ਆਪੋ-ਆਪਣੀ ਖੇਡ ਵਿੱਚ ਪੰਜਾਬ ਪੱਧਰ ਤੱਕ ਖੇਡਣ ਲਈ ਜਾਇਆ ਕਰਦੇ ਸਨ। ਦੋਵਾਂ ਪਿੰਡਾਂ ਦੇ ਵਿਦਿਆਰਥੀਆਂ ਦੀ ਇੱਕ ਦੂਜੇ ਨਾਲ ਜਾਣ ਪਛਾਣ ਆਪਣੇ ਹੀ ਪਿੰਡ ਵਰਗੀ ਸੀ। ਇਸ ਤਰ੍ਹਾਂ ਅਕਸਰ ਵਿਦਿਆਰਥੀਆਂ ਦਾ ਆਪਸੀ ਮੇਲ-ਮਿਲਾਪ ਬਣਿਆ ਹੋਇਆ ਸੀ।
ਸਾਡੇ ਪਿੰਡ ਦਾ ਵੀਰ ਸਿੰਘ ਫੁੱਟਬਾਲ ਦੀ ਥਾਂ ਵਾਲੀਬਾਲ ਖੇਡਿਆ ਕਰਦਾ ਸੀ ਤੇ ਕੋਟ ਸੁਖੀਆ ਸਕੂਲ ਵਿੱਚ ਪੜ੍ਹਦਾ ਸੀ। ਅਸਲ ਵਿੱਚ ਕੋਟ ਸੁਖੀਆ ਸਕੂਲ ਵਿੱਚ ਪੜ੍ਹਨ ਲੱਗਣ ਦਾ ਕਾਰਨ ਉਸ ਦੀ ਖੇਡ ਸੀ। ਸਕੂਲ ਵਾਲੇ ਉਸ ਨੂੰ ਉਚੇਚੇ ਤੌਰ ‘ਤੇ ਲੈ ਗਏ ਸਨ। ਵੀਰ ਸਿੰਘ ਗੁਰਬਤ ਮਾਰੇ ਮਜ਼ਦੂਰ ਪਰਵਾਰ ਦਾ ਲੜਕਾ ਸੀ। ਦਸਵੀਂ ਜਮਾਤ ਤੱਕ ਉਹ ਵਾਲੀਬਾਲ ਦਾ ਚੰਗਾ ਖਿਡਾਰੀ ਸੀ। ਗੁਰਬਤ ਦੇ ਬਾਵਜੂਦ ਮਾਪਿਆਂ ਨੇ ਅਗਲੀ ਪੜ੍ਹਾਈ ਲਈ ਉਸ ਨੂੰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਭੇਜ ਦਿੱਤਾ। ਵੀਰ ਸਿੰਘ ਸਰੀਰਕ ਪੱਖੋਂ ਪਹਿਲਾਂ ਹੀ ਕਮਜ਼ੋਰ ਸੀ ਅਤੇ ਫਿਰ ਦਿਨੋ-ਦਿਨ ਹੋਰ ਕਮਜ਼ੋਰ ਹੰੁਦਾ ਗਿਆ। ਕਾਲਜ ਵਿੱਚ ਵੀ ਉਹ ਵਾਲੀਬਾਲ ਖੇਡਦਾ ਸੀ। ਟੀਮ ਵਿੱਚ ਉਸ ਦਾ ਨਾਂਅ ਚੰਗੇ ਖਿਡਾਰੀਆਂ ਵਿੱਚ ਆਉਂਦਾ ਸੀ। ਕਾਲਜ ਵੱਲੋਂ ਖੇਡਣ ਜਾਣ ਵਾਲੀ ਟੀਮ ਦੀ ਚੋਣ ਹੋਈ ਤੇ ਉਹ ਖਿਡਾਰੀਆਂ ਵਿੱਚ ਚੁਣਿਆ ਗਿਆ, ਪਰ ਖੇਡਣ ਜਾਣ ਵਾਸਤੇ ਲੋੜੀਂਦੇ ਖਰਚੇ ਦੀ ਅਣਹੋਂਦ ਕਾਰਨ ਉਹ ਨਾ ਜਾ ਸਕਿਆ। ਉਹ ਨਿਰ-ਉਤਸ਼ਾਹਤ ਹੋ ਗਿਆ। ਕਾਲਜ ਪੜ੍ਹਨ ਜਾਂਦਾ ਉਹ ਇਸ ਤਰ੍ਹਾਂ ਮਹਿਸੂਸ ਕਰਦਾ, ਜਿਵੇਂ ਕਿਤੇ ਮਜ਼ਦੂਰੀ ਕਰਨ ਜਾ ਰਿਹਾ ਹੋਵੇ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਅਫੀਮ ਖਾਣ ਲੱਗ ਪਿਆ ਹੈ। ਇਸ ਤਰ੍ਹਾਂ ਉਹ ਆਪਣੀ ਬੀ ਏ ਤੱਕ ਦੀ ਪੜ੍ਹਾਈ ਵੀ ਨਾ ਕਰ ਸਕਿਆ। ਸਮੇਂ ਦੇ ਗੁਜ਼ਰਨ ਨਾਲ ਉਹ ਹੋਰ ਨਸ਼ਿਆਂ ਵਿੱਚ ਪੈ ਗਿਆ ਅਤੇ ਜਲਦੀ ਹੀ ਉਸ ਦੀ ਜੀਵਨ ਲੀਲ੍ਹਾ ਖਤਮ ਹੋ ਗਈ।
ਉਸ ਦਾ ਚੇਤਾ ਮੈਨੂੰ 2016 ਵਿੱਚ ਆਇਆ। ਮੇਰੇ ਸਕੂਲ ਦੀ ਇੱਕ ਲੜਕੀ ਰੰਗ ਦੀ ਪੱਕੀ, ਜੁੱਸੇ ਦੀ ਕਮਜ਼ੋਰ, ਪਰ ਉਸ ਦੀ ਖੇਡ ਭਾਵਨਾ ਅਤੇ ਸ਼ੇਰਨੀ ਵਰਗੀ ਤੇਜ਼ੀ ਦੇਖਣ ਵਾਲੀ ਹੁੰਦੀ ਸੀ। ਕਬੱਡੀ ਖੇਡਣ ਲੱਗਿਆਂ ਉਹ ਵੇਖਣ ਵਿੱਚ ਆਪਣੇ ਤੋਂ ਤੱਕੜੀਆਂ ਜਾਪਦੀਆਂ ਲੜਕੀਆਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੀ। ਜ਼ਿਲ੍ਹੇ ਦੀ ਕਬੱਡੀ ਟੀਮ ਦੀ ਅਗਵਾਈ ਕਰਦੀ ਹੋਈ ਦੇ ਉਸ ਦੇ ਮੋਢੇ ‘ਤੇ ਸੱਟ ਲੱਗ ਗਈ। ਇੱਕ ਦਿਨ ਸਕੂਲ ਵਿੱਚ ਹੋਣ ਵਾਲੀ ਐਥਲੈਟਿਕਸ ਮੀਟ ਵਿੱਚ ਜਦੋਂ ਉਸ ਲੜਕੀ ਨੂੰ ਖੇਡਦੀ ਹੋਈ ਨੂੰ ਨਾ ਵੇਖਿਆ ਤਾਂ ਮੈਂ ਆਪਣੇ ਸਕੂਲ ਦੀ ਖੇਡ ਅਧਿਆਪਕਾ ਨੂੰ ਉਸ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਮੋਢੇ ‘ਤੇ ਸੱਟ ਲੱਗਣ ਕਰ ਕੇ ਉਹ ਘਰ ਹੈ। ਘਰੇ ਅੰਤਾਂ ਦੀ ਗਰੀਬੀ ਹੈ ਅਤੇ ਕਿਸੇ ਨੇ ਉਸ ਦਾ ਇਲਾਜ ਵੀ ਨਹੀਂ ਕਰਵਾਉਣਾ। ਉਹ ਪੰਜਾਬ ਖੇਡਣ ਵੀ ਨਹੀਂ ਜਾ ਸਕਦੀ। ਜੇ ਆਪਾਂ ਕੋਈ ਮਦਦ ਕਰੀਏ ਤਾਂ ਆਪਣੀ ਟੀਮ ਪੰਜਾਬ ‘ਚੋਂ ਪੁਜ਼ੀਸ਼ਨ ਹਾਸਲ ਕਰ ਸਕਦੀ ਹੈ। ਮੈਂ ਆਪਣੇ ਦੋ ਅਧਿਆਪਕਾਂ ਨਾਲ ਉਸ ਦੇ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਅਸੀਂ ਉਸ ਲਈ ਦੋ ਕਿਲੋ ਦੇਸੀ ਘਿਓ ਅਤੇ ਪੰਜ ਹਜ਼ਾਰ ਦੇ ਕਰੀਬ ਨਕਦ ਦੇਣ ਦਾ ਟੀਚਾ ਰੱਖ ਲਿਆ। ਭਾਲਦੇ ਹੋਏ ਅਸੀਂ ਉਸ ਦੇ ਘਰ ਗਏ। ਵੇਖਦੇ ਹਾਂ ਕਿ ਉਹ ਇੱਕ ਅਜਿਹੀ ਥਾਂ ਰਹਿ ਰਹੀ ਸੀ, ਜਿੱਥੇ ਜਿਊਣ ਦੀਆਂ ਹਾਲਤਾਂ ਨਾਂਹ ਦੇ ਬਰਾਬਰ ਸਨ। ਘਰ ਵਿੱਚ ਮੰਜਾ ਨਹੀਂ ਸੀ ਅਤੇ ਉਸ ਨੇ ਜ਼ਮੀਨ ‘ਤੇ ਚਾਦਰ ਵਿਛਾਈ ਹੋਈ ਸੀ। ਬਿਜਲੀ ਵੀ ਨਹੀਂ ਸੀ। ਸਾਨੂੰ ਵੇਖ ਕੇ ਉਹ ਖੜ੍ਹੀ ਹੋ ਗਈ। ਉਸ ਦੀਆਂ ਅੱਖਾਂ ਵਿੱਚ ਅੰਤਾਂ ਦੀ ਲਾਚਾਰੀ ਵੇਖੀ। ਮੋਢੇ ਦੀ ਪੀੜ ਤੋਂ ਇਲਾਵਾ ਮਾਨਸਿਕ ਪੀੜ ਨੇ ਉਸ ਦੇ ਚਿਹਰੇ ‘ਤੇ ਅੰਤਾਂ ਦੀ ਉਦਾਸੀ ਪੈਦਾ ਕੀਤੀ ਹੋਈ ਸੀ।
ਸਾਨੂੰ ਵੇਖ ਕੇ ਜਿਵੇਂ ਉਸ ਦਾ ਰੋਣ ਨਿਕਲ ਗਿਆ ਸੀ। ਉਸ ਦੀ ਮਾਂ ਗੁਆਂਢੀਆਂ ਘਰੋਂ ਮੰਜਾ ਲੈਣ ਜਾਣ ਲੱਗੀ ਤਾਂ ਅਸੀਂ ਖੇਚਲ ਨਾ ਕਰਨ ਲਈ ਆਖ ਕੇ ਮੋੜ ਲਿਆ। ਲੜਕੀ ਦਾ ਹਾਲ-ਚਾਲ ਪੁੱਛਿਆ। ਘਿਓ ਤੇ ਨਕਦੀ ਦੇ ਕੇ ਉਸ ਦੀ ਮਾਂ ਨੂੰ ਇਲਾਜ ਕਰਾਉਣ ਲਈ ਆਖਿਆ। ਉਸ ਨੂੰ ਜਲਦੀ ਜਲਦੀ ਠੀਕ ਹੋ ਕੇ ਸਕੂਲ ਆਉਣ ਲਈ ਆਖ ਕੇ ਅਸੀਂ ਵਾਪਸ ਆ ਗਏ। ਮੇਰੇ ਦਿਮਾਗ ਵਿੱਚ ਘੁੰਮਣ-ਘੇਰੀਆਂ ਚੱਲ ਪਈਆਂ। ਬਹੁਤ ਪਹਿਲਾਂ ਦਾ ਸਮਾਂ ਮੈਨੂੰ ਯਾਦ ਆ ਗਿਆ। ਮੈਨੂੰ ਮੇਰੇ ਪਿੰਡ ਦਾ ਵਾਲੀਬਾਲ ਦਾ ਖਿਡਾਰੀ ਵੀਰ ਸਿੰਘ ਯਾਦ ਆ ਗਿਆ। ਮੈਨੂੰ ਲੱਗਾ ਕਿਤੇ ਕੱਲ੍ਹ ਨੂੰ ਇਸ ਲੜਕੀ ਨਾਲ ਵੀਰ ਸਿੰਘ ਵਾਲੀ ਨਾ ਹੋਵੇ। ਗੁਰਬਤ ਆਮ ਤੌਰ ‘ਤੇ ਗੁਣਵੱਤਾ ‘ਤੇ ਭਾਰੂ ਪੈ ਜਾਂਦੀ ਹੈ। ਕੋਈ ਵਿਰਲਾ ਵਾਂਝਾ ਇਸ ਦਾ ਮੁਕਾਬਲਾ ਕਰ ਕੇ ਸਫਲਤਾ ਹਾਸਲ ਕਰਦਾ ਹੈ। ਖੈਰ! ਬਾਅਦ ਵਿੱਚ ਪਤਾ ਲੱਗਿਆ ਕਿ ਲੜਕੀ ਨੂੰ ਮਾਪਿਆਂ ਨੇ ਪੜ੍ਹਨੋਂ ਹਟਾ ਕੇ ਉਸ ਦਾ ਵਿਆਹ ਕਰ ਦਿੱਤਾ ਸੀ। ਰੱਬ ਖੈਰ ਕਰੇ!