ਕੈਲੇਫੋਰਨੀਆ ਦੇ ਇੱਕ ਘਰ ਵਿੱਚ 12 ਭੈਣ ਭਰਾ ਬਤੀਤ ਕਰ ਰਹੇ ਸਨ ਨਰਕ ਭਰੀ ਜਿੰ਼ਦਗੀ

ਮਾਂ-ਬਾਪ ਗ੍ਰਿਫਤਾਰ
ਪੈਰਿਸ, ਕੈਲੇਫੋਰਨੀਆ, 16 ਜਨਵਰੀ (ਪੋਸਟ ਬਿਊਰੋ) : ਇੱਕ 17 ਸਾਲਾ ਲੜਕੀ ਨੇ ਆਪਣੇ ਪਰਿਵਾਰਕ ਘਰ ਵਿੱਚੋਂ ਬਚ ਨਿਕਲਣ ਤੋਂ ਬਾਅਦ ਪੁਲਿਸ ਨੂੰ ਫੋਨ ਕਰਕੇ ਘਰ ਸੱਦਿਆ। ਜਿੱਥੇ ਉਸ ਦੇ 12 ਭੈਣ ਤੇ ਭਰਾ ਬੇਹੱਦ ਮਾੜੇ ਹਾਲਾਤ ਵਿੱਚ ਜਿ਼ੰਦਗੀ ਬਸਰ ਕਰ ਰਹੇ ਸਨ। ਇਨ੍ਹਾਂ ਵਿੱਚੋਂ ਕਈ ਬੱਚੇ ਤਾਂ ਗੰਭੀਰ ਕੁਪੋਸ਼ਣ ਦਾ ਸਿ਼ਕਾਰ ਸਨ। ਉਨ੍ਹਾਂ ਵਿੱਚੋਂ ਕਈਆਂ ਨੂੰ ਵੇਖ ਕੇ ਇਹ ਲੱਗ ਰਿਹਾ ਸੀ ਕਿ ਉਹ ਬੱਚੇ ਹਨ ਜਦਕਿ ਉਨ੍ਹਾਂ ਵਿੱਚੋਂ ਸੱਤ ਬਾਲਗ ਸਨ।
ਜਿਸ ਲੜਕੀ ਨੇ ਫੋਨ ਕਰਕੇ ਪੁਲਿਸ ਸੱਦੀ ਉਹ ਐਨੀ ਨਿੱਕੀ ਜਿਹੀ ਸੀ ਕਿ ਪੁਲਿਸ ਅਧਿਕਾਰੀਆਂ ਨੂੰ ਲੱਗਿਆ ਕਿ ਉਹ ਸਿਰਫ 10 ਸਾਲਾਂ ਦੀ ਹੀ ਹੈ। ਪੁਲਿਸ ਪਹਿਲਾਂ ਆ ਕੇ ਉਸ ਲੜਕੀ ਨੂੰ ਹੀ ਮਿਲੀ ਤੇ ਉਸ ਦੀ ਇੰਟਰਵਿਊ ਲੈਣ ਤੋਂ ਬਾਅਦ ਉਸ ਦੇ ਪੈਰਿਸ ਸਥਿਤ ਘਰ, ਜੋ ਕਿ ਲਾਸ ਏਂਜਲਸ ਤੋਂ 70 ਮੀਲ ਦੱਖਣਪੂਰਬ ਵਿੱਚ ਸਥਿਤ ਸੀ, ਪਹੁੰਚੀ। ਪੁਲਿਸ ਉੱਥੋਂ ਦਾ ਮੰਜ਼ਰ ਵੇਖ ਕੇ ਹੈਰਾਨ ਰਹਿ ਗਈ। ਕਈ ਬੱਚਿਆਂ ਨੂੰ ਉਨ੍ਹਾਂ ਦੇ ਮੰਜਿਆਂ ਨਾਲ ਚੇਨਾਂ ਨਾਲ ਬੰਨ੍ਹ ਕੇ ਹਨ੍ਹੇਰੇ ਵਿੱਚ ਰੱਖਿਆ ਗਿਆ ਸੀ, ਉਨ੍ਹਾਂ ਦੇ ਆਲੇ ਦੁਆਲਿਓਂ ਬਹੁਤ ਗੰਦੀ ਬੋਅ ਆ ਰਹੀ ਸੀ। ਇਹ ਜਾਣਕਾਰੀ ਰਿਵਰਸਾਈਡ ਕਾਊਂਟੀ ਸ਼ੈਰਿਫ ਵਿਭਾਗ ਵੱਲੋਂ ਦਿੱਤੀ ਗਈ।
ਬੱਚਿਆਂ ਦੀ ਉਮਰ 2 ਸਾਲ ਤੋਂ ਲੈ ਕੇ 29 ਸਾਲ ਤੱਕ ਸੀ। ਉਹ ਕੁਪੋਸ਼ਣ ਦਾ ਸਿ਼ਕਾਰ ਤੇ ਗੰਦੇ ਲੱਗ ਰਹੇ ਸਨ। ਇਸ ਤੋਂ ਬਾਅਦ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਈ ਬੱਚਿਆਂ ਨੇ ਦੱਸਿਆ ਕਿ ਭੁੱਖ ਦੇ ਮਾਰੇ ਉਨ੍ਹਾਂ ਦੀ ਜਾਨ ਜਾ ਰਹੀ ਹੈ ਤੇ ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਖਾਣਾ ਤੇ ਪੇਅ ਪਦਾਰਥ ਮੁਹੱਈਆ ਕਰਵਾਏ ਗਏ। 57 ਸਾਲਾ ਡੇਵਿਡ ਐਲਨ ਟਰਪਿਨ ਤੇ 49 ਸਾਲਾ ਲੂਈਸ ਐਨਾ ਟਰਪਿਨ ਨੂੰ 9 ਮਿਲੀਅਨ ਡਾਲਰ ਦੇ ਮੁਚਲਕੇ ਦੇ ਏਵਜ ਵਿੱਚ ਜ਼ਮਾਨਤ ਦੇਣ ਦੀ ਸ਼ਰਤ ਰੱਖੀ ਗਈ ਹੈ। ਉਨ੍ਹਾਂ ਉੱਤੇ ਜ਼ੁਲਮ ਕਰਨ ਤੇ ਬੱਚਿਆਂ ਦੀ ਜਾਨ ਖਤਰੇ ਵਿੱਚ ਪਾਉਣ ਦਾ ਵੀ ਦੋਸ਼ ਹੈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਕੋਲ ਕੋਈ ਅਟਾਰਨੀ ਹੈ ਜਾਂ ਨਹੀਂ। ਸਟੇਟ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਰਿਕਾਰਡ ਤੋਂ ਸਾਹਮਣੇ ਆਇਆ ਹੈ ਕਿ ਇਸ ਪਰਿਵਾਰ ਦੇ ਘਰ ਦਾ ਪਤਾ ਉਹੀ ਹੈ ਜਿਹੜਾ ਸੈਂਡਕਾਸਲ ਡੇਅ ਸਕੂਲ ਦਾ ਹੈ,ਜਿੱਥੇ ਡੇਵਿਡ ਟਰਪਿਨ ਨੂੰ ਸਕੂਲ ਦਾ ਪ੍ਰਿੰਸੀਪਲ ਦਰਸਾਇਆ ਗਿਆ ਹੈ। 2016-17 ਸਕੂਲ ਵਰ੍ਹੇ ਵਿੱਚ ਇੱਥੇ ਛੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਦਿਖਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਪੰਜਵੀਂ, ਛੇਵੀਂ, ਅੱਠਵੀਂ, ਨੌਂਵੀਂ, ਦਸਵੀਂ ਤੇ ਬਾਰ੍ਹਵੀਂ ਵਿੱਚੋਂ ਹਰੇਕ ਵਿੱਚ ਇੱਕ ਇੱਕ ਵਿਦਿਆਰਥੀ ਦਾ ਦਾਖਲਾ ਦਰਸਾਇਆ ਗਿਆ ਹੈ।
ਗੁਆਂਢੀਆਂ ਨੇ ਆਖਿਆ ਕਿ ਉਹ ਇਨ੍ਹਾਂ ਗ੍ਰਿਫਤਾਰੀਆਂ ਤੋਂ ਹੈਰਾਨ ਹਨ। ਜਿ਼ਕਰਯੋਗ ਹੈ ਕਿ ਟਰਪਿਨਜ਼ ਨੇ 2011 ਵਿੱਚ ਦੀਵਾਲੀਏਪਨ ਵਾਸਤੇ ਫਾਈਲ ਲਾਈ ਸੀ। ਉਸ ਸਮੇਂ ਟਰਪਿਨ ਨੌਰਥਰੌਪ ਗਰੂਮਨ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀ ਤੇ ਉਸ ਦੀ ਸਾਲਾਨਾ ਕਮਾਈ 140,000 ਡਾਲਰ ਸੀ। ਉਸ ਦੀ ਪਤਨੀ ਹਾਊਸਵਾਈਫ ਸੀ।