ਕੋਈ ਦੋਸਤ ਨਹੀਂ ਹੋਣਾ ਕਿਤਾਬ ਵਰਗਾ..

-ਪ੍ਰੋ. ਅਮਨਦੀਪ ਕੌਰ
ਪੁਸਤਕਾਂ ਅਜਿਹਾ ਸ਼ਾਹੀ ਖਜ਼ਾਨਾ ਹਨ, ਜਿਨ੍ਹਾਂ ਵਿੱਚ ਅਮੁੱਲ ਗਿਆਨ, ਵਿਚਾਰ ਤੇ ਭਾਵਨਾਵਾਂ ਦਾ ਸੰਗ੍ਰਹਿ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਜਿਥੇ ਟੀ ਵੀ ਅਤੇ ਕੰਪਿਊਟਰ ਆਦਿ ਸਾਧਨਾਂ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਸਥਾਨ ਬਣਾ ਲਿਆ ਹੈ, ਉਥੇ ਪੁਸਤਕਾਂ ਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾ।
ਇਕ ਵਿਦਵਾਨ ਦਾ ਕਥਨ ਹੈ ਕਿ ਪੁਸਤਕਾਂ ਪੜ੍ਹਨਾ ਸਮਾਂ ਬਰਬਾਦ ਕਰਨਾ ਨਹੀਂ। ਚੰਗੀ ਪੁਸਤਕ ਸੁਹਿਰਦ ਦੋਸਤ ਵਰਗੀ ਹੁੰਦੀ ਹੈ। ਪੁਸਤਕ ਪੜ੍ਹਨ ਨਾਲ ਮਨੁੱਖ ਦਾ ਗਿਆਨ ਤਾਂ ਵਧਦਾ ਹੀ ਹੈ, ਸਗੋਂ ਉਸ ਦਾ ਨਜ਼ਰੀਆ ਵੀ ਵਿਸ਼ਾਲ ਹੋ ਜਾਂਦਾ ਹੈ। ਉਹ ਤੰਗ ਖਿਆਲੀ ਦੇ ਘੇਰੇ ‘ਚੋਂ ਨਿਕਲ ਕੇ ਮਾਨਵਵਾਦੀ ਵਿਚਾਰਾਂ ਦਾ ਧਾਰਨੀ ਹੋ ਜਾਂਦਾ ਹੈ। ਸਾਡੇ ਸਮਾਜ ਵਿੱਚ ਵੱਡੀਆਂ-ਵੱਡੀ ਲਾਇਬ੍ਰੇਰੀਆਂ ਬਣੀਆਂ ਹੋਈਆਂ ਹਨ। ਪੁਸਤਕਾਂ ਪੜ੍ਹਨ ਦੇ ਚਾਹਵਾਨਾਂ ਲਈ ਲਾਇਬ੍ਰੇਰੀਆਂ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਅੱਜ ਦੇ ਯੁੱਗ ਵਿੱਚ ਲੇਖਕ ਨਵੇਂ-ਨਵੇਂ ਵਿਸ਼ਿਆਂ ‘ਤੇ ਪੁਸਤਕਾਂ ਲਿਖ ਰਹੇ ਹਨ, ਜੋ ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੇ ਹੀ ਹਨ, ਜੀਵਨ ਨੂੰ ਸਹੀ ਸੇਧ ਵੀ ਦਿੰਦੇ ਹਨ। ਮਾਪਿਆਂ ਨੂੰ ਛੋਟੀ ਉਮਰ ਦੇ ਬੱਚਿਆਂ ਅਤੇ ਸਕੂਲ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਪੁਸਤਕ ਸਾਡੇ ਗਿਆਨ ਦਾ ਘੇਰਾ ਵਧਾਉਂਦੀ ਹੈ। ਲੋੜ ਇਸ ਗੱਲ ਦੀ ਹੈ ਕਿ ਇਹ ਗਿਆਨ ਕਦੋਂ ਤੇ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ?
ਪੁਸਤਕਾਂ ਸਾਨੂੰ ਬੀਤੇ ਸਮੇਂ ਬਾਰੇ ਚਾਨਣਾ ਪਾਉਂਦੀਆਂ ਹਨ, ਪੁਰਾਣੇ ਸਮੇਂ ਦੀਆਂ ਜੰਗਾਂ, ਯੁੱਧਾਂ, ਰਾਜੇ ਮਹਾਰਾਜਿਆਂ, ਸ਼ਹੀਦਾਂ, ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਆਦਿ ਬਾਰੇ। ਜਿਨ੍ਹਾਂ ਵਿਸ਼ਿਆਂ ਬਾਰੇ ਅਸੀਂ ਨਹੀਂ ਜਾਣਦੇ, ਉਨ੍ਹਾਂ ਬਾਰੇ ਪੁਸਤਕਾਂ ਸਾਨੂੰ ਦੱਸਦੀਆਂ ਹਨ। ਕਿਤਾਬਾਂ ਬਾਰੇ ਕਿਸੇ ਲੇਖਕ ਨੇ ਸੱਚ ਕਿਹਾ ਹੈ, ‘ਚੁੱਪ ਰਹਿ ਕੇ ਵੀ ਬੋਲਦੀਆਂ ਕਿਤਾਬਾਂ, ਵਰਕੇ ਜ਼ਿੰਦਗੀ ਦੇ ਖੋਲ੍ਹਦੀਆਂ ਕਿਤਾਬਾਂ।’ ਪੁਸਤਕਾਂ ਹਰ ਵਿਸ਼ੇ ‘ਤੇ ਸਾਨੂੰ ਨਿੱਗਰ ਜਾਣਕਾਰੀ ਹਾਸਲ ਕਰਾਉਂਦੀਆਂ ਹਨ। ਸਾਹਿਤਕ ਪੁਸਤਕਾਂ ਮਨੁੱਖ ਅੰਦਰ ਅਜਿਹਾ ਗਿਆਨ ਭਰਦੀਆਂ ਹਨ, ਜੋ ਗਿਆਨ ਉਸ ਨੂੰ ਜਾਗਰੂਕ ਕਰਦਾ ਹੈ, ਵਧੀਆ ਸੋਚ ਦਿੰਦਾ ਹੈ ਤੇ ਸੱਭਿਆਚਾਰਕ ਪੱਖਾਂ ਤੋਂ ਜਾਣੂ ਕਰਾਉਂਦਾ ਹੈ।
ਚੰਗੀਆਂ ਪੁਸਤਕਾਂ ਹਮੇਸ਼ਾ ਜੀਵਨ ਵਿੱਚ ਉਸਾਰੂ ਭੂਮਿਕਾ ਨਿਭਾਉਂਦੀਆਂ ਹਨ। ਸਾਨੂੰ ਬੱਚਿਆਂ, ਵਿਦਿਆਰਥੀਆਂ, ਨੌਜਵਾਨਾਂ ਤੇ ਹਰ ਉਮਰ ਦੇ ਵਿਅਕਤੀਆਂ ਨੂੰ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਇਕ ਵਧੀਆ ਸਮਾਜ ਦਾ ਨਿਰਮਾਣ ਹੋ ਸਕੇ ਤੇ ਸਮਾਜ ਵਿੱਚ ਫੈਲ ਰਹੀਆਂ ਭੈੜੀਆਂ ਕੁਰੀਤੀਆਂ ਨੂੰ ਠੱਲ੍ਹ ਪਾਈ ਜਾ ਸਕੇ। ਪੁਸਤਕਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਪੂਰਨ ਸਥਾਨ ਹੈ, ਪਰ ਅਜੋਕੇ ਯੁੱਗ ਵਿੱਚ ਪੁਸਤਕਾਂ ਪੜ੍ਹਨ ਦਾ ਰੁਝਾਨ ਘਟ ਗਿਆ ਹੈ। ਇਸ ਦਾ ਸ਼ਾਇਦ ਇਕ ਕਾਰਨ ਸਾਡੇ ਸਮਾਜ ਵਿੱਚ ਨਵੀਂ ਤਕਨਾਲੋਜੀ ਦਾ ਆਉਣਾ ਹੈ। ਵਿਦਿਆਰਥੀ ਪੜ੍ਹਨ ਨਾਲੋਂ ਵਿਹਲੇ ਸਮੇਂ ਵਿੱਚ ਫੋਨ ਦੀ ਵਰਤੋਂ ਕਰਨਾ ਜ਼ਰੂਰੀ ਸਮਝਦੇ ਹਨ, ਪਰ ਜੋ ਗਿਆਨ ਸਾਨੂੰ ਪੁਸਤਕਾਂ ਤੋਂ ਪ੍ਰਾਪਤ ਹੋਣਾ ਹੈ, ਉਹ ਕਿਤੋਂ ਹੋਰ ਪ੍ਰਾਪਤ ਨਹੀਂ ਹੋ ਸਕਦਾ। ਪੁਸਤਕਾਂ ਦਾ ਗਿਆਨ ਮਨੁੱਖ ਨੂੰ ਜਿਥੇ ਵਧੀਆ, ਸੁਚਾਰੂ, ਯੋਗ ਤੇ ਹਿੰਮਤ ਇਨਸਾਨ ਬਣਾ ਸਕਦਾ ਹੈ। ਪੁਸਤਕਾਂ ਸਾਡੇ ਜੀਵਨ ਵਿੱਚ ਉਸਾਰੂ ਅਤੇ ਚਰਿੱਤਰ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਸਾਨੂੰ ਇਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ, ਕਿਉਂਕਿ ਇਕ ਸੱਚਾ ਦੋਸਤ ਜੀਵਨ ਵਿੱਚ ਸਹੀ ਮਾਰਗ ਦਰਸ਼ਕ ਹੁੰਦਾ ਹੈ ਅਤੇ ਕਿਤਾਬਾਂ ਸਾਡੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ। ਪੁਸਤਕਾਂ ਪੜ੍ਹਨਾ ਵਾਧੂ ਕੰਮ ਨਹੀਂ। ਇਸ ਲਈ ਸਾਨੂੰ ਜ਼ਿੰਦਗੀ ਵਿੱਚ ਇਨ੍ਹਾਂ ਦਾ ਮਹੱਤਵ ਸਮਝਦੇ ਹੋਏ ਕਿਤਾਬਾਂ ਪੜ੍ਹਨ ਦੀ ਰੁਚੀ ਪਾਲਣ ਦੀ ਲੋੜ ਹੈ। ਗੂੜ੍ਹ ਗਿਆਨ ਵਾਸਤੇ ਚੰਗੇ ਅਧਿਆਪਕਾਂ ਤੋਂ ਚੰਗੀਆਂ ਪੁਸਤਕਾਂ ਬਾਰੇ ਜਾਣਕਾਰੀ ਲਈ ਜਾਵੇ ਤੇ ਉਹੀ ਪੁਸਤਕਾਂ ਪੜ੍ਹੀਆਂ ਜਾਣ।
ਅਖੀਰ ਵਿੱਚ ਕਹਾਂਗੀ, ‘ਕੋਈ ਮਹਿਬੂਬ ਨੀ ਸੋਹਣਾ ਕਿਤਾਬ ਵਰਗਾ, ਰੰਗ, ਫੁੱਲ ਨੀ ਮਨਮੋਹਣਾ ਕਿਤਾਬ ਵਰਗਾ, ਕਿਤਾਬਾਂ ਹਰ ਵੇਲੇ ਸਾਥ ਦਿੰਦੀਆਂ, ਕੋਈ ਦੋਸਤ ਨੀ ਹੋਣਾ ਕਿਤਾਬ ਵਰਗਾ।’