ਕੋਈ ਪੈਸਿਆਂ ਖਾਤਰ ਤਾਂ ਕੋਈ ਦੋਸਤੀ ਲਈ ਫੌਜ ਦੇ ਟੈਸਟ ਮੌਕੇ ਹੋਰ ਦੀ ਥਾਂ ਪੇਪਰ ਦੇਣ ਬੈਠ ਗਿਆ

military paper
ਅੰਮ੍ਰਿਤਸਰ, 1 ਸਤੰਬਰ (ਪੋਸਟ ਬਿਊਰੋ)- ਭਾਰਤ ਫੌਜ ਦੀ ਭਰਤੀ ਦੇ ਲਿਖਤੀ ਟੈਸਟ ਵਿੱਚ ਦੂਸਰਿਆਂ ਦੀ ਜਗ੍ਹਾ ਬੈਠੇ ਹੋਏ ਚਾਰ ਜਣਿਆਂ ਨੇ ਪੁਲਸ ਕੋਲ ਕਈ ਖੁਲਾਸੇ ਕੀਤੇ ਹਨ। ਕੋਈ ਆਪਣੇ ਰਿਸ਼ਤੇਦਾਰ ਤੇ ਕੋਈ ਦੋਸਤ ਨੂੰ ਟੈਸਟ ਪਾਸ ਕਰਾਉਣ ਲਈ ਬੈਠਾ ਸੀ। 26 ਅਗਸਤ ਨੂੰ ਬਿਆਸ ਵਿੱਚ ਹੋਈ ਲਿਖਤੀ ਪ੍ਰੀਖਿਆ ਦੌਰਾਨ ਫੌਜੀ ਅਧਿਕਾਰੀਆਂ ਨੇ ਚਾਰ ਜਣਿਆਂ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕੀਤਾ ਸੀ।
ਮੇਜਰ ਪੀਊਸ਼ ਉਪਾਧਿਆਏ ਪ੍ਰੀਜ਼ਾਈਡਿੰਗ ਅਫਸਰ ਆਰਮੀ ਕੈਂਟ ਬਿਆਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਫੌਜ ਦੀ ਭਰਤੀ ਲਈ ਅਖਬਾਰ ਵਿੱਚ 24 ਜੂਨ 2017 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ ਕਿ 25 ਤੇ 26 ਅਗਸਤ ਨੂੰ ਲਿਖਤੀ ਟੈਸਟ ਹੋਵੇਗਾ। 26 ਅਗਸਤ ਨੂੰ ਟੈਸਟ ਹੁੰਦੇ ਤੋਂ ਸਤਿੰਦਰ ਕੁਮਾਰ ਪਿੰਡ ਕਨੇਟਾ ਜ਼ਿਲ੍ਹਾ ਫਿਰੋਜ਼ਾਬਾਦ ਉੱਤਰ ਪ੍ਰਦੇਸ਼, ਵਿਕਾਸ ਕੁਮਾਰ ਪਿੰਡ ਤਾਬਕਲਾਂ ਥਾਣਾ ਫਿਰੋਜ਼ਾਬਾਦ ਉੱਤਰ ਪ੍ਰਦੇਸ਼, ਮਨਜੀਤ ਪਿੰਡ ਅਲੀਪੁਰਾ ਜ਼ਿਲ੍ਹਾ ਜੀਂਦ ਹਰਿਆਣਾ ਤੇ ਸੁਨੀਲ ਕੁਮਾਰ ਵਾਸੀ ਬੜੌਦਾ ਤਹਿਸੀਲ ਨਰਵਾਣਾ ਜ਼ਿਲ੍ਹਾ ਜੀਂਦ ਹਰਿਆਣਾ ਨੂੰ ਦੂਸਰੇ ਦੀ ਜਗ੍ਹਾ ਪ੍ਰੀਖਿਆ ਦਿੰਦੇ ਫੜਿਆ ਗਿਆ। ਥਾਣਾ ਬਿਆਸ ਵਿੱਚ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਤਾਂ ਦੋਸ਼ੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਚਾਚੇ ਦੇ ਪੁੱਤਰ ਸੋਹਣ ਲਾਲ ਦੀ ਜਗ੍ਹਾ ਪ੍ਰੀਖਿਆ ਦੇਣ ਬੈਠਾ ਸੀ। 