ਕੈਲੀ ਨਾਈਟ ਕ੍ਰਾਫਟ ਨੂੰ ਥਾਪਿਆ ਗਿਆ ਕੈਨੇਡਾ ਵਿੱਚ ਅਮਰੀਕਾ ਦਾ ਸਫੀਰ

1
ਵਾਸਿ਼ੰਗਟਨ, 3 ਅਗਸਤ (ਪੋਸਟ ਬਿਊਰੋ) : ਅਮਰੀਕਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਡੌਨਲਡ ਟਰੰਪ ਦਾ ਸਫੀਰ ਜਲਦ ਹੀ ਕੈਨੇਡਾ ਪਹੁੰਚ ਰਿਹਾ ਹੈ। ਅਮਰੀਕਾ ਨੇ ਬੜੀ ਕਾਹਲੀ ਨਾਲ ਕੈਲੀ ਨਾਈਟ ਕ੍ਰਾਫਟ ਦੇ ਨਾਂ ਦੀ ਪੁਸ਼ਟੀ ਇਸ ਅਹੁਦੇ ਲਈ ਕੀਤੀ ਹੈ। ਵਪਾਰ ਸਬੰਧੀ ਵੱਡੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰੀਕਾ ਨੇ ਕੈਲੀ ਨੂੰ ਇਸ ਅਹੁਦੇ ਲਈ ਚੁਣ ਲਿਆ ਹੈ।
ਇਸ ਸਬੰਧੀ ਵੀਰਵਾਰ ਨੂੰ ਸੈਨੇਟ ਦੇ ਰਿਪਬਲਿਕਨ ਆਗੂ ਮਿੱਚ ਮੈਕੌਨਲ ਵੱਲੋਂ ਐਲਾਨ ਕੀਤਾ ਗਿਆ ਹੈ। ਉਨ੍ਹਾਂ ਆਪਣੇ ਹੀ ਇਲਾਕੇ ਕੈਨਟਕੀ ਨਾਲ ਸਬੰਧ ਰੱਖਣ ਵਾਲੀ ਕੈਲੀ ਦੀ ਚੋਣ ਕੀਤੇ ਜਾਣ ਉੱਤੇ ਉਨ੍ਹਾਂ ਨੂੰ ਵਧਾਈ ਦਿੱਤੀ। ਕੈਲੀ ਨੂੰ ਉਹ ਆਪਣੇ ਹੋਮ ਸਟੇਟ ਤੋਂ ਹੀ ਸਿਆਸੀ ਪਿੜ ਵਿੱਚ ਸਰਗਰਮੀ ਕਾਰਨ ਜਾਣਦੇ ਹਨ। ਦੋ ਹਫਤੇ ਪਹਿਲਾਂ ਕਾਂਗਰਸ ਦੀ ਸੁਣਵਾਈ ਦੌਰਾਨ ਉਹ ਜਨਤਕ ਤੌਰ ਉੱਤੇ ਵੀ ਕੈਲੀ ਦੀ ਤਾਰੀਫ ਕਰ ਚੁੱਕੇ ਹਨ।
ਦੋ ਹਫਤਿਆਂ ਵਿੱਚ ਹੀ ਕੈਲੀ ਦੇ ਨਾਂ ਉੱਤੇ ਮੋਹਰ ਲਾਉਣ ਵਾਲੀ ਸੈਨੇਟ ਨੇ ਬਰਾਕ ਓਬਾਮਾ ਦੇ ਸਮੇਂ ਉਨ੍ਹਾਂ ਵੱਲੋਂ ਸਫੀਰ ਦੇ ਅਹੁਦੇ ਲਈ ਚੁਣੇ ਗਏ ਬਰੂਸ ਹੇਅਮੈਨ ਉੱਤੇ ਮਨਜੂ਼ਰੀ ਦੇਣ ਤੋਂ ਪਹਿਲਾਂ ਕਈ ਮਹੀਨਿਆਂ ਦੀ ਪ੍ਰਕਿਰਿਆ ਨੂੰ ਸਿਲਸਿਲੇਵਾਰ ਹੌਲੀ ਹੌਲੀ ਪੂਰਾ ਕੀਤਾ ਸੀ। ਕੈਲੀ ਦੀ ਸੁਣਵਾਈ ਦੌਰਾਨ ਉਸ ਨੂੰ ਬਾਸਕਿਟਬਾਲ ਬਾਰੇ ਦੋ ਸਵਾਲ ਕੀਤੇ ਗਏ ਤੇ ਬਾਕੀ ਸਵਾਲ ਅਮਰੀਕੀ ਚੋਣਾਂ ਦੌਰਾਨ ਰੂਸ ਦੀ ਦਖਲਅੰਦਾਜ਼ੀ ਤੇ ਨਾਟੋ ਨਾਲ ਸਬੰਧਤ ਸਨ। ਕੈਲੀ ਨੇ ਆਖਿਆ ਕਿ ਉਸ ਦਾ ਮੰਨਣਾ ਹੈ ਕਿ ਰੂਸ ਨੇ ਅਮਰੀਕੀ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ।
ਕੈਲੀ ਨੂੰ ਕੈਨੇਡਾ ਵਿੱਚ ਅਮਰੀਕੀ ਬਰਾਮਦ ਵਧਾਉਣ ਬਾਰੇ ਸਵਾਲ ਵੀ ਕੀਤੇ ਗਏ ਤੇ ਨਾਲ ਹੀ ਸਾਫਟਵੁੱਡ ਲੰਬਰ, ਡੇਅਰੀ ਤੇ ਪੋਲਟਰੀ ਵਰਗੇ ਮੁੱਖ ਖੇਤਰਾਂ ਬਾਰੇ ਵੀ ਕੁੱਝ ਗੱਲਾਂ ਪੁੱਛੀਆਂ ਗਈਆਂ। ਇਸ ਨਿਯੁਕਤੀ ਤੋਂ ਬਾਅਦ ਕੈਲੀ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਵਿੱਚ ਆ ਚੁੱਕੇ ਨਾਜੁ਼ਕ ਮੋੜ ਦੌਰਾਨ ਕੰਮ ਕਰੇਗੀ। ਕੈਨੇਡਾ, ਅਮਰੀਕਾ ਤੇ ਮੈਕਸਿਕੋ ਦਰਮਿਆਨ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਬਾਰੇ 16 ਅਗਸਤ ਤੋਂ ਗੱਲਬਾਤ ਸ਼ੁਰੂ ਹੋਵੇਗੀ।
ਵੀਰਵਾਰ ਨੂੰ ਇਸ ਖਬਰ ਦਾ ਪਤਾ ਲੱਗਦਿਆਂ ਸਾਰ ਵਾਸਿ਼ੰਗਟਨ ਵਿੱਚ ਕੈਨੇਡਾ ਦੇ ਸਫੀਰ ਡੇਵਿਡ ਮੈਕਨਾਟਨ ਨੇ ਟਵੀਟ ਕਰਕੇ ਕੈਲੀ ਨੂੰ ਵਧਾਈ ਦਿੱਤੀ।