ਕੋਈ ਕੀ ਕਰੇ..

-ਅਰਤਿੰਦਰ ਸੰਧੂ

ਇਸ ਨਗਰ ਦੇ ਅੱਥਰੇ
ਰਿਵਾਜ਼ ਦਾ ਕੋਈ ਕੀ ਕਰੇ
ਚਿਹਰਿਆਂ ‘ਚੋਂ ਗੁੰਮ ਗਈ
ਆਵਾਜ਼ ਦਾ ਕੋਈ ਕੀ ਕਰੇ

ਕੀ ਕਰੇ ਹਵਾਵਾਂ ‘ਚੋਂ
ਸਾਹਾਂ ‘ਚ ਰਚਦੀ ਪੀੜ ਦਾ
ਵੇਲਣਾ ਸੋਚਾਂ ਦਾ ਏਥੇ
ਜਿੰਦ ਨੂੰ ਨਪੀੜਦਾ
ਪੀੜਾਂ ਪਰੁਚੇ ਜੀਣ ਦੇ ਇਸ
ਸਾਜ਼ ਦਾ ਕੋਈ ਕੀ ਕਰੇ

ਚਿਹਰੇ ਰਹੇ ਨੇ ਬੋਲ ਕੁਝ
ਆਵਾਜ਼ ਸੁਣਦੀ ਹੋਰ ਹੈ
ਬਾਹਰੋਂ ਤਾਂ ਸ਼ਾਂਤ ਜਾਪਦੇ
ਅੰਦਰ ਬਹੁਤ ਹੀ ਸ਼ੋਰ ਹੈ
ਚੁੱਪ ‘ਚੋਂ ਰਿਸਦੇ ਸ਼ੋਰ ਦੇ
ਇਸ ਰਾਜ਼ ਦਾ ਕੋਈ ਕੀ ਕਰੇ

ਬੀਜਦੇ ਜ਼ਿੰਦਗੀ ਨੇ ਲੋਕ
ਸਿੰਜਦੇ ਵੀ ਖੂਨ ਨਾਲ
ਨਿਭ ਰਹੇ ਇਵੇਂ, ਜਿਵੇਂ
ਰਹੇ ਬੇਗਾਨੀ ਜੂਨ ਪਾਲ
ਹਰ ਹਾਸੇ ਖਾਤੇ ਦੁੱਖ ਦੇ
ਇੰਦਰਾਜ਼ ਦਾ ਕੋਈ ਕੀ ਕਰੇ

ਹਰ ਬਸ਼ਰ ਨਗਰ ਦਾ ਹੀ
ਚੱਕਰ ਕਿਸੇ ‘ਤੇ ਹੈ ਸੁਆਰ
ਗਤੀ ਉਹਦੀ ਮਸਲ ਰਹੀ
ਹਰੇਕ ਸੁਪਨੇ ਦੀ ਨੁਹਾਰ
ਦਾਇਰਾ ਕਰ ਰਫਤਾਰ ਦੇ
ਨਵੇਂ ਸਾਜ਼ ਦਾ ਕੋਈ ਕੀ ਕਰੇ

ਇਸ ਨਗਰ ਦੇ ਅੱਥਰੇ
ਰਿਵਾਜ਼ ਦਾ ਕੋਈ ਕੀ ਕਰੇ
ਚਿਹਰਿਆਂ ‘ਚੋਂ ਗੁੰਮ ਗਈ
ਆਵਾਜ਼ ਦਾ ਕੋਈ ਕੀ ਕਰੇ!