25 ਅਗਸਤ ਨੂੰ ਸਰੀਰਕ ਟੈਸਟ ਸੋਹਣ ਲਾਲ ਨੇ ਦਿੱਤਾ ਤੇ ਲਿਖਤੀ ਟੈਸਟ ਉਹ ਨਹੀਂ ਦੇ ਸਕਦਾ ਸੀ, ਇਸ ਲਈ ਉਹ ਉਸ ਦੀ ਜਗ੍ਹਾ ਬੈਠਾ ਸੀ। ਦੂਸਰੇ ਦੋਸ਼ੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਤਾਏ ਦੇ ਪੁੱਤਰ ਬਲਜਿੰਦਰ ਸਿੰਘ ਪਿੰਡ ਅਲੀਪੁਰ ਦੀ ਜਗ੍ਹਾ ਟੈਸਟ ਦੇਣ ਲਈ ਬੈਠਾ ਸੀ। ਫੌਜੀ ਅਧਿਕਾਰੀਆਂ ਵੱਲੋਂ ਫੜੇ ਜਾਣ ਵੇਲੇ ਬਲਜਿੰਦਰ ਸਿੰਘ ਉਥੇ ਮੌਜੂਦ ਸੀ, ਪਰ ਗ੍ਰਿਫਤਾਰੀ ਤੋਂ ਬਚਣ ਲਈ ਉਥੋਂ ਭੱਜ ਗਿਆ। ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਭਾਨੂ ਰਾਮ ਦੀ ਜਗ੍ਹਾ ਟੈਸਟ ਦੇ ਰਿਹਾ ਸੀ। ਉਸ ਦਾ ਭਰਾ ਫਿਜੀਕਲ ਟੈਸਟ ਦੇਣ ਪਿੱਛੋਂ ਬਿਮਾਰ ਹੋ ਗਿਆ। ਫੌਜ ਵਿੱਚ ਭਰਾ ਨੂੰ ਨੌਕਰੀ ਦਿਵਾਉਣ ਲਈ ਉਹ ਉਸ ਦੀ ਜਗ੍ਹਾ ‘ਤੇ ਲਿਖਤੀ ਟੈਸਟ ਦੇਣ ਬੈਠਾ ਸੀ। ਸਤਿੰਦਰ ਕੁਮਾਰ ਨੇ ਕਿਹਾ ਕਿ ਉਹ ਧਰਮਿੰਦਰ ਪਿੰਡ ਦਾਦੂਪੁਰਾ ਜ਼ਿਲ੍ਹਾ ਫਿਰੋਜ਼ਾਬਾਦ ਦੀ ਜਗ੍ਹਾ ਟੈਸਟ ਦੇਣ ਲਈ ਬੈਠਾ ਹੈ। ਧਰਮਿੰਦਰ ਨੇ ਦੱਸਿਆ ਕਿ ਉਸ ਨੂੰ ਜਨਰਲ ਨਾਲੇਜ ਘੱਟ ਹੈ ਤੇ ਟੈਸਟ ਪਾਸ ਨਹੀਂ ਕਰ ਸਕਦਾ। ਉਸ ਦੇ ਦੋਸਤ ਧਰਮਿੰਦਰ ਨੇ ਟੈਸਟ ਪਾਸ ਕਰਨ ਲਈ ਗੋਪਾਲ ਨਾਂਅ ਦੇ ਵਿਅਕਤੀ ਨਾਲ ਸੰਪਰਕ ਕੀਤਾ ਸੀ। ਗੋਪਾਲ ਨੇ ਉਸ ਦੇ ਦੋਸਤ ਤੋਂ 20 ਹਜ਼ਾਰ ਰੁਪਏ ਟੈਸਟ ਪਾਸ ਕਰਾਉਣ ਦੇ ਲਏ ਸਨ